ਪ੍ਰਤੀਨਿੱਧ ਸਦਨ ਵਿਚ ਬਿਨਾਂ ਮਾਸਕ ਪਾਏ ਜਾ ਸਕਣਗੇ ਸੰਸਦ ਮੈਂਬਰ
ਮੁਕੰਮਲ ਟੀਕਾਕਰਣ ਕਰਾ ਚੁੱਕੇ ਸੰਸਦ ਮੈਂਬਰਾਂ ਤੇ ਸਟਾਫ ਉਪਰ ਲਾਈ ਪਾਬੰਦੀ ਹਟਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜਆ ਬੰਗਾ)- ਪ੍ਰਤੀਨਿੱਧ ਸਦਨ ਨੇ ਮੁਕੰਮਲ ਟੀਕਾਕਰਣ ਕਰਵਾ ਚੁੱਕੇ ਸੰਸਦ ਮੈਂਬਰਾਂ ਤੇ ਸਟਾਫ ਨੂੰ ਬਿਨਾਂ ਮਾਸਕ ਪਹਿਣੇ ਸੰਸਦ ਤੇ ਕਮੇਟੀਆਂ ਵਿਚ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਦਨ ਦੇ ਡਾਕਟਰ ਨੇ ਲੰਘੇ ਦਿਨ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਮੁਕੰਮਲ ਟੀਕਾਕਰਣ ਕਰਵਾ ਚੁੱਕੇ ਵਿਅਕਤੀ ਬਿਨਾਂ ਮਾਸਕ ਆ ਜਾ ਸਕਦੇ ਹਨ ਤੇ ਇਹ ਵਿਅਕਤੀ ਸੈਂਟਰ ਫਾਰ ਡਸੀਜ਼ ਕੰਟਰੋਲ ( ਸੀ ਡੀ ਸੀ ) ਵੱਲੋਂ 31 ਮਈ,2021 ਨੂੰ ਜਾਰੀ ਹਦਾਇਤਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਦੀ ਪਾਲਣਾ ਕਰਨਗੇ। ਸੈਨੇਟ ਵਿਚ ਵੀ ਮਾਸਕ ਪਹਿਣਨਾ ਜਰੂਰੀ ਨਹੀਂ ਹੈ ਹਾਲਾਂ ਕਿ ਕਈ ਸੈਨੇਟਰ ਆਪਣੇ ਦਫਤਰਾਂ ਤੋਂ ਬਾਹਰ ਨਿਕਲਣ ਸਮੇ ਮਾਸਕ ਪਾਉਂਦੇ ਹਨ। ਇਥੇ ਜਿਕਰਯੋਗ ਹੈ ਕਿ ਬਹੁਤ ਸਾਰੇ ਰਿਪਬਲੀਕਨ ਮੈਂਬਰਾਂ ਨੇ ਟੀਕਾਕਰਣ ਕਰਵਾਉਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਇਨਾਂ ਵਿਚ ਬਹੁਤ ਸਾਰੇ ਅਜਿਹੇ ਵੀ ਹਨ ਜੋ ਮਾਸਕ ਨਾ ਪਹਿਣਨ ਕਾਰਨ ਜੁਰਮਾਨਾ ਭਰ ਚੁੱਕੇ ਹਨ। ਸੀ ਡੀ ਸੀ ਵੱਲੋਂ ਪਿਛਲੀ ਮਹੀਨੇ ਜਾਰੀ ਹਦਾਇਤਾਂ ਵਿਚ ਪਹਿਲਾਂ ਹੀ ਪੂਰੀ ਤਰਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ਉਪਰ ਮਾਸਕ ਪਹਿਣਨ ਦੀ ਪਾਬੰਦੀ ਹਟਾ ਲਈ ਗਈ ਸੀ ਤੇ ਅਜਿਹੇ ਲੋਕਾਂ ਨੂੰ ਚਾਰਦਿਵਾਰੀ ਅੰਦਰ ਹੁੰਦੇ ਸਮਾਗਮਾਂ ਵਿਚ ਵੀ ਬਿਨਾਂ ਮਾਸਕ ਜਾਣ ਦੀ ਖੁਲ ਦਿੱਤੀ ਗਈ ਹੈ। ਕੇਵਲ ਹਵਾਈ ਜਹਾਜ਼ਾਂ, ਬੱਸਾਂ ਜਾਂ ਸਿਹਤ ਸੰਭਾਲ ਕੇਂਦਰਾਂ , ਹਸਪਤਾਲਾਂ ਤੇ ਹੋਰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਣਨ ਲਈ ਕਿਹਾ ਗਿਆ ਹੈ। ਨਿੱਜੀ ਸੰਸਥਾਵਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਮਾਸਕ ਪਹਿਣਨ ਜਾਂ ਨਾ ਪਹਿਣਨ ਬਾਰੇ ਨਿਰਨਾ ਲੈਣ ਲਈ ਆਜ਼ਾਦ ਹਨ।
Comments (0)