ਅਮਰੀਕਾ ਵਿਚ ਆਏ ਜਬਰਦਸਤ ਤੂਫ਼ਾਨ ਕਾਰਨ ਹਜਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ

ਅਮਰੀਕਾ ਵਿਚ ਆਏ ਜਬਰਦਸਤ ਤੂਫ਼ਾਨ ਕਾਰਨ ਹਜਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ

  * ਦਰੱਖਤ ਡਿੱਗਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਐਟਲਾਂਟਾ ਖੇਤਰ ਵਿਚ ਵਿਗੜੇ ਮੌਸਮ ਦੇ ਨਾਲ ਆਏ ਜਬਰਦਸਤ ਤੂਫ਼ਾਨ ਕਾਰਨ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਵਾਲੇ ਹਾਲਾਤ ਵਿਚੋਂ ਗੁਜਰਨਾ ਪੈ ਰਿਹਾ ਹੈ। ਟੈਕਸਸ, ਜਾਰਜੀਆ ਤੇ ਫਲੋਰੀਡਾ ਵਿਚ ਹਜਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਘੱਟੋ ਘੱਟ 37000 ਘਰਾਂ ਵਿਚ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਜਾਰਜੀਆ ਵਿਚ ਦਰੱਖਤ ਡਿੱਗਣ ਕਾਰਨ ਬਿਜਲੀ ਦੀ ਤਾਰ ਕਾਰ ਉਪਰ ਡਿੱਗ ਪੈਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਟਲਾਂਟਾ ਦੇ ਸਮੁੱਚੇ ਖੇਤਰ ਵਿਚ ਦੱਰਖਤ ਡਿੱਗਣ ਦੀਆਂ ਰਿਪੋਰਟਾਂ ਹਨ ਜਿਸ ਕਾਰਨ ਆਵਾਜਾਈ ਵਿਚ ਵਿਘਨ ਪਿਆ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਮੌਸਮ ਵਿਭਾਗ ਅਨੁਸਾਰ 75 ਮੀਲ ਪ੍ਰਤੀ ਘੰਟਾ ਤੋਂ ਵੀ ਤੇਜ ਚਲੀਆਂ ਹਵਾਵਾਂ, ਗੜੇਮਾਰੀ ਤੇ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਤੇ ਹੋਰ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਮੌਸਮ ਬਾਰੇ ਭਵਿੱਖਬਾਣੀ ਕੇਂਦਰ ਨੇ ਚਿਤਾਵਨੀ ਦਿੱਤੀ ਹੈ ਕਿ ਦੱਖਣ ਪੂਰਬ ਦੇ ਸਮੁੱਚੇ ਖੇਤਰ ਵਿਚ ਤੇਜ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਲੁਇਸਆਨਾ, ਮਿਸੀਸਿਪੀ ਤੇ ਟੈਨੇਸੀ ਰਾਜਾਂ ਵਿਚ ਵਧੇਰੇ ਖਤਰਾ ਹੈ। ਮਿਸੀਸਿਪੀ ਦੇ ਮੱਧ ਤੇ ਹੇਠਲੀ ਓਹੀਓ ਵਾਦੀ ਵਿਚ ਵੱਡੇ ਪੱਧਰ ਉਪਰ ਗੜੇਮਾਰੀ ਤੇ ਹੜ ਦੀ ਚਿਤਾਵਨੀ ਦਿੱਤੀ ਗਈ ਹੈ।