ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਭਰਮਾਰ
ਹਰਿਆਣਾ ਤੇ ਚੰਡੀਗੜ੍ਹ ਨੂੰ ਹਾਈ ਕੋਰਟ ਨੇ ਪਾਣੀ ਦੇ ਨਮੂਨੇ ਲੈ ਕੇ ਨਵੇਂ ਸਿਰੇ ਤੋਂ ਜਾਂਚ ਦੇ ਦਿੱਤੇ ਹੁਕਮ
*ਹਰਿਆਣਾ ਤੇ ਪੰਜਾਬ ਸਰਕਾਰ ਤੋਂ ਮੰਗਿਆ ਜੁਆਬ
*ਕਈ ਕਿਸਮ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਹਨ ਲੋਕ
ਮਾਲਵਾ ਖੇਤਰ ਦੇ ਪਾਣੀਆਂ ਵਿੱਚ ਯੂਰੇਨੀਅਮ ਦੀ ਮੌਜੂਦਗੀ ਅਤੇ ਇਸ ਕਾਰਨ ਫੈਲਣ ਵਾਲੇ ਕੈਂਸਰ ਵਿਰੁੱਧ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਨੋਟਿਸ ਜਾਰੀ ਕਰਦਿਆਂ ਹਰਿਆਣਾ ਅਤੇ ਚੰਡੀਗੜ੍ਹ ਨੂੰ ਵੀ ਇਸ ਮਾਮਲੇ ਵਿੱਚ ਧਿਰ ਬਣਾ ਕੇ ਜਵਾਬ ਮੰਗਿਆ ਹੈ।
ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਧਰਤੀ ਹੇਠਲਾ ਪਾਣੀ ਖਰਾਬ ਹੈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਹਰਿਆਣਾ ਅਤੇ ਪੰਜਾਬ ਤੋਂ ਜੁਆਬ ਮੰਗਿਆ ਹੈ ਅਤੇ ਉਨ੍ਹਾਂ ਨੂੰ 21 ਨਵੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਮਾਲਵੇ ਅਤੇ ਖਾਸ ਕਰਕੇ ਬਠਿੰਡਾ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਤੇ ਕੈਂਸਰ ਦੇ ਵੱਧ ਰਹੇ ਕੇਸ ਬਾਰੇ 14 ਸਾਲਾਂ ਤੋਂ ਲਟਕ ਰਹੀ ਇੱਕ ਪਟੀਸ਼ਨ 'ਤੇ ਸਾਵਧਾਨੀ ਦੇ ਤੌਰ 'ਤੇ ਮੁੱਖ ਸਕੱਤਰ ਨੂੰ ਪੂਰੇ ਸੂਬੇ ਦੇ ਧਰਤੀ ਹੇਠਲੇ ਪਾਣੀ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ।
ਸਾਲ 2010 ਵਿੱਚ ਮੁਹਾਲੀ ਵਾਸੀ ਬ੍ਰਿਜੇਂਦਰ ਸਿੰਘ ਲੂੰਬਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਲਵਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਅਤੇ ਇਸ ਕਾਰਨ ਕੈਂਸਰ ਦੇ ਵੱਧ ਰਹੇ ਕੇਸਾਂ ਦਾ ਮੁੱਦਾ ਉਠਾਇਆ ਸੀ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਸਰਕਾਰ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕੰਮ ਨਹੀਂ ਕਰ ਰਹੀ। ਹਾਈ ਕੋਰਟ ਦੇ ਹੁਕਮਾਂ ’ਤੇ ਭਾਭਾ ਪਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.) ਨੇ ਮਾਲਵਾ ਖੇਤਰ ਦੇ ਪਾਣੀ ਵਿੱਚ ਯੂਰੇਨੀਅਮ ਦੀ ਪਰਖ ਕਰਨ ਲਈ ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮਾਨਸਾ ਵਿੱਚ 1500 ਪਾਣੀ ਦੇ ਨਮੂਨੇ ਲਏ ਹਨ।
ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਮੁਤਾਬਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 60 ਪੀਪੀਬੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਬਠਿੰਡਾ ਜ਼ਿਲ੍ਹੇ ਦੇ ਪਾਣੀ ਵਿੱਚ ਇਹ ਮਾਤਰਾ 10 ਗੁਣਾ 684 ਪੀ.ਪੀ.ਬੀ. ਅਜਿਹੀ ਸਥਿਤੀ ਵਿੱਚ ਇਹ ਪਾਣੀ ਪੀਣ ਯੋਗ ਨਹੀਂ ਮੰਨਿਆ ਜਾਂਦਾ ਸੀ। ਉਦੋਂ ਤੋਂ ਹੀ ਹਾਈਕੋਰਟ ਵਿੱਚ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਹੋ ਰਹੀ ਸੀ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ।
ਇਸ ਮਾਮਲੇ ਵਿੱਚ ਅਦਾਲਤ ਦੀ ਸਹਾਇਤਾ ਕਰ ਰਹੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਖੋਸਲਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਸਮੱਸਿਆ ਦੀ ਜਾਂਚ ਸਿਰਫ਼ ਮਾਲਵੇ ਤੱਕ ਹੀ ਸੀਮਤ ਰਹੀ ਹੈ। ਬਾਕੀ ਦੋ ਖੇਤਰਾਂ ਵਿੱਚ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਧਰਤੀ ਹੇਠਲਾ ਪਾਣੀ ਇੱਕ ਸਮੱਸਿਆ ਹੈ ਪਰ ਸਾਨੂੰ ਹੱਲ ਜਾਂ ਬਦਲ ਬਾਰੇ ਸੋਚਣਾ ਚਾਹੀਦਾ ਹੈ। ਦਰਿਆਵਾਂ ਅਤੇ ਝੀਲਾਂ ਵਿੱਚ ਮੌਜੂਦ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।ਬਠਿੰਡਾ ਛਾਉਣੀ ਵਿੱਚ ਵੀ ਭਾਖੜਾ ਤੋਂ ਹੀ ਪਾਣੀ ਦੀ ਸਪਲਾਈ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਦਰਿਆਵਾਂ ਅਤੇ ਝੀਲਾਂ ਤੋਂ ਹੋਰ ਥਾਵਾਂ 'ਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਵਿਕਲਪ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਬਿਮਾਰੀਆਂ ਵਿਚ ਘਿਰੇ ਪੰਜਾਬੀ
ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਦੋਂ ਕਿ ਫ਼ਸਲਾਂ ਲਈ ਵੀ ਇਹ ਪਾਣੀ ਚੰਗਾ ਨਹੀ ਹੈ। ਧਰਤੀ ਹੇਠਲੇ ਪਾਣੀ ਵਿਚ ਸਿਹਤ ਲਈ ਖ਼ਤਰਨਾਕ ਕਈ ਕਿਸਮ ਦੇ ਤੱਤਾਂ ਦੀ ਬਹੁਤਾਤ ਪਾਈ ਜਾ ਰਹੀ ਹੈ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ ਹੈ। ਮਾਲਵਾ ਖੇਤਰ ਦੀ ਵੱਡੀ ਗਿਣਤੀ ਵਸੋਂ ਅਜੇ ਵੀ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹੈ। ਇਸ ਦਾ ਹੀ ਨਤੀਜਾ ਹੈ ਕਿ ਮਾਲਵੇ ਦੇ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਰਹੇ ਹਨ। ਪਰ ਪੰਜਾਬ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜ਼ਹਿਰ ਬਣਦੇ ਜਾ ਰਹੇ ਧਰਤੀ ਹੇਠਲੇ ਪਾਣੀ ਜਿਹੇ ਗੰਭੀਰ ਮੁੱਦਿਆਂ ’ਤੇ ਵੀ ਚੋਣਾਂ ਸਮੇਂ ਕੋਈ ਬਹੁਤੀ ਚਰਚਾ ਨਹੀਂ ਹੁੰਦੀ। ਭਾਵੇਂ ਮਾਲਵਾ ਖੇਤਰ ’ਚ ਲੋਕਾਂ ਨੇ ਪਾਣੀ ਸ਼ੁੱਧ ਕਰਨ ਲਈ ਘਰਾਂ ਵਿਚ ਆਰਓ ਲਗਾਏ ਹਨ ਪਰ ਯੂਰੇਨੀਅਮ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਰਓ ਪਾਣੀ ’ਚੋਂ ਯੂਰੇਨੀਅਮ ਨੂੰ ਸਾਫ਼ ਨਹੀਂ ਕਰ ਸਕਦਾ। ਅਸ਼ੁੱਧ ਪਾਣੀ ਦਾ ਹੀ ਸਿੱਟਾ ਹੈ ਕਿ ਮਾਲਵਾ ਦੇ ਲੋਕਾਂ ਨੂੰ ਗੰਭੀਰ ਰੋਗਾਂ ਨੇ ਘੇਰਿਆ ਹੋਇਆ ਹੈ। ਭਾਵੇਂ ਪਾਣੀ ਵਿਚ ਯੂਰੇਨੀਅਮ ਦੇ ਮਾਮਲੇ ਕਈ ਵਾਰ ਜਾਂਚ ਹੋ ਚੁੱਕੀ ਹੈ ਜਿਸ ਦੀ ਰਿਪੋਰਟ ਵੀ ਅਲੱਗ-ਅਲੱਗ ਹੈ। ਸਰਕਾਰ ਵੱਲੋਂ ਯੂਰੇਨੀਅਮ ਦੇ ਸਰੋਤ ਦੀ ਜਾਂਚ ਲਈ ਬਣਾਇਆ ਕੋਰ ਗੁਰੁੱਪ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਵਿਚ ਆਈ ਯੂਰੇਨੀਅਮ ਦੀ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਮਾਤਰਾ ਦੀ ਪੁਸ਼ਟੀ ਕਰ ਚੁੱਕਾ ਹੈ।
ਗਰਾੳਊਂਡ ਵਾਟਰ ਸੈੱਲ ਤੋਂ ਸੇਵਾਮੁਕਤ ਅਧਿਕਾਰੀ ਡਾ. ਬੀਐੱਸ ਬਰਾੜ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ, ਫ਼ਰੀਦਕੋਟ ਤੇ ਜਰਮਨੀ ਦੀ ਮਾਈਕ੍ਰੋਟਰੇਸ ਮਿਨਰਲ ਲੈਬ ਨੇ 149 ਮੰਦਬੁੱਧੀ ਬੱਚਿਆਂ ਦੀ ਜਾਂਚ ਕੀਤੀ ਸੀ ਜਿਨ੍ਹਾਂ ਵਿਚ 82 ਤੋਂ 87 ਫ਼ੀਸਦੀ ਬੱਚਿਆਂ ਦੇ ਸਰੀਰ ਵਿਚ ਯੂਰੇਨੀਅਮ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਪਾਈ ਗਈ ਸੀ।
ਬਹੁਤੇ ਬੱਚੇ ਗੰਭੀਰ ਬਿਮਾਰੀਆਂ ਤੋਂ ਪੀੜਤ
ਵਿਸ਼ਵ ਸਿਹਤ ਸੰਗਠਨ ਨੇ 2004 ’ਚ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 15 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੇ ਇੰਟਰਨੈਸ਼ਨਲ ਕਮਿਸ਼ਨ ਆਫ ਰੇਡੀਓਲਾਜਿਕਲ ਪ੍ਰੋਟੈਕਸ਼ਨ (1979) ਨੇ 1.9 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਨੂੰ ਸੁਰੱਖਿਅਤ ਮੰਨਿਆ ਹੈ ਪਰ ਬਠਿੰਡਾ ਦੇ 22 ਪਿੰਡਾਂ ਦੇ ਪਾਣੀ ਵਿਚ ਯੂਰੇਨੀਅਮ (ਮਾਈਕ੍ਰੋਗ੍ਰਾਮ ਪ੍ਰਤੀ ਲੀਟਰ) ਦੀ ਮਾਤਰਾ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ। ਜੱਜਲ, ਗਿਆਨਾ, ਮਲਕਾਨਾ ’ਚ ਸਭ ਤੋਂ ਜ਼ਿਆਦਾ ਯੂਰੇਨੀਅਮ ਦੀ ਮਾਤਰਾ ਮਿਲੀ ਹੈ। ਇਨ੍ਹਾਂ ਪਿੰਡਾਂ ਵਿਚ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਹੈ। ਇਸ ਖੇਤਰ ਦੇ ਪਿੰਡ ਸ਼ੇਖਪੁਰਾ ’ਚ ਬਹੁਤੇ ਬੱਚੇ ਅਜੀਬ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਪਿੰਡ ਜੱਜਲ ਤਾਂ ਕੈਂਸਰ ਕਾਰਨ ਦੁਨੀਆਂ ਵਿਚ ਜਾਣਿਆ ਜਾਣ ਲੱਗਾ ਹੈ।
ਖਾਣ-ਪੀਣ ਵਾਲੀਆਂ ਵਸਤਾਂ ਵਿਚ ਵੀ ਯੂਰੇਨੀਅਮ ਜ਼ਿਆਦਾ
ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਨੇ ਬਠਿੰਡਾ ਜ਼ਿਲ੍ਹੇ ਦੇ ਚਾਰ ਪਿੰਡਾਂ ਕਰਮਗੜ੍ਹ ਸੱਤਰਾਂ, ਢਿੱਲਵਾਂ, ਗਿਆਨਾ ਤੇ ਘੁੱਦਾ ਦੇ ਪਾਣੀ ਵਿਚ ਯੂਰੇਨੀਅਮ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਵੀ ਤੈਅ ਮਾਤਰਾ ਤੋਂ ਪੰਜ ਗੁਣਾ ਵੱਧ ਯੂਰੇਨੀਅਮ ਵਾਲਾ ਪਾਣੀ ਰਾਹੀ ਪੀ ਰਹੇ ਹਨ। ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਦੁੱਧ, ਦਾਲਾਂ ਤੇ ਸਬਜ਼ੀਆਂ ਵਿਚ ਵੀ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। 2010 ਵਿਚ ਬੁੱਢੇ ਨਾਲੇ ਵਿਚੋਂ ਲਏ ਗਏ ਪਾਣੀ ਦੇ ਨਮੂਨਿਆਂ ਵਿਚ ਭਾਰੀ ਧਾਤਾਂ ਅਤੇ ਯੂਰੇਨੀਅਮ ਵੱਡੀ ਮਾਤਰਾ ਵਿਚ ਪਾਏ ਗਏ। ਇਨ੍ਹਾਂ ਤੋਂ ਇਲਾਵਾ ਅਮੋਨੀਆ, ਫਾਸਫੇਟ, ਕਲੋਰਾਈਡ, ਕਰੋਮੀਅਮ, ਆਰਸੈਨਿਕ ਅਤੇ ਕੀਟਨਾਸ਼ਕ ਵੀ ਇਨ੍ਹਾਂ ਨਮੂਨਿਆਂ ਵਿਚੋਂ ਮਿਲੇ ਸਨ। ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਪਿੰਡ ਗਿਆਨਾ ’ਚ ਪ੍ਰਤੀ ਦਿਨ ਯੂਰੇਨੀਅਮ ਦਾ ਸੇਵਨ (ਬਿਨ੍ਹਾਂ ਪਾਣੀ ਦੇ) 41.09 ਮਾਈਕ੍ਰੋਗ੍ਰਾਮ ਤੱਕ ਪਹੁੰਚ ਚੁੱਕਿਆ ਹੈ, ਜਦੋਂਕਿ ਪਾਣੀ ਦੇ ਨਾਲ ਇਹ ਮਾਤਰਾ 138.41 ਮਾਈਕ੍ਰੋਗ੍ਰਾਮ ਪ੍ਰਤੀ ਦਿਨ ਹੈ।ਪਰ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਬਾਰੇ ਲੁਧਿਆਣੇ ਦੀ ਇੰਡਸਟਰੀ ਉਪਰ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਪਾਣੀ ਪ੍ਰਦੂਸ਼ਿਤ ਕਰਨ ਦੇ ਜ਼ਿੰਮੇਵਾਰ ਹਨ।
ਕਿੱਥੋਂ ਆਇਆ ਯੂਰੇਨੀਅਮ, ਹੋ ਰਹੀ ਹੈ ਜਾਂਚ
ਭਾਰਤ ਵਿਚ ਨਾ ਕਦੇ ਯੂਰੇਨੀਅਮ ਦਾ ਉਪਯੋਗ ਹੋਇਆ ਤੇ ਨਾ ਹੀ ਕੋਈ ਐਟਮੀ ਪਲਾਂਟ ਹੈ। ਸਟੱਡੀ ਵਿਚ ਯੂਰੇਨੀਅਮ ਪਾਏ ਜਾਣ ਦਾ ਮੁੱਖ ਕਾਰਨ ਇਰਾਕ, ਈਰਾਨ ਤੇ ਅਫਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਕੀਤੇ ਹਮਲੇ ਵਿਚ ਵਰਤੀ ਗਈ ਡੈਪਲੀਟਡ ਯੂਰੇਨੀਅਮ ਨੂੰ ਠਹਿਰਾਇਆ ਗਿਆ, ਜੋ ਇਕ ਹਜ਼ਾਰ ਕਿਲੋਮੀਟਰ ਤਕ ਬੁਰਾ ਪ੍ਰਭਾਵ ਪਾਉਂਦੀ ਹੈ। ਖੇਤੀ ਮਾਹਰ ਡਾ. ਬਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਈਰਾਨ ਤੋਂ ਪੰਜਾਬ ਦੀ ਦੂਰੀ 932 ਕਿਲੋਮੀਟਰ, ਅਫ਼ਗਾਨਿਸਤਾਨ ਤੋਂ 332 ਕਿਲੋਮੀਟਰ ਹੈ। ਇਸ ਲਈ ਪੰਜਾਬ, ਹਰਿਆਣਾ, ਦਿੱਲੀ ਤੇ ਜੰਮੂ -ਕਸ਼ਮੀਰ ਇਸ ਦੇ ਬੁਰੇ ਪ੍ਰਭਾਵ ਦੇ ਦਾਇਰੇ ਵਿਚ ਆ ਗਏ ਜਦਕਿ ਜੀਐੱਨਯੂ ਨੇ ਮਾਲਵਾ ਦੇ ਪਾਣੀ ਵਿਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਦਾ ਕਾਰਨ ਗੁਆਂਢੀ ਸੂਬੇ ਹਰਿਆਣਾ ਦੇ ਭਵਾਨੀ ਜ਼ਿਲ੍ਹੇ ਵਿਚ ਸਥਿਤ ਤੋਮਾਸ਼ ਦੀਆਂ ਪਹਾੜੀਆਂ ਨੂੰ ਦੱਸਿਆ ਹੈ। ਡੀਏਵੀ ਕਾਲਜ ਜਲੰਧਰ ਦੇ ਫਿਜ਼ਿਕਸ ਵਿਭਾਗ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਤੇ ਕੈਮਿਸਟਰੀ ਵਿਭਾਗ ਦੀ ਰਿਪੋਰਟ ਅਨੁਸਾਰ ਰਾਜਸਥਾਨ ਵਿਚ ਜਿਪਸਮ, ਲਾਈਸਟੋਨ ਤੇ ਫਾਸਫੇਟ ਦੀਆਂ ਚੱਟਾਨਾਂ ’ਚ ਯੂਰੇਨੀਅਮ ਦੀ ਮਾਤਰਾ 100 ਤੋਂ 140 ਪਾਰਟ ਪ੍ਰਤੀ ਬਿਲੀਅਨ ਮਿਲੀ ਹੈ। ਉੱਤਰ-ਪੱਛਮ ਰਾਜਸਥਾਨ ਵਿਚ ਪਾਣੀ ਦਾ ਪ੍ਰਵਾਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ ਤੇ ਫ਼ਰੀਦਕੋਟ ਵੱਲ ਹੈ। ਇਸ ਲਈ ਟੀਮ ਨੇ ਰਾਜਸਥਾਨ ’ਚ ਸਥਿਤ ਚੱਟਾਨਾਂ ਨੂੰ ਹੀ ਮਾਲਵਾ ਦੇ ਪਾਣੀ ਵਿਚ ਯੂਰੇਨੀਅਮ ਦਾ ਸ੍ਰੋਤ ਮੰਨਿਆ ਹੈ। ਇਸ ਤੋਂ ਇਲਾਵਾ ਮਾਲਵਾ ਖੇਤਰ ਵਿਚ ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਵਰਤੋਂ ਨੂੰ ਵੀ ਪਾਣੀ ਦੂਸ਼ਿਤ ਕਰਨ ਦਾ ਇਕ ਕਾਰਨ ਮੰਨਿਆ ਗਿਆ ਹੈ। ਹੁਣ ਤੱਕ ਹੋਈ ਜਾਂਚ ਵਿਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਲਵਾ ਖੇਤਰ ਦਾ ਪੀਣ ਵਾਲਾ ਪਾਣੀ ਐਨਾ ਕਿਸ ਤਰ੍ਹਾਂ ਦੂਸ਼ਿਤ ਹੋ ਗਿਆ ਹੈ।
Comments (0)