ਟਰੰਪ ਵੱਲੋਂ ਇਸਾਈ ਭਾਈਚਾਰੇ ਨੂੰ ਆਖਰੀ ਵਾਰ ਵੋਟ ਪਾਉਣ ਦੇ ਦਿੱਤੇ ਸੱਦੇ ਨੇ ਚੋਣ ਮੈਦਾਨ ਦਾ ਬਦਲਿਆ ਰੰਗ
2020 ਵਾਲੇ ਬਣੇ ਹਾਲਾਤ...
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਸਾਈ ਭਾਈਚਾਰੇ ਨੂੰ ਸੱਦਾ ਦਿੱਤਾ ਕਿ '' ਉਹ ਇਸ ਸਾਲ ਨਵੰਬਰ ਵਿਚ ਜੇਕਰ ਉਸ ਨੂੰ ਵੋਟ ਪਾਉਂਦੇ ਹਨ ਤੇ 4 ਸਾਲ ਲਈ ਸੱਤਾ ਸੌਂਪਦੇ ਹਨ ਤਾਂ ਫਿਰ ਦੁਬਾਰਾ ਉਨਾਂ ਨੂੰ ਵੋਟ ਪਾਉਣ ਦੀ ਲੋੜ ਨਹੀਂ ਪਵੇਗੀ। ਅਸੀਂ ਇਸ ਦਾ ਬਹੁਤ ਚੰਗੀ ਤਰਾਂ ਪ੍ਰਬੰਧ ਕਰਾਂਗੇ ਕਿ ਤੁਸੀਂ ਦੁਬਾਰਾ ਵੋਟ ਪਾਉਣ ਨਹੀਂ ਜਾਓਗੇ।'' ਟਰੰਪ ਕੰਜ਼ਰਵੇਟਿਵ ਗਰੁੰਪ ਟਰਨਿੰਗ ਪੋਆਂਇੰਟ ਐਕਸ਼ਨ ਦੁਆਰਾ ਵੈਸਟ ਪਾਲਮ ਬੀਚ, ਫਲੋਰਿਡਾ ਵਿਚ ਅਯੋਜਿਤ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਸਪੱਸ਼ਟ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਸੱਦੇ ਦਾ ਕੀ ਅਰਥ ਹੈ।? ਖਾਸ ਕਰ ਉਸ ਹਾਲਾਤ ਵਿਚ ਜਦੋਂ ਉਨਾਂ ਦੇ ਡੈਮੋਕਰੈਟਿਕ ਵਿਰੋਧੀ ਕਹਿ ਰਹੇ ਹਨ ਕਿ ਉਹ ਲੋਕਤੰਤਰ ਲਈ ਖਤਰਾ ਹਨ। 2020 ਵਿਚ ਰਾਸ਼ਟਰਪਤੀ ਜੋ ਬਾਈਡਨ ਕੋਲੋਂ ਚੋਣਾਂ ਹਾਰਨ ਤੋਂ ਬਾਅਦ ਟਰੰਪ ਵੱਲੋਂ ਨਤੀਜੇ ਉਲਟਾਉਣ ਦੀ ਕੀਤੀ ਗਈ ਹਮਲਾਵਰ ਕੋਸ਼ਿਸ਼ ਤੋਂ ਬਾਅਦ ਡੈਮੋਕਰੈਟਿਕ ਉਨਾਂ ਨੂੰ ਅਮਰੀਕਾ ਤੇ ਲੋਕਤੰਤਰ ਲਈ ਖਤਰਾ ਕਰਾਰ ਦੇ ਰਹੇ ਹਨ।
ਟਰੰਪ ਨੇ ਕਿਹਾ '' ਇਸਾਈਓ ਬਾਹਰ ਨਿਕਲੋ ਤੇ ਵੋਟ ਪਾਓ, ਕੇਵਲ ਇਸ ਵਾਰ, ਤੁਹਾਨੂੰ ਦੁਬਾਰਾ ਅਜਿਹਾ ਨਹੀਂ ਕਰਨਾ ਪਵੇਗਾ। ਚਾਰ ਸਾਲ ਹੋਰ, ਤੁਸੀਂ ਜਾਣਦੇ ਹੋ, ਇਹ ਪੱਕੇ ਕਰ ਲਏ ਜਾਣਗੇ, ਮੇਰੇ ਸੋਹਣੇ ਇਸਾਈਓ ਇਹ ਸ਼ਾਨਦਾਰ ਰਹੇਗਾ।'' ਟਰੰਪ ਨੇ ਹੋਰ ਕਿਹਾ ''ਇਸਾਈਓ ਮੈ ਤੁਹਾਨੂੰ ਪਿਆਰ ਕਰਦਾ ਹਾਂ, ਮੈ ਇਕ ਇਸਾਈ ਹਾਂ, ਬਾਹਰ ਨਿਕਲੋ ਤੇ ਵੋਟ ਪਾਓ।'' ਟਰੰਪ ਦੀ ਮੁੁਹਿੰਮ ਦੇ ਬੁਲਾਰੇ ਸਟੀਵਨ ਚੇਉਂਗ ਨੂੰ ਜਦੋਂ ਟਰੰਪ ਦੀਆਂ ਟਿਪਣੀਆਂ ਨੂੰ ਸਪੱਸ਼ਟ ਕਰਨ ਲਈ ਕਿਹਾ ਗਿਆ ਤਾਂ ਉਨਾਂ ਨੇ ਇਸ ਦਾ ਸਿੱਧਾ ਉੱਤਰ ਨਹੀਂ ਦਿੱਤਾ। ਉਨਾਂ ਕਿਹਾ '' ਟਰੰਪ ਇਸ ਦੇਸ਼ ਨੂੰ ਇਕਜੁੱਟ ਕਰਨ ਦੀ ਗੱਲ ਕਰ ਰਹੇ ਹਨ ਤੇ 2 ਹਫਤੇ ਪਹਿਲਾਂ ਟਰੰਪ ਦੀ ਜਾਨ ਲੈਣ ਦੀ ਕੀਤੀ ਗਈ ਕੋਸ਼ਿਸ਼ ਨੂੰ ਉਨਾਂ ਨੇ ''ਵੰਡਪਾਊ ਰਾਜਸੀ ਵਾਤਾਵਰਣ'' ਦਾ ਸਿੱਟਾ ਕਰਾਰ ਦਿੱਤਾ। ਇਥੇ ਜਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਸਾਲ ਦਸੰਬਰ ਵਿਚ ਫੌਕਸ ਨਿਊਜ਼ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਸੀ ਕਿ ''ਜੇਕਰ ਉਹ ਚੋਣ ਜਿੱਤ ਗਏ ਤਾਂ ਪਹਿਲੇ ਦਿਨ ਤੋਂ ਹੀ ਤਾਨਾਸ਼ਾਹ ਹੋਣਗੇ।'' ਇਸ ਸਾਲ ਮਈ ਵਿਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਵਜੋਂ ਦੋ ਵਾਰ ਕਾਰਜਕਾਲ ਤੋਂ ਵਧ ਵਾਰ ਕੰਮ ਕਰਨਗੇ ਜਦ ਕਿ ਅਮਰੀਕੀ ਸੰਵਿਧਾਨ ਅਨੁਸਾਰ ਕੋਈ ਵੀ ਵਿਅਕਤੀ ਕੇਵਲ ਦੋ ਵਾਰ ਹੀ ਰਾਸ਼ਟਰਪਤੀ ਬਣ ਸਕਦਾ ਹੈ। ਦਰਅਸਲ ਜੋ ਬਾਈਡਨ ਦੀ ਜਗਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਮੈਦਾਨ ਵਿਚ ਆਉਣ ਤੋਂ ਬਾਅਦ ਮੁਕਾਬਲਾ ਬਹੁਤ ਫਸਵਾਂ ਬਣ ਗਿਆ ਹੈ ਤੇ ਤਕਰੀਬਨ 2020 ਵਾਲੇ ਹਾਲਾਤ ਹੀ ਬਣਦੇ ਨਜਰ ਆ ਰਹੇ ਹਨ।
Comments (0)