ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਰੰਟ ਨਿੱਕਲੇ!

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਰੰਟ ਨਿੱਕਲੇ!

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਇਰਾਨ ਨੇ ਇੰਟਰਪੋਲ ਰਾਹੀਂ "ਰੈਡ ਨੋਟਿਸ" ਜਾਰੀ ਕੀਤਾ ਹੈ। ਇਰਾਨੀ ਨਿਆਪਾਲਿਕਾ ਦੇ ਬੁਲਾਰੇ ਗੁਲਾਮ ਹੁਸੈਨ ਇਸਮਾਇਲੀ ਨੇ ਪੱਤਰਕਾਰ ਮਿਲਣੀ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਰਾਨ ਵੱਲੋਂ ਕੌਮਾਂਤਰੀ ਪੁਲਿਸ ਸੰਸਥਾ "ਇੰਟਰਪੋਲ" ਨੂੰ ਟਰੰਪ ਅਤੇ 47 ਹੋਰ ਅਮਰੀਕੀ ਅਫਸਰਾਂ ਦੀ ਗ੍ਰਿਫਤਾਰੀ ਲਈ ਬੇਨਤੀ ਕੀਤੀ ਗਈ ਹੈ ਜੋ ਲੋਕ ਪਿਛਲੇ ਸਾਲ ਇਰਾਕ ਵਿਚ ਮਾਰੇ ਗਏ ਇਰਾਨੀ ਜਰਨੈਲ ਕਾਸਿਮ ਸੁਲੇਮਾਨੀ ਦੀ ਮੌਤ ਲਈ ਜ਼ਿੰਮੇਵਾਰ ਹਨ।

ਇਸਮਾਇਲੀ ਨੇ ਕਿਹਾ ਕਿ ਇਰਾਨ ਦੀ ਸਰਕਾਰ ਬੜੀ ਗੰਭੀਰਤਾ ਨਾਲ ਸੁਲੇਮਾਨੀ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਕੰਮ ਕਰ ਰਿਹਾ ਹੈ। 

ਦੱਸ ਦਈਏ ਕਿ ਇਰਾਨੀ ਫੌਜ ਦੇ ਪ੍ਰਮੁੱਖ ਜਰਨੈਲ ਸੁਲੇਮਾਨੀ ਦਾ 3 ਜਨਵਰੀ 2020 ਨੂੰ ਇਰਾਕ ਵਿਚ ਹੋਏ ਅਮਰੀਕੀ ਡਰੋਨ ਹਮਲੇ 'ਚ ਕਤਲ ਹੋ ਗਿਆ ਸੀ। ਸੰਯੁਕਤ ਰਾਸ਼ਟਰ ਦੇ ਸਪੈਸ਼ਲ ਰੈਪੋਰਟਿਉਰ ਐਗਨਜ਼ ਕਾਲਮਾਰਡ ਵੱਲੋਂ ਇਸ ਹਮਲੇ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦੱਸਿਆ ਗਿਆ ਸੀ। 

ਹਲਾਂਕਿ ਰੈਡ ਨੋਟਿਸ ਨੂੰ ਗ੍ਰਿਫਤਾਰੀ ਵਰੰਟ ਨਹੀਂ ਮੰਨਿਆ ਜਾਂਦਾ। ਇਸ ਤੋਂ ਪਹਿਲਾਂ ਵੀ ਇਰਾਨ ਟਰੰਪ ਅਤੇ ਹੋਰ ਅਮਰੀਕੀ ਅਫਸਰਾਂ ਖਿਲਾਫ ਰੈਡ ਨੋਟਿਸ ਜਾਰੀ ਕਰ ਚੁੱਕਾ ਹੈ ਪਰ ਇੰਟਰਪੋਲ ਨੇ ਉਸ ਰੈਡ ਨੋਟਿਸ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਸਬੰਧਿਤ ਮਾਮਲਾ ਉਹਨਾਂ ਦੇ ਸੰਵਿਧਾਨਕ ਘੇਰੇ ਤੋਂ ਬਾਹਰ ਦਾ ਹੈ।