ਸਾਬਕਾ ਜਥੇਦਾਰ  ਭਾਈ  ਕਾਉਂਕੇ  ਦੀ 25 ਸਾਲ ਬਾਅਦ  ਰਿਪੋਰਟ  ਆਈ ਸਾਹਮਣੇ

ਸਾਬਕਾ ਜਥੇਦਾਰ  ਭਾਈ  ਕਾਉਂਕੇ  ਦੀ 25 ਸਾਲ ਬਾਅਦ  ਰਿਪੋਰਟ  ਆਈ ਸਾਹਮਣੇ
ਸਾਬਕਾ ਜਥੇਦਾਰ  ਭਾਈ  ਕਾਉਂਕੇ 

ਮਾਮਲਾ ਝੂਠੇ ਪੁਲਿਸ ਮੁਕਾਬਲੇ ਦਾ

ਸਾਬਕਾ ਜਥੇਦਾਰ  ਭਾਈ  ਕਾਉਂਕੇ  ਦੀ 25 ਸਾਲ ਬਾਅਦ  ਰਿਪੋਰਟ  ਆਈ ਸਾਹਮਣੇ

*ਤਿਵਾੜੀ ਨੇ ਜੁਲਾਈ 1999 ਵਿੱਚ ਜਾਰੀ ਰਿਪੋਰਟ ਵਿਚ ਡੀਜੀਪੀ  ਗਿੱਲ ਸਮੇਤ ਕਈ ਅਫਸਰਾਂ ਉਪਰ ਸਵਾਲ ਚੁੱਕੇ 

  *ਬਾਦਲ ਸਰਕਾਰ ਨੇ  ਤਿਵਾੜੀ  ਰਿਪੋਟ ਨੂੰ ਦਬਾਇਆ

ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਕਿ ਸ੍ਰੋਮਣੀ ਕਮੇਟੀ ਭਾਈ ਕਾਉਂਕੇ ਸਬੰਧੀ ਤਿਵਾੜੀ ਰਿਪੋਰਟ ’ਤੇ ਕਾਰਵਾਈ ਕਰੇ 

1 ਜਨਵਰੀ 1993 ਵਿੱਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਰਹੇ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਬਾਰੇ ਰਿਪੋਰਟ 24 ਸਾਲ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ । 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਤਤਕਾਲੀ ਏਡੀਜੀਪੀ ਬੀਪੀ ਤਿਵਾੜੀ ਨੂੰ ਸੌਂਪੀ ਸੀ ਅਤੇ ਤਿੰਨ ਮਹੀਨੇ ਦੇ ਅੰਦਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ।  ਏਡੀਜੀਪੀ ਤਿਵਾੜੀ ਨੇ ਜੁਲਾਈ 1999 ਵਿੱਚ ਰਿਪੋਰਟ ਦੇ ਦਿੱਤੀ ਸੀ ਅਤੇ ਤਤਕਾਲੀ ਡੀਜੀਪੀ ਕੇ.ਪੀ ਐੱਸ ਗਿੱਲ ਸਮੇਤ ਕਈ ਅਫਸਰਾਂ ਤੇ ਗੰਭੀਰ ਸਵਾਲ ਚੁੱਕੇ ਸਨ ਪਰ ਇਸ ਦੇ ਬਾਵਜੂਦ ਤਤਕਾਲੀ ਬਾਦਲ ਸਰਕਾਰ ਨੇ ਇਸ ‘ਤੇ ਐਕਸ਼ਨ ਕੀ ਲੈਣਾ ਸੀ ਇਸ ਨੂੰ ਦਬਾ ਹੀ ਦਿੱਤਾ । ਪਰ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਸਰਬਜੀਤ ਸਿੰਘ ਵੇਰਕਾ ਦੀ ਕੋਸ਼ਿਸ਼ਾਂ ਦੇ ਨਾਲ ਸੀਨੀਅਰ ਵਕੀਲ ਹਿਊਮਨ ਰਾਇਟਸ ਰਾਜਵਿੰਦਰ ਸਿੰਘ ਬੈਂਸ ਨੇ ਇਸ ਨੂੰ ਸਾਹਮਣੇ ਲੈਕੇ ਆਏ ਹਨ । ਉਨ੍ਹਾਂ ਨੇ ਇਸ ਰਿਪੋਰਟ ਨੂੰ ਜਨਤਕ ਕਰਕੇ  ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ,,ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਇਹ ਰਿਪੋਰਟ ਭੇਜੀ ਹੈ ਅਤੇ ਮੰਗ ਕੀਤੀ ਹੈ ਕਿ ਉਹ ਘੱਟੋ-ਘੱਟ ਇਸ ‘ਤੇ ਹੁਣ ਤਾਂ ਐਕਸ਼ਨ ਲੈਣ ਤਾਂ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਮਿਲ ਸਕੇ ਅਤੇ ਭਵਿੱਖ ਵਿੱਚ ਕੋਈ ਵੀ ਇਹ ਜ਼ੁਰਅਤ ਨਾ ਕਰ ਸਕੇ ਕਿ ਸਿੱਖ ਕੌਮ ਦੇ ਜਥੇਦਾਰ ਸਾਹਿਬ ਨਾਲ ਕੋਈ ਅਪਰਾਧੀ ਜਾਂ ਫਿਰ ਟਾਰਚਰ ਵਰਗਾ ਸਲੂਕ ਨਾ ਕਰ ਸਕੇ। ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਵਿੰਦਰ ਸਿੰਘ ਨੇ ਕਿਹਾ ਇਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਂਗ ਮੁਹਿੰਮ ਬਣਾਉਣ ਦੀ ਜ਼ਰੂਰਤ ਹੈ  ।

ਬੀਪੀ ਤਿਵਾੜੀ ਦੀ ਰਿਪੋਰਟ ਵਿੱਚ ਕੀ ਹੋਇਆ ਖੁਲਾਸਾ

ਬੀਪੀ ਤਿਵਾੜੀ ਨੂੰ ਜਦੋਂ ਜਾਂਚ ਸੌਂਪੀ ਗਈ ਤਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਸੀ ਉਹ ਸੀ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਦਕਿ ਪਿੰਡ ਅਤੇ ਪਰਿਵਾਰ ਦਾ ਦਾਅਵਾ ਸੀ ਕਿ 25 ਦਸੰਬਰ 1992 ਨੂੰ ਜਦੋਂ ਉਹ ਪਿੰਡ ਕਾਉਂਕੇ ਦੇ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਕੇ ਨਿਕਲੇ ਸਨ ਤਾਂ ਉਨ੍ਹਾਂ ਨੂੰ ਗੁਰਮੀਤ ਸਿੰਘ ਇੰਸਪੈਕਟਰ,ਐਸਐਚਓ ਜਗਰਾਓ ਪਿੰਡ ਦੇ 200 ਲੋਕਾਂ ਦੀ ਮੌਜੂਦਗੀ ਵਿੱਚ ਆਪਣੇ ਨਾਲ ਲੈਕੇ ਗਏ । ਜਦੋਂ ਬੀਪੀ ਤਿਵਾੜੀ ਨੇ ਪਿੰਡ ਵਿੱਚ ਜਾਕੇ ਜਾਂਚ ਕੀਤੀ ਤਾਂ ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਨੇ ਇਹ ਹੀ ਦੱਸਿਆ ਕਿ ਮੇਰੇ ਦੋਵੇ ਪੁੱਤਰਾਂ ਰਾਮ ਸਿੰਘ ਅਤੇ ਹਰੀ ਸਿੰਘ ਦੀ ਹਾਜ਼ਰੀ ਵਿੱਚ ਮੇਰੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ । ਇਹ ਭਾਈ ਗੁਰਦੇਵ ਸਿੰਘ ਦੀ ਦੂਜੀ ਵਾਰ ਗ੍ਰਿਫਤਾਰੀ ਸੀ । ਦਰਅਸਲ 20 ਦਸੰਬਰ 1992 ਨੂੰ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਰ ਉਨ੍ਹਾਂ ਦੇ 7 ਦਿਨਾਂ ਦੋਹਤੇ ਦੀ ਮੌਤ ਤੋਂ ਬਾਅਦ ਪਿੰਡ ਵਾਲਿਆਂ ਦੇ ਕਹਿਣ ‘ਤੇ ਉਨ੍ਹਾਂ ਨੂੰ ਸਸਕਾਰ ਦੇ ਲਈ ਛੱਡ ਦਿੱਤਾ ਗਿਆ ਸੀ। ਪਤਨੀ ਨੇ ਗੁਰਮੇਲ ਕੌਰ ਨੇ ਦੱਸਿਆ ਸੀ ਕਿ ਜਦੋਂ 26 ਦਸੰਬਰ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਖਾਣਾ ਦੇਣ ਲਈ ਸੀਆਈਏ ਜਗਰਾਓ ਮਾਈ ਦੇ ਨਾਲ ਗਈ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ,ਮਾਈ ਭਾਈ ਸਾਹਿਬ ਨੂੰ ਖਾਣਾ ਦੇ ਕੇ ਆਈ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਕਾਫੀ ਮਾੜੀ ਹੈ। ਭਾਈ  ਕਾਉਂਕੇ ਦੀ ਗ੍ਰਿਫਤਾਰੀ ਦੀ ਤਸਦੀਕ ਪੰਜਾਬ ਪੁਲਿਸ ਦੇ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਮਨੁੱਖੀ ਅਧਿਕਾਰ ਜਥੇਬੰਦੀ ਦੇ ਸਾਹਮਣੇ ਕੀਤੀ ਸੀ । ਉਸ ਨੇ ਦੱਸਿਆ ਸੀ ਕਿ ਸੀਆਈਏ ਜਗਰਾਓ ਵਿੱਚ ਉਸ ਨੇ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਵੇਲੇ ਵੇਖਿਆ ਸੀ ਜਦੋਂ ਉਹ ਹਰ ਰੋਜ਼ ਵਾਂਗ  ਸੀਆਈਏ ਸਟਾਫ ਨੂੰ ਭੁੱਕੀ  ਦੇਣ ਲਈ ਆਉਂਦਾ ਸੀ । ਪਰ ਜਦੋਂ ਬੀਪੀ ਤਿਵਾੜੀ ਨੇ ਇਸ ਦੀ ਜਾਂਚ ਕੀਤੀ ਤਾਂ ਉਹ ਮੁਕਰ ਗਿਆ ਸੀ । ਉਸ ਦਾ ਬਿਆਨ ਇਸ ਲਈ ਵੀ ਖਾਰਜ ਹੋ ਗਿਆ ਕਿਉਂਕਿ ਮਨੁੱਖੀ ਅਧਿਕਾਰ ਜਥੇਬੰਦੀ ਅਤੇ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਬਿਆਨ ਮੇਲ ਨਹੀਂ ਖਾਂਦਾ ਸੀ ਅਤੇ ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। ਜਾਂਚ ਦੌਰਾਨ ਬੀਪੀ ਤਿਵਾੜੀ ਨੇ ਸਾਬਕਾ ਫੌਜੀ ਨਿਰਮਲ ਸਿੰਘ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਜਿਸ ਨੇ 11 ਲੋਕਾਂ ਦੇ ਨਾਲ ਦਾਅਵਾ ਕੀਤਾ ਸੀ ਕਿ ਭਾਈ ਸਾਹਿਬ ਕਥਾ ਕਰਨ ਤੋਂ ਬਾਅਦ ਘਰ ਗਏ ਸਨ ਪੁਲਿਸ ਪਿੰਡ ਵਿੱਚ ਨਹੀਂ ਆਈ ਸੀ । ਤਿਵਾੜੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਨਿਰਮਲ ਸਿੰਘ ਦੇ ਬਿਆਨ ‘ਤੇ ਇਸ ਲਈ ਯਕੀਨ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਪੱਤੀ ਕਾਉਂਕੇ ਦਾ ਰਹਿਣ ਵਾਲਾ ਨਹੀਂ ਸੀ । ਯਾਨੀ ਪੁਲਿਸ ਨੇ ਝੂਠੀ ਗਵਾਹੀ ਦਰਜ ਕਰਵਾਈ ਸੀ। ਪਰ ਪਿੰਡ ਦੇ ਜ਼ਿਆਦਾਤਰ ਲੋਕਾਂ ਨੇ ਕਿਹਾ ਅਖੀਰਲੀ ਵਾਰ 25 ਦਸੰਬਰ 1992 ਨੂੰ ਭਾਈ ਕਾਉਂਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਦਕਿ ਪੁਲਿਸ ਦੇ ਰਿਕਾਰਡ ਵਿੱਚ ਵਿਖਾਇਆ ਗਿਆ ਸੀ ਕਿ 2 ਜਨਵਰੀ 1993 ਨੂੰ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਤੇ ਪਿੰਡ ਕੰਨੀਆਂ ਦੇ ਹੱਦ ਵਿੱਚ ਖਾੜਕੂਆਂ ਦੀ ਪੁਲਿਸ ਫਾਇਰਿੰਗ ਦੌਰਾਨ ਉਹ ਹਥਕੜੀ ਤੋੜ ਕੇ ਭੱਜ ਗਏ ।

ਹਾਈਕੋਰਟ ਵਿੱਚ ਜਦੋਂ ਮਾਮਲਾ ਪਹੁੰਚਿਆ ਤਾਂ ਐੱਸਐੱਸਪੀ ਸਵਰਨ ਸਿੰਘ ਅਤੇ ਭਾਈ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਏ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਪੁਲਿਸ ਹਿਰਾਸਤ ਤੋਂ ਫਰਾਰ ਹੋਏ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਲਾਸ਼ ਲਈ ਐੱਸਪੀਡੀ ਜਗਰਾਓ ਪੜਤਾਲ ਕਰਨਗੇ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਐਸ ਐਸ ਪੀ ਨੇ ਐਸਪੀ ਡੀ ਨੂੰ ਹੁਕਮ ਨਹੀਂ ਦਿੱਤੇ, ਨਾ ਹੀ ਪੜਤਾਲ ਕਰਵਾਈ । ਜਦਕਿ ਐਸਪੀਡੀ ਜਗਰਾਓ ਬਲਵੀਰ ਕੁਮਾਰ  ਨੇ ਕਿਹਾ ਮੈਂ ਕੋਈ ਜਾਂਚ ਨਹੀਂ ਕੀਤੀ ਮੇਰੇ ਰੀਡਰ ਨੇ ਜਿਮਨੀਆਂ ਤਿਆਰ ਕਰਕੇ ਮੇਰੇ ਦਸਤਖਤ ਕਰਵਾ ਲਏ ਸੀ ।

ਬੀਪੀ ਤਿਵਾੜੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ ਹੈ । ਮਾਰ ਕੁੱਟ ਦੇ ਜਿਹੜੇ ਗਵਾਹ ਮਿਲੇ ਹਨ ਉਸ ਵਿੱਚ ਸਿਪਾਹੀ ਦਰਸ਼ਨ ਸਿੰਘ ਹੈ ਪਰ ਉਸ ਦੇ ਬਿਆਨ ਮਨੁੱਖੀ ਅਧਿਕਾਰ ਜਥੇਬੰਦੀ ਨੂੰ ਦਿੱਤੇ ਗਏ ਬਿਆਨਾਂ ਨਾਲ ਮੇਚ ਨਹੀਂ ਹੁੰਦੇ ਹਨ । ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਵਕਤ ਦੇ ਕਿਸੇ ਅਫਸਰ ਨੇ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਦਰਖਾਸਤ ਨਹੀਂ ਦਿੱਤੀ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਗਿਆ । ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਭਾਈ ਕਾਉਂਕੇ ਨੂੰ ਪੁਲਿਸ ਹਿਰਾਸਤ ਵਿੱਚ ਰੱਖੇ ਹੋਣ ਅਤੇ ਝੂਠੇ ਪੁਲਿਸ ਮੁਕਾਬਲੇ ਬਾਰੇ ਸਾਰੇ ਛੋਟੇ ਅਤੇ ਵੱਡੇ ਅਧਿਕਾਰੀਆਂ ਨੂੰ ਪਤਾ ਸੀ । ਪਰ ਉਸ ਵੇਲੇ ਦੇ ਹਾਲਾਤਾਂ ਨੂੰ ਵੇਖਦੇ ਹੋਏ ਕੋਈ ਨਹੀਂ ਬੋਲ ਸਕਿਆ। ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਅਫਸਰ ਜਿਮਨੀਆਂ ਨਹੀਂ ਲਿਖਦੇ ਸਨ ਰੀਡਰ ਦੀ ਰਿਪੋਰਟ ਦੇ ਹਸਤਾਖਰ ਕਰਦੇ ਸਨ ਜੋ ਕਿ ਵਿਭਾਗੀ ਦੁਰਾਚਾਰ ਹੈ  ।  ਪੁਲਿਸ ਨੇ ਸਿਪਾਹੀ ਤਰਸੇਮ ਨੂੰ ਵਿਖਾਵੇ ਲਈ ਮੁਲਤਵੀ ਵੀ ਕੀਤਾ ਸੀ, ਜਿਸ ਨੇ ਕਹਾਣੀ ਵਿੱਚ ਦੱਸਿਆ ਸੀ ਕਿ ਭਾਈ ਸਾਹਿਬ ਬੈਲਟ ਤੋੜ ਕੇ ਹੱਥਕੜੀ ਤੋੜ ਕੇ ਫਰਾਰ ਹੋ ਗਏ । ਕੇਪੀ ਗਿੱਲ ਡੀਜੀਪੀ ਨੇ ਇਸ ਸਿਪਾਹੀ ਨੂੰ ਇਨਾਮ ਵੱਜੋਂ 29 ਸੀਨੀਅਰ ਮੁਲਾਜਮਾਂ ਹੋਣ ਦੇ ਬਾਵਜੂਦ ਹੌਲਦਾਰ ਬਣਾ ਦਿੱਤਾ ਸੀ। ਇਸ ਦੌਰਾਨ ਹੀ ਡੀਜੀਪੀ ਗਿੱਲ ਦਾ ਰਿਟਾਇਡ ਹੋਣ ਦੇ ਬਾਵਜੂਦ 1 ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ ।

ਇਹ ਵੀ ਸਾਹਮਣੇ ਆਇਆ ਹੈ ਕਿ ਕੇ.ਪੀ ਐੱਸ ਗਿੱਲ ਨੂੰ ਭਾਈ 

 ਕਾਉਂਕੇ ਬਾਰੇ ਪੂਰੀ ਜਾਣਕਾਰੀ ਹੋਵੇਗੀ । ਕਿਉਂਕਿ ਵਾਰਦਾਤ ਦੇ ਇੱਕ ਦਿਨ ਅੰਦਰ ਹੀ ਜ਼ਿਲ੍ਹੇ ਦੇ ਐਸਐਸਪੀ,ਐਸਪੀ ਡੀ ਵੀ ਬਦਲ ਦਿੱਤੇ ਗਏ। ਜਿਸ ਕਰਕੇ ਲੋਕਾਂ ਵਿੱਚ ਸ਼ੱਕ ਹੋਇਆ ਕਿ ਭਾਈ ਕਾਉਂਕੇ ਨੂੰ ਪੁਲਿਸ ਨੇ ਮਾਰ ਕੇ ਉੱਥੋਂ ਦੇ ਵੱਡੇ ਅਫਸਰਾਂ ਨੂੰ ਬਦਲ ਕੇ ਨਵੇਂ ਅਫਸਰ ਲਗਾ ਦਿੱਤੇ । ਹਾਈਕੋਰਟ ਵਿੱਚ ਸਰਕਾਰੀ ਵਕੀਲ ਤੋਂ ਇਹ ਗੱਲ ਕਹਿਲਾਇਆ ਕਿ ਐੱਸਪੀਡੀ ਭਾਈ ਸਾਹਿਬ ਦੇ ਮਾਮਲੇ ਦੀ ਤਲਾਸ਼ ਕਰ ਰਹੇ ਹਨ। ਜਦੋਂ ਐਸਪੀ ਡੀ ਬਦਲ ਚੁੱਕੇ ਸਨ ਤਾਂ ਨਵੇਂ ਐਸਪੀ ਡੀ ਬਲਬੀਰ ਕੁਮਾਰ ਬਾਵਾ ਨੂੰ ਕੋਈ ਲਿਖਤੀ ਹੁਕਮ ਨਹੀਂ ਦਿੱਤੇ ਗਏ । ਬਾਵਾ ਨੇ ਕਮਿਸ਼ਨ ਨੂੰ ਬਿਆਨ ਦਿੱਤਾ ਕਿ ਜਿਹੜੀ ਜਿਮਨੀਆਂ ਰੀਡਰ ਨੇ ਲਿਖੀਆਂ ਸਨ ਉਸ ‘ਤੇ ਉਨ੍ਹਾਂ ਨੇ ਬਿਨਾਂ ਪੜ੍ਹੇ ਹਸਤਾਖਰ ਕਰ ਦਿੱਤੇ । ਰਿਪੋਰਟ ਵਿੱਚ ਸਾਰੇ ਤੱਥਾਂ ਦੀ ਪੜਤਾਲ ਤੋਂ ਬਾਅਦ ਇਹ ਸਿੱਟਾ ਨਿਕਲਿਆ ਕਿ ਭਾਈ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੇ ਗੁਰਮੀਤ ਸਿੰਘ ਨੇ ਨਾਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਿਆ ਅਤੇ ਅਤੇ ਝੂਠਾ ਰਿਕਾਰਡ ਬਣਾਇਆ ਅਤੇ ਇਸੇ ਲਈ ਉਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ,ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਜਾਂਚ ਕੀਤੀ ਜਾਵੇ,ਪੁਲਿਸ ਆਪਣੀ ਰਿਪੋਰਟ ਵਿੱਚ ਦਫਾ 173 ਜਾਪਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ । ਪਰ ਤਿਵਾੜੀ ਦੀ ਰਿਪੋਰਟ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਲਈ ਅਸਲ ਜ਼ਿੰਮੇਵਾਰ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ,ਚੰਨਣ ਸਿੰਘ ਖ਼ਿਲਾਫ਼ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ ਗਈ ਸੀ।

ਯਾਦ ਰਹੇ ਕਿ ਉਦੋਂ ਪੰਜਾਬ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸਿਆਸੀ ਪਾਰਟੀ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਅਗਵਾਈ ਵਿੱਚ ਚੱਲ ਰਹੀ ਸੀ। ਭਾਰਤੀ ਜਨਤਾ ਪਾਰਟੀ ਇਸ ਵਿੱਚ ਭਾਈਵਾਲ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਮਾਨ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਸੀ

ਪਿਛਲੇ ਸਾਲ ਤਤਕਾਲੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਭਗਵੰਤ ਮਾਨ ਸਰਕਾਰ ਕੋਲੋ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਵਿੱਚ ਜਾਂਚ ਦੀ ਮੰਗ ਕੀਤੀ ਸੀ। ਜਥੇਦਾਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਲਿਖਿਆ ਸੀ ‘ਨਵੇਂ ਸਾਲ ਵਾਲੇ ਦਿਨ ਇੱਕ ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਮਾਨਯੋਗ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਸੀ । ਇਸ ਮਹਾਨ ਆਤਮਾ ਦੇ ਕਾਤਲਾਂ ਨੂੰ ਸਜਾਵਾਂ ਦੇਣੀਆਂ ਇਕ ਪਾਸੇ ਰਹੀਆਂ ਬਲਕਿ ਇਸ ਸਬੰਧੀ ਕੀਤੀ ਜਾਂਚ ਰਿਪੋਰਟ ਵੀ ਫਾਈਲਾਂ ਦੇ ਢੇਰ ਵਿੱਚ ਦਫਨ ਕਰ ਦਿੱਤੀ ਗਈ ਹੈ ਤੇ ਕਾਤਲ ਮੌਜ ਮਾਣਦੇ ਰਿਟਾਇਰ ਹੋ ਗਏ ।ਘੱਟੋ ਘੱਟ ਮੌਜੂਦਾ ਸਰਕਾਰ ਜਾਂਚ ਰਿਪੋਰਟ ਨੂੰ ਹੀ ਜਨਤਕ ਕਰ ਦੇਵੇ ਤਾਂ ਜੋ ਪੰਥ ਜਾਣ ਸਕੇ ਇਸ ਦਰਵੇਸ਼ ਨਾਲ ਕਿਵੇਂ ਕਹਿਰ ਕਮਾਇਆ ਤੇ ਕਿਹੜੇ ਕਿਹੜੇ ਜ਼ਿੰਮੇਵਾਰ ਸਨ।’

ਗੁਰਦੇਵ ਸਿੰਘ ਕਾਉਂਕੇ 1986 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸਨ

ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਸ੍ਰੀ ਅਕਾਲ ਤਖਤ ਵਿਖੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ । ਕਿਉਂਕਿ ਰੋਡੇ ਜੇਲ੍ਹ ਵਿੱਚ ਸਨ ਇਸ ਲਈ ਭਾਈ ਗੁਰਦੇਵ ਸਿਘ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ। 29 ਅਪ੍ਰੈਲ 1986 ਨੂੰ ਹਰਿਮੰਦਰ ਸਾਹਿਬ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਖ਼ਾਲਿਸਤਾਨ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਬਿਲਕੁਲ ਬਾਅਦ ਪੰਥਕ ਕਮੇਟੀ ਦੇ ਸਾਰੇ ਮੈਂਬਰ ਉਸ ਜਗ੍ਹਾ ਤੋਂ ਚਲੇ ਗਏ। ਪੁਲਿਸ ਨੇ ਦਰਬਾਰ ਸਾਹਿਬ ਦੀ ਹਦੂਦ ਨੂੰ ਘੇਰਾ ਪਾ ਕੇ ਜਥੇਦਾਰ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਕਿ ਸ੍ਰੋਮਣੀ ਕਮੇਟੀ ਭਾਈ ਕਾਉਂਕੇ ਸਬੰਧੀ ਤਿਵਾੜੀ ਰਿਪੋਰਟ ’ਤੇ ਕਾਰਵਾਈ ਕਰੇ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਨੱਬੇ ਦੇ ਦਹਾਕੇ ਦੌਰਾਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਝੂਠੇ ਪੁਲਿਸ ਮੁਕਾਬਲੇ ਵਿਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰ ਕੇ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ।ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਲਗਪਗ 30 ਵਰ੍ਹੇ ਪਹਿਲਾਂ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵੱਲੋਂ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰ ਕੇ ਭੇਤਭਰੇ ਤਰੀਕੇ ਨਾਲ ਮੌਤ ਦੇ ਘਾਟ ਉਤਾਰਨ ਸਬੰਧੀ ਆਈਪੀਐੱਸ ਬੀਪੀ ਤਿਵਾੜੀ ਦੀ ਰਿਪੋਰਟ ’ਤੇ ਕਾਨੂੰਨੀ ਪੱਖਾਂ ਤੋਂ ਘੋਖ ਕਰ ਕੇ ਢੁੱਕਵੀਂ ਕਾਰਵਾਈ ਅਤੇ ਕਾਉਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ  ਕਮੇਟੀ ਨੂੰ ਆਦੇਸ਼ ਦੇ ਦਿੱਤਾ ਗਿਆ ਹੈ।

 ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਅਧਿਆਇ ਸ਼ਾਇਦ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਭ ਤੋਂ ਦਰਦਨਾਕ ਵਿਥਿਆ ਹੋਵੇਗੀ, ਜੋ ਇਕ ਲੋਕਰਾਜੀ ਪ੍ਰਣਾਲੀ ਲਈ ਬੇਹੱਦ ਸ਼ਰਮਨਾਕ ਹੈ। ਹਰ ਸਿੱਖ ਦੇ ਹਿਰਦੇ ਵਿਚ ਭਾਈ ਕਾਉਂਕੇ ਦੀ ਸ਼ਹਾਦਤ ਦਾ ਦਰਦ ਧੁਖ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਹਿਰਦਿਆਂ ਨੂੰ ਰਾਹਤ ਮਹਿਸੂਸ ਹੋ ਸਕੇ।

ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਾਰੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਬੇਹੱਦ ਮਿਹਨਤ ਦੇ ਨਾਲ ਭਾਈ ਕਾਉਂਕੇ ਦੇ ਕਤਲ ਦੀ ਤੱਥ-ਆਧਾਰਿਤ ਸੱਚਾਈ ਸਾਹਮਣੇ ਲਿਆਂਦੀ।