ਡੈਟਰਾਇਟ ਖੇਤਰ ਦੇ ਕਾਂਗਰਸ ਮੈਂਬਰ ਭਾਰਤੀ-ਅਮਰੀਕੀ ਸ਼੍ਰੀ ਥਾਨੇਦਾਰ ਵੱਲੋਂ ਜੋ ਬਾਈਡਨ ਦਾ ਜੋਰਦਾਰ ਸਮਰਥਨ
* ਕਿਹਾ ਰਾਸ਼ਟਰਪਤੀ ਸਾਡੀਆਂ ਸਮੱਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜਆ ਬੰਗਾ) ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ਤੋਂ ਬਆਦ ਕੁਝ ਡੈਮੋਕਰੈਟਸ ਵੱਲੋਂ ਜੋ ਬਾਈਡਨ ਨੂੰ ਮੁਕਾਬਲੇ ਵਿਚੋਂ ਹਟ ਜਾਣ ਦੀ ਦਿੱਤੀ ਜਾ ਰਹੀ ਸਲਾਹ ਦੇ ਦਰਮਿਆਨ ਭਾਰਤੀ ਮੂਲ ਦੇ ਮਿਸ਼ੀਗਨ ਰਾਜ ਦੇ ਡੈਟਰਾਇਟ ਖੇਤਰ ਦੇ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਦੁਬਾਰਾ ਚੋਣ ਲੜਨ ਦਾ ਜੋਰਦਾਰ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਾਡੀਆਂ ਸਮਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ। ਅਹਿਮ ਰਾਜ ਮਿਸ਼ੀਗਨ ਦੇ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਦੇ ਸਮਰਥਨ ਦੀ ਵੱਡੀ ਅਹਿਮੀਅਤ ਹੈ। ਉਨਾਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ''ਕੁਝ ਮਹੀਨੇ ਪਹਿਲਾਂ ਮੈ ਰਾਸ਼ਟਰਪਤੀ ਬਾਈਡਨ ਤੋਂ ਕੋਈ 20 ਫੁੱਟ ਦੂਰ ਬੈਠਾ ਸੀ ਤੇ ਕੋਈ ਇਕ ਘੰਟਾ ਸਾਡੇ ਦੇਸ਼ ਦੇ ਭਵਿੱਖ ਪ੍ਰਤੀ ਉਨਾਂ ਦੇ ਵਿਚਾਰਾਂ ਨੂੰ ਸੁਣਿਆ। ਇਸ ਤੋਂ ਇਲਾਵਾ ਉਨਾਂ ਨਾਲ ਕਈ ਵਾਰ ਆਹਮੋ ਸਾਹਮਣੇ ਗੱਲਬਾਤ ਹੋਈ ਹੈ। ਉਹ ਸਾਨੂੰ ਦਰਪੇਸ਼ ਸਮਸਿਆਵਾਂ ਤੋਂ ਬਹੁਤ ਚੰਗੀ ਤਰਾਂ ਜਾਣੂ ਹਨ। ਇਹ ਉਹ ਹੀ ਵਿਅਕਤੀ ਹਨ ਜਿਸ ਨੂੰ ਅਸੀਂ 2020 ਵਿਚ ਚੁਣਿਆ ਸੀ। ਉਹ ਅਧੁਨਿਕ ਸਮੇ ਵਿਚ ਬਹੁਤ ਹੀ ਪ੍ਰਭਾਵੀ ਆਗੂ ਹਨ।'' ਸ਼੍ਰੀ ਥਾਨੇਦਾਰ ਨੇ ਬਾਈਡਨ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨਾਂ ਕਿਹਾ ਕਿ ਹੋਰ ਪ੍ਰਾਪਤੀਆਂ ਤੋਂ ਇਲਾਵਾ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਰਿਕਾਰਡ ਖਰਚ ਹੋਇਆ ਹੈ। ਥਾਨੇਦਾਰ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਤੇ ਸਾਨੂੰ ਵਿਸ਼ੇਸ਼ ਤੌਰ 'ਤੇ ਹਾਊਸਿੰਗ ਵਰਗੇ ਖੇਤਰਾਂ ਵਿਚ ਹੋਰ ਸੰਘੀ ਨਿਵੇਸ਼ ਦੀ ਲੋੜ ਹੈ। ਮੈ ਇਸ ਬਾਰੇ ਸਪੱਸ਼ਟ ਹਾਂ ਕਿ ਰਾਸ਼ਟਰਪਤੀ ਬਾਈਡਨ ਸਾਡੇ ਜਿਲੇ 'ਤੇ ਹੋਰ ਸੰਘੀ ਡਾਲਰਾਂ ਦੀ ਬਾਰਿਸ਼ ਕਰਨਗੇ ਜਦ ਕਿ ਟਰੰਪ ਕੇਵਲ ਅਮੀਰਾਂ ਨੂੰ ਟੈਕਸ ਰਾਹਤ ਦੇਣ ਤੱਕ ਹੀ ਸੀਮਿਤ ਹਨ।
Comments (0)