ਰਿਸ਼ਤਿਆਂ ਦਾ ਪੁੱਲ਼ ਹੁੰਦੀਆਂ ਨੇ ਮਾਂਵਾਂ - ਮਾਂ ਦਿਵਸ ਵਿਸ਼ੇਸ਼

ਰਿਸ਼ਤਿਆਂ ਦਾ ਪੁੱਲ਼ ਹੁੰਦੀਆਂ ਨੇ ਮਾਂਵਾਂ - ਮਾਂ ਦਿਵਸ ਵਿਸ਼ੇਸ਼

ਪੁੱਲ਼ ਟੁੱਟ ਵੀ ਜਾਂਦੇ ਨੇ ਮਾਂਵਾਂ ਤੋਂ ਸੱਖਣੇ

ਮਾਂਵਾਂ ਪੁੱਲ਼ ਹੁੰਦੀਆਂ ਨੇ  ਜੋ ਰਿਸ਼ਤਿਆਂ ਨੂੰ ਜੋੜਦੀਆਂ ਨੇ। ਜਿਹੜਾ ਮਰਜ਼ੀ ਜਿੰਨੀ ਮਰਜ਼ੀ ਰਫਤਾਰ ਨਾਲ ਲੰਘ ਜਾਵੇ, ਝਰੀਟਾਂ ਪਾ ਦੇਵੇ , ਟੋਏ ਵੀ ਪੈ ਜਾਣ, ਮਾੜੇ ਰੁੱਖੇ ਵਰਤਾਵੇ ਨਾਲ ਮਾਂਵਾਂ ਅਡੋਲ ਖੜ੍ਹੀਆਂ ਰਹਿੰਦੀਆਂ ਹਨ। ਜਦ ਤੱਕ ਜਿਊਂਦੀਆਂ ਨੇ ਰਿਸ਼ਤੇ ਵੀ ਜਿਊਂਦੇ ਨੇ। ਫਿਰ ਹੌਲੀ ਹੌਲੀ ਇਹ ਪੁੱਲ਼ ਵੀ ਖਸਤਾ ਹਾਲਤ ਚ ਹੋ ਜਾਂਦੇ ਹਨ, ਜੇਕਰ ਸਮੇਂ ਸਮੇਂ ਤੇ ਇਹਨਾਂ ਦੀ ਮੁਰੰਮਤ ਨਾ ਕੀਤੀ ਜਾਵੇ। ਕਈ ਵਾਰ ਇਹ ਪੁੱਲ਼ ਟੁੱਟ ਵੀ ਜਾਂਦੇ ਨੇ ਮਾਂਵਾਂ ਤੋਂ ਸੱਖਣੇ ਹੋ,  ਮਾਂਵਾਂ ਬੱਚਿਆਂ ਦਾ ਸੁੱਖ ਮੰਗਦੀਆਂ ਨੇ , ਉਹ ਹਮੇਸ਼ਾਂ ਇਹੀ ਚਾਹੁੰਦੀਆਂ ਨੇ ਸਭ ਭੈਣ-ਭਰਾ ਮਿਲ ਜੁਲ ਕੇ ਰਹਿਣ। ਕਈ ਵਾਰ ਇਸ ਪੁੱਲ਼ ਦੇ ਰਾਹੀਆਂ ਨੂੰ ਪੁੱਲ਼ ਚੰਗਾ ਨਹੀਂ ਲੱਗਦਾ ਉਹ ਰਾਹ ਬਦਲ ਲੈਂਦੇ ਨੇ ਤੇ ਇਹ ਪੁੱਲ਼ ਉੱਜੜ ਜਾਂਦਾ। ਭਰਿਆ ਭਰਾਇਆ ਘਰ ਫਿਰ ਸੁੰਨਸਾਨ ਹੋ ਜਾਂਦਾ ਉਦੋਂ ਮਾਂਵਾਂ ਰੁੱਲ਼ ਜਾਂਦੀਆਂ ਨੇ ਇੱਕਲਤਾ ਨੂੰ ਅਪਨਾ ਲੈਂਦੀਆਂ ਨੇ।
ਮਾਂਵਾਂ ਯਾਦਸ਼ਕਤੀ ਦਾ ਬਹੁਤ ਵੱਡਾ ਭੰਡਾਰ ਹੁੰਦੀਆਂ ਨੇ। ਬੱਚੇ ਦਾ ਪਹਿਲਾ ਬੋਲ ਮਾਂ ਹੁੰਦਾ ਹੇ ਜੋ ਉਸ ਸੱਚ ਨੂੰ ਸਾਹਮਣੇ ਲੈ ਕੇ ਆਉਂਦਾ ਹੈ ਜੋ ਅਕਾਲ ਪੁਰਖ ਨੇ ਉਸ ਸੱਚੇ ਬੱਚੇ ਦੇ ਮੂੰਹ ਵਿਚ ਪਹਿਲਾ  ਸ਼ਬਦ ਪਾਇਆ ਹੁੰਦਾ ਹੈ। ਜ਼ਿੰਦਗੀ ਦਾ ਸਫ਼ਰ ਇਕ ਦਿਨ ਖ਼ਤਮ ਹੋ ਜਾਂਦਾ ਹੈ, ਇਸ ਦੇ ਨਾਲ ਰਿਸ਼ਤੇ ਵੀ ਸਮੇਂ ਨਾਲ ਫ਼ਨਾ ਹੋ ਜਾਂਦੇ ਹਨ ਪਰ ਮਾਂ ਪਿਉ ਦਾ ਰਿਸ਼ਤਾ ਅਜਿਹਾ ਹੈ ਜੋ ਸਾਰੀ ਉਮਰ ਉਸ ਬੱਚੇ ਦੇ ਨਾਲ ਚਲਦਾ ਹੈ। ਸਮਾਜ ਵਿਚ ਵਿਚਰਦੇ ਅਨੇਕਾਂ ਰਿਸ਼ਤੇ ਮਨੁੱਖ ਦੁਆਰਾ ਬਣਾਏ ਜਾਂ ਸਕਦੇ ਹਨ ਪਰ ਇਹ ਹੀ ਇਕ ਅਜਿਹਾ ਰਿਸ਼ਤਾ ਹੈ ਜਿਸ ਦਾ ਮੁੱਲ ਨਹੀ ਪਾਇਆ ਜਾ ਸਕਦਾ। ਧੀਆਂ ਨਾਲ ਮਾਂ ਦਾ ਰਿਸ਼ਤਾ ਉਸ ਦੇ ਸੁੱਖ ਦੁਖ ਨੂੰ ਮਹਿਸੂਸ ਕਰਦਾ ਹੈ , ਬੇਸ਼ਕ ਪੁੱਤਰ ਨਾਲ ਮੋਹ ਮਾਂ ਦਾ ਉਨ੍ਹਾਂ ਹੀ ਹੁੰਦਾ ਜਿਨ੍ਹਾਂ ਧੀ ਨਾਲ ਪਰ ਜੋ ਅੰਦਰਲੀ ਪੀੜ ਨੂੰ ਧੀ ਸਮਝ ਸਕਦੀ ਹੈ ਉਹ ਪੁੱਤਰ ਸਾਰੀ ਉਮਰ ਨਹੀ ਜਾਣ ਪਾਉਂਦਾ ਇਸ ਲਈ ਮਾਂ ਧੀ ਦਾ ਰਿਸ਼ਤਾ ਰੂਹਾਨੀ ਰੂਹ ਦਾ ਮੰਨਿਆ ਜਾਂਦਾ ਹੈ।

 ਬੇਸ਼ਕ ਮਾਵਾਂ ਧੀਆਂ  ਜਿੰਦਗੀ ਦੇ ਉਸ ਮੁਕਾਮ 'ਤੇ ਹੋਣ ਜਿੱਥੇ ਉਹ ਆਪ ਇਕ ਲੰਮੇ ਰਿਸ਼ਤਿਆਂ ਦੀ ਡੋਰ ਵਿਚ ਬੰਨੀਆਂ ਹੋਣ ਪਰ ਮਾਂ ਧੀ ਲਈ ਉਹ ਹੀ ਪਿਆਰ ਦੁਲਾਰ ਮਹਿਸੂਸ ਕਰਦੀ ਜੋ ਬਚਪਨ ਵਿਚ ਸੀ ਤੇ ਧੀ ਵੀ ਉਹ ਨਿੱਘ ਮਹਿਸੂਸ ਕਰਦੀ ਜੋ ਉਸ ਨੇ ਗੋਦੀ ਵਿਚ ਬੇਹ ਕੇ ਮਹਿਸੂਸ ਕੀਤਾ ਸੀ ਇਸ ਦੇ ਨਾਲ ਹੀ  ਦਿਨ, ਤਰੀਖ ਵੇਲਾ ਸਭ ਯਾਦ ਹੁੰਦਾ ਇਹਨਾਂ ਨੂੰ।ਇਹ ਜੇ ਭੁੱਲਦੀਆਂ ਨੇ ਤਾਂ ਪੁੱਤਾਂ ਧੀਆਂ ਵੱਲੋਂ ਕਦੋਂ ਤੇ ਕਿੱਥੇ ਅਣਗੌਲਿਆ ਗਿਆ। ਇਹ ਸਭ ਭੁੱਲ ਜਾਂਦੀਆਂ ਨੇ, ਇੱਥੇ ਇਹਨਾਂ ਦੀ ਯਾਦਸ਼ਕਤੀ ਘੱਟ ਜਾਂਦੀ ਹੈ। ਕੋਸ਼ਿਸ਼ ਕਰਿਓ ਕਦੇ ਇਹਨਾਂ ਦਾ ਦਿਲ ਨਾ ਦੁੱਖੇ। ਜੀਵਨ ਵਿੱਚ ਇਹ ਆਕਸੀਜਨ ਦਾ ਕੰਮ ਕਰਦੀਆਂ ਨੇ। ਰੱਬ ਸਭ ਦੀਆਂ ਮਾਂਵਾਂ ਨੂੰ ਸਲਾਮਤ ਰੱਖੇ।

ਨੇਚਰਦੀਪ ਕਾਹਲੋਂ