ਗੁਰੂ ਕਾਸ਼ੀ ਕੈਂਪਸ ਦਾ ਸੰਕਟ ਕੀ ਹੈ?

ਗੁਰੂ ਕਾਸ਼ੀ ਕੈਂਪਸ ਦਾ ਸੰਕਟ ਕੀ ਹੈ?

ਵਿਸ਼ੇਸ਼ ਮਸਲਾ

-ਸੁਖਦੀਪ ਸਿੰਘ ਬਿੱਟੂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 1961 ਵਿਚ ਹੋਈ ਸੀ। ਇਹ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜੋ ਮਾਂ-ਬੋਲੀ ਦੇ ਨਾਂ ’ਤੇ ਸਥਾਪਿਤ ਕੀਤੀ ਗਈ ਸੀ। ਇਸੇ ਕਾਰਨ ਇਹ ਅਕਾਦਮਿਕ ਕਾਰਜਾਂ ਦੇ ਨਾਲ-ਨਾਲ ਮਾਂ ਬੋਲੀ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਇਹ ਪੰਜਾਬ ਦੇ ਪੱਛੜੇ ਇਲਾਕਿਆਂ ਵਿਚ ਗ਼ਰੀਬ ਵਿਦਿਆਰਥੀਆਂ ਨੂੰ ਬਹੁਤ ਘੱਟ ਖ਼ਰਚੇ ’ਤੇ ਵਿੱਦਿਆ ਪ੍ਰਦਾਨ ਕਰਨ ਵਾਲੀ ਇੱਕੋ-ਇੱਕ ਯੂਨੀਵਰਸਿਟੀ ਹੈ। ਇਸ ਖੇਤਰ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਇਸ ਵਿਚ ਪੜ੍ਹਾਈ ਦਾ ਖ਼ਰਚਾ ਅਤੇ ਹੋਸਟਲ ਫ਼ੀਸ ਆਦਿ ਖ਼ਰਚੇ ਅੱਧ ਤੋਂ ਵੀ ਘੱਟ ਹਨ। ਪੇਂਡੂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਇਸ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਖੇਤਰਾਂ ਵਿਚ ਰਿਜਨਲ ਸੈਂਟਰ, ਨੇਬਰਹੁੱਡ ਕੈਂਪਸ ਅਤੇ ਕਾਲਜ ਖੋਲ੍ਹੇ ਗਏ। ਇਨ੍ਹਾਂ ਅਦਾਰਿਆਂ ਵਿਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਸਭ ਤੋਂ ਵੱਡਾ ਕੈਂਪਸ ਹੈ।

ਸੰਨ 1988 ਵਿਚ ਤਲਵੰਡੀ ਸਾਬੋ ਵਿਚ ਗੁਰੂ ਕਾਸ਼ੀ ਕੈਂਪਸ ਦੀ ਸਥਾਪਨਾ ਐੱਮਬੀਏ ਕੋਰਸ ਨੂੰ ਸ਼ੁਰੂ ਕਰ ਕੇ ਕੀਤੀ ਗਈ ਸੀ। ਸੰਨ 2001 ਵਿਚ ਪਹਿਲਾਂ ‘ਦਿ ਸਿੱਖ ਐਜੂਕੇਸ਼ਨ ਕੌਂਸਲ, ਸ੍ਰੀ ਦਮਦਮਾ ਸਾਹਿਬ’ ਅਧੀਨ ਚੱਲ ਰਹੇ ਗੁਰੂ ਕਾਸ਼ੀ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਪ੍ਰਬੰਧ ਅਧੀਨ ਲੈ ਲਿਆ ਅਤੇ ਇਸ ਤਰ੍ਹਾਂ ਗੁਰੂ ਕਾਸ਼ੀ ਕੈਂਪਸ ਵਿਚ ਦੋ ਅਦਾਰੇ ਕੰਮ ਕਰਨ ਲੱਗੇ। ਇੱਥੇ ਜ਼ਿਕਰਯੋਗ ਹੈ ਕਿ ਗੁਰੂ ਕਾਸ਼ੀ ਕਾਲਜ ਦੀ ਸਥਾਪਨਾ 13 ਅਪ੍ਰੈਲ 1964 ਨੂੰ ਵਿੱਦਿਆ ਦੇ ਕਦਰਦਾਨ ਸੰਤ ਬਾਬਾ ਫ਼ਤਹਿ ਸਿੰਘ ਜੀ ਨੇ ਖ਼ੁਦ ਰੋੜੀ ਕੁੱਟ ਕੇ ਕੀਤੀ ਜਿਸ ਦੀ ਚਾਰ ਚੁਫ਼ੇਰਿਓਂ ਪ੍ਰਸ਼ੰਸਾ ਹੋਈ।ਉਪਰੋਕਤ ਕੌਂਸਲ ਦੇ ਨਾਂ ਹੇਠ ਕਾਲਜ ਦੀ ਕਾਰਜਕਾਰੀ ਨਿਯਮਾਂਵਲੀ ਪ੍ਰਕਾਸ਼ਿਤ ਕੀਤੀ ਗਈ ਜਿਸ ਨੂੰ ਕਾਲਜ ਦੇ ਪਹਿਲੇ ਸਕੱਤਰ ਮਲੂਕ ਸਿੰਘ ਵਕੀਲ ਬਠਿੰਡਾ ਦੇ ਹਸਤਾਖ਼ਰਾਂ ਅਧੀਨ ਜਾਰੀ ਕੀਤਾ ਗਿਆ। ਲਗਪਗ 37 ਸਾਲ ਇਸ ਕੌਂਸਲ ਅਧੀਨ ਕੰਮ ਕਰਨ ਤੋਂ ਬਾਅਦ ਇਹ ਕਾਲਜ ਯੂਨੀਵਰਸਿਟੀ ਦੇ ਪ੍ਰਬੰਧ ਹੇਠ ਆਇਆ। ਇਸ ਕੈਂਪਸ ਦੇ ਵਿਕਾਸ ਦੇ ਅਗਲੇ ਪੜਾਅ ’ਤੇ 2004 ਵਿਚ ਯੂਨੀਵਰਸਿਟੀ ਨੇ ਇੱਥੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਸਥਾਪਿਤ ਕੀਤਾ ਜੋ ਕਿ ਇਕ ਵਿਭਾਗ ਵਾਂਗ ਸਥਾਪਿਤ ਕੀਤਾ ਗਿਆ। ਇਸ ਤਰ੍ਹਾਂ ਗੁਰੂ ਕਾਸ਼ੀ ਕੈਂਪਸ ਵਿਚ ਦੋ ਵਿਭਾਗ ਤੇ ਇਕ ਕਾਲਜ ਕੰਮ ਕਰਨ ਲੱਗੇ। ਯਾਦਵਿੰਦਰਾ ਕਾਲਜ ਪੇਂਡੂ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰਨ ਵਾਲਾ ਪਹਿਲਾ ਵਿਭਾਗ ਸੀ ਅਤੇ ਇਨ੍ਹਾਂ ਗ਼ਰੀਬ ਵਿਦਿਆਰਥੀਆਂ ਦੀ ਫ਼ੀਸ ਤਤਕਾਲੀ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਦੇ ਯਤਨਾਂ ਸਦਕਾ ਵਿਦੇਸ਼ਾਂ ਵਿਚ ਰਹਿੰਦੇ ਐੱਨਆਰਆਈਜ਼ ਤੋਂ ਗੋਲਡਨ ਹਾਰਟ ਸਕੀਮ ਤਹਿਤ ਦਾਨ ਲਈ ਜਾਂਦੀ ਸੀ। ਇਸ ਤਰ੍ਹਾਂ ਇਹ ਕੈਂਪਸ ਆਪਣੇ ਨਿਵੇਕਲੇ ਕਾਰਜ ਕਾਰਨ ਦੁਨੀਆ ਦੇ ਨਕਸ਼ੇ ’ਤੇ ਆ ਗਿਆ ਅਤੇ ਵਿੱਦਿਅਕ ਖੇਤਰ ਵਿਚ ਆਪਣਾ ਯੋਗਦਾਨ ਪਾਉਂਦਾ ਰਿਹਾ। ਇਕ ਸਤੰਬਰ 2021 ਨੂੰ ਰਾਤੀਂ 9:37 ਵਜੇ ਯੂਨੀਵਰਸਿਟੀ ਵੱਲੋਂ ਅਚਾਨਕ ਈ-ਮੇਲ ਰਾਹੀਂ ਇਹ ਫ਼ੁਰਮਾਨ ਜਾਰੀ ਕਰ ਦਿੱਤਾ ਗਿਆ ਕਿ ਗੁਰੂ ਕਾਸ਼ੀ ਕਾਲਜ ਨੂੰ ਤੋੜ ਕੇ ਦੋ ਵਿਭਾਗਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਇਸੇ ਤਰ੍ਹਾਂ ਯਾਦਵਿੰਦਰਾ ਕਾਲਜ ਨੂੰ ਵੀ ਦੋ ਵਿਭਾਗਾਂ ਵਿਚ ਵੰਡ ਦਿੱਤਾ ਗਿਆ ਹੈ।

ਐੱਮਬੀਏ ਵਿਭਾਗ ਉਸੇ ਤਰ੍ਹਾਂ ਹੀ ਰੱਖਿਆ ਗਿਆ। ਯੂਨੀਵਰਸਿਟੀ ਦੀ ਇਸ ਜਲਦਬਾਜ਼ੀ ਕਾਰਨ ਕਈ ਅਫ਼ਵਾਹਾਂ ਨੇ ਵੀ ਜਨਮ ਲਿਆ ਹੈ। ਯੂਨੀਵਰਸਿਟੀ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਫ਼ੈਸਲਾ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਲਿਆ ਗਿਆ ਹੈ। ਗੁਰੂ ਕਾਸ਼ੀ ਕਾਲਜ ਦੇ ਖ਼ਤਮ ਹੋਣ ਨਾਲ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਦੀ ਪੜਚੋਲ ਕਰਨੀ ਬਣਦੀ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਇਹ ਕਾਲਜ 12ਬੀ ਅਤੇ 2ਐੱਫ ਨੰਬਰ ਅਧੀਨ ਉਕਤ ਸੰਸਥਾ ਕੋਲ ਰਜਿਸਟਰ ਸੀ। ਇਸ ਤਹਿਤ ਯੂਜੀਸੀ ਸਮੇਂ-ਸਮੇਂ ’ਤੇ ਕਈ ਗ੍ਰਾਂਟਾਂ ਕਾਲਜ ਨੂੰ ਦਿੰਦੀ ਆ ਰਹੀ ਸੀ। ਕਾਲਜ ਤੋਂ ਸੇਵਾਮੁਕਤ ਹੋਏ ਪਿ੍ਰੰਸੀਪਲ ਡਾ. ਐੱਮ. ਪੀ. ਸਿੰਘ ਨੇ 37 ਲੱਖ ਰੁਪਏ ਦੀ ਗ੍ਰਾਂਟ ਯੂਜੀਸੀ ਤੋਂ ਪ੍ਰਾਪਤ ਕਰ ਕੇ ਕਾਲਜ ਵਿਚ ਸਾਰੇ ਰੈਗੂਲਰ ਅਧਿਆਪਕਾਂ ਨੂੰ ਲੈਪਟਾਪ, ਕ੍ਰੋਮ, ਇਕ ਅਲਮਾਰੀ ਅਤੇ ਤਿੰਨ ਕੁਰਸੀਆਂ ਮੁਹੱਈਆ ਕਰਵਾਈਆਂ ਅਤੇ ਕਾਲਜ ਲਈ ਐਗਰੀਕਲਚਰ ਦੇ ਕੋਰਸਾਂ ਦਾ ਸਾਮਾਨ, ਵੱਡਾ ਆਰਓ, ਲਾਇਬ੍ਰੇਰੀ ਲਈ ਪੁਸਤਕਾਂ, ਪੱਖੇ ਅਤੇ ਨਵੀਆਂ ਟਿਊਬ ਲਾਈਟਾਂ ਆਦਿ ਬਹੁਤ ਸਾਮਾਨ ਖ਼ਰੀਦਿਆ। ਇਕ ਭਾਸ਼ਾਵਾਂ ਦੀ ਲੈਬ ਵੀ ਤਿਆਰ ਕੀਤੀ ਗਈ ਪਰ ਹੁਣ ਕਾਲਜ ਦਾ ਨਾਂ ਖ਼ਤਮ ਹੋਣ ਨਾਲ ਅਤੇ ਵਿਭਾਗ ਬਣ ਜਾਣ ਨਾਲ ਯੂਜੀਸੀ ਦੀ ਗ੍ਰਾਂਟ ਆਉਣੀ ਬੰਦ ਹੋ ਜਾਵੇਗੀ। ਦੂਸਰੇ ਨੰਬਰ ’ਤੇ ਅੱਜ ਕੱਲ੍ਹ ਹਰ ਕਾਲਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਪੀਟੀਏ ਫੰਡ ਜੋ ਵਿਦਿਆਰਥੀਆਂ ਤੋਂ ਫ਼ੀਸ ਨਾਲ ਹੀ ਲਿਆ ਜਾਂਦਾ ਹੈ ਅਤੇ ਜਿਸ ਵਿਚ ਲੱਖਾਂ-ਕਰੋੜਾਂ ਰੁਪਏ ਇਕੱਠੇ ਹੋ ਜਾਂਦੇ ਹਨ।ਸਾਰੇ ਕਾਲਜ ਇਸ ਫੰਡ ਨੂੰ ਗੈਸਟ ਫੈਕਲਟੀ ਦੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਅਤੇ ਹੋਰ ਨਵੀਆਂ ਇਮਾਰਤਾਂ ਅਤੇ ਲੋਂੜੀਦੇ ਬੁਨਿਆਦੀ ਢਾਂਚੇ ਬਣਾਉਣ ਲਈ ਵਰਤਦੇ ਹਨ। ਹੁਣ ਕਾਲਜ ਦਾ ਨਾਂ ਖ਼ਤਮ ਹੋਣ ਅਤੇ ਵਿਭਾਗ ਬਣਨ ਨਾਲ ਯੂਨੀਵਰਸਿਟੀ ਨਿਯਮਾਂ ਅਧੀਨ ਪੀਟੀਏ ਫੰਡ ਨਹੀਂ ਲਿਆ ਜਾ ਸਕੇਗਾ ਅਤੇ ਨਾ ਹੀ ਵਿਦਿਆਰਥੀ ਦੇਣਗੇ। ਇਸ ਦੇ ਨਤੀਜੇ ਵਜੋਂ ਗੈਸਟ ਫੈਕਲਟੀ ਦੇ ਸਾਰੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਦਾ ਬੋਝ ਯੂਨੀਵਰਸਿਟੀ ’ਤੇ ਹੀ ਪਵੇਗਾ। ਨਵੀਆਂ ਇਮਾਰਤਾਂ ਲਈ ਫੰਡ ਜਾਰੀ ਕਰ ਕੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਹੋਰ ਵੀ ਗੰਭੀਰ ਹੋ ਜਾਵੇਗੀ।ਇਸ ਦੇ ਨਾਲ ਹੀ ਜੋ ਨਵੇਂ ਪੰਜ ਵਿਭਾਗ ਬਣਾਏ ਗਏ ਹਨ ਉਨ੍ਹਾਂ ਵਿਚ ਨਵੇਂ ਮੁਖੀਆਂ ਲਈ ਕਮਰੇ ਤਿਆਰ ਕਰਨ ਦਾ ਖ਼ਰਚਾ ਤਾਂ ਹੋਵੇਗਾ ਹੀ, ਨਾਲ ਹੀ ਹਰ ਸਾਲ ਪੰਜ ਵਿਭਾਗਾਂ ਲਈ ਇਕ-ਇਕ ਲੱਖ ਰੁਪਏ ਦੀ ਕੰਟਿਨਜੈਂਸੀ ਦਾ ਪ੍ਰਬੰਧ ਵੀ ਕਰਨਾ ਪਵੇਗਾ। ਇਨ੍ਹਾਂ ਨਵੇਂ ਵਿਭਾਗਾਂ ਲਈ ਕਲਰਕਾਂ, ਸੇਵਾਦਾਰਾਂ ਤੇ ਹੋਰ ਕਰਮਚਾਰੀਆਂ ਦੀ ਭਰਤੀ ਵੀ ਕਰਨੀ ਪਵੇਗੀ।

ਉਪਰੋਕਤ ਸਭ ਦਾ ਵਿਸ਼ਲੇਸ਼ਣ ਕਰਨ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਯੂਨੀਵਰਸਿਟੀ ਨੂੰ ਜਿੱਥੇ ਕਰੋੜਾਂ ਰੁਪਏ ਆਉਣੇ ਬੰਦ ਹੋ ਜਾਣਗੇ ਉੱਥੇ ਲੱਖਾਂ ਰੁਪਏ ਦੇ ਨਵੇਂ ਖ਼ਰਚੇ ਵਧ ਜਾਣਗੇ। ਇਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਦਮ ਨਾਲ ਯੂਨੀਵਰਸਿਟੀ ਦੀ ਆਰਥਿਕ ਹਾਲਤ ਹੋਰ ਡਗਮਗਾ ਜਾਵੇਗੀ। ਇਨ੍ਹਾਂ ਕਮਜ਼ੋਰ ਹਾਲਾਤ ਅਧੀਨ ਯੂਨੀਵਰਸਿਟੀ ਇਹ ਵਿੱਤੀ ਹਾਲਤ ਕਦੋਂ ਤਕ ਬਰਦਾਸ਼ਤ ਕਰੇਗੀ? ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

 

-(ਐਲੂਮਨੀ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ)।

 

-