ਸ਼ਾਹੀਨ ਬਾਗ ਧਰਨੇ ਵਿਚ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਦਿੱਲੀ ਪੁਲਸ ਨੇ ਆਈਐਸਆਈ ਦੇ ਏਜੰਟ ਬਣਾਇਆ

ਸ਼ਾਹੀਨ ਬਾਗ ਧਰਨੇ ਵਿਚ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਦਿੱਲੀ ਪੁਲਸ ਨੇ ਆਈਐਸਆਈ ਦੇ ਏਜੰਟ ਬਣਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਦੰਗਿਆਂ ਦੇ ਮਾਮਲਿਆਂ ਵਿਚ ਇਕ ਪਾਸੜ ਕਾਰਵਾਈ ਕਰਨ ਦੀ ਦੋਸ਼ੀ ਦਿੱਲੀ ਪੁਲਸ ਨੇ ਹੁਣ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਨੂੰ ਵੀ ਇਸ ਹਿੰਸਾ ਦੇ ਮਾਮਲਿਆਂ ਵਿਚ ਨਾਮਜ਼ਦ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਹਿੰਸਾ ਸਬੰਧੀ ਅਦਾਲਤ ਵਿਚ ਦਰਜ ਕਰਾਈ ਗਈ ਚਾਰਜਸ਼ੀਟ ਵਿਚ ਇਕ ਗ੍ਰਿਫਤਾਰ ਮੁਸਲਮਾਨ ਦੇ ਬਿਆਨਾਂ ਦੇ ਅਧਾਰ 'ਤੇ ਤਿੰਨ ਸਿੱਖਾਂ ਨੂੰ ਨਾਮਜ਼ਦ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਇਹ ਖਾਲਿਸਤਾਨੀ ਸਿੱਖ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ ਦੇ ਕਹਿਣ 'ਤੇ ਮੁਸਲਮਾਨਾਂ ਦੇ ਸਮਰਥਨ ਵਿਚ ਆਏ ਸਨ।

ਜ਼ਿਕਰਯੋਗ ਹੈ ਕਿ 2020 ਦੇ ਚੜਦਿਆਂ ਹੀ ਭਾਰਤੀ ਪਾਰਲੀਮੈਂਟ ਵੱਲੋਂ ਮੁਸਲਿਮ ਵਿਰੋਧੀ ਕਾਨੂੰਨ ਸੀਏਏ ਪਾਸ ਕੀਤੇ ਜਾਣ ਮਗਰੋਂ ਭਾਰਤ ਭਰ ਵਿਚ ਮੁਸਲਮਾਨ ਭਾਈਚਾਰੇ ਨੇ ਇਸ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਸਨ। ਆਪਣੇ ਗੁਰੂ ਸਿਧਾਂਤ ਦੇ ਮੁਤਾਬਕ ਸਿੱਖਾਂ ਨੇ ਇਹਨਾਂ ਪ੍ਰਦਰਸ਼ਨਾਂ ਵਿਚ ਮੁਸਲਮਾਨ ਭਾਈਚਾਰੇ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਆਪਣੀ ਪਰੰਪਰਾ ਮੁਤਾਬਕ ਪ੍ਰਦਰਸ਼ਨਾਂ ਵਿਚ ਲੰਗਰ ਲਾਏ ਸਨ। 

ਦਿੱਲੀ ਪੁਲਸ ਦੀ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਦਿੱਲੀ ਹਿੰਸਾ ਦੇ ਦੋਸ਼ੀ ਅਤ੍ਹਰ ਖਾਨ ਨੇ ਪੁਲਸ ਹਿਰਾਸਤ ਵਿਚ ਇਹ ਬਿਆਨ ਦਿੱਤਾ ਹੈ ਕਿ ਉਸਦੇ ਇਕ ਸਾਥੀ ਰਿਜ਼ਵਾਨ ਸਿੱਦੀਕੀ ਨੇ ਉਸਨੂੰ 10-11 ਫਰਵਰੀ ਨੂੰ ਦੱਸਿਆ ਸੀ ਕਿ ਉਹ ਸ਼ਾਹੀਨ ਬਾਗ ਪ੍ਰਦਰਸ਼ਨ ਵਿਚ ਕੁਝ ਖਾਲਿਸਤਾਨ ਦੇ ਸਮਰਥਕ ਸਿੱਖਾਂ ਨੂੰ ਮਿਲਿਆ ਹੈ ਜਿਹਨਾਂ ਦੀ ਪਛਾਣ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਦੱਸੀ ਗਈ ਹੈ ਅਤੇ ਇਹਨਾਂ ਨੇ ਉਸ ਨੂੰ ਕਿਹਾ ਸੀ ਕਿ ਪਾਕਿਸਤਾਨ ਦੀ ਆਈਐਸਆਈ ਉਹਨਾਂ ਦੀ ਮਦਦ ਕਰ ਰਹੀ ਹੈ ਅਤੇ ਆਈਐਸਆਈ ਨੇ ਸੁਨੇਹਾ ਭੇਜਿਆ ਹੈ ਕਿ ਖਾਲਿਸਤਾਨ ਦੇ ਸਮਰਥਕ ਸਿੱਖ ਸੀਏਏ ਅਤੇ ਐਨਆਰਸੀ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਵਿਚ ਮੁਸਲਮਾਨਾਂ ਦਾ ਸਾਥ ਦੇਣ। 

ਜ਼ਿਕਰਯੋਗ ਹੈ ਕਿ ਸ਼ਾਹੀਨ ਬਾਗ ਮੋਰਚੇ ਵਿਚ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਵੱਲੋਂ ਹੋਰ ਸਿੱਖ ਸੰਗਤਾਂ ਨਾਲ ਮਿਲ ਕੇ ਲੰਗਰ ਲਗਾਇਆ ਗਿਆ ਸੀ। ਪਰ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਦਿੱਲੀ ਪੁਲਸ ਨਫਰਤ ਭਰੀ ਕਾਰਵਾਈ ਅਧੀਨ ਹੁਣ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਵਿਚ ਨਾਮਜ਼ਦ ਕਰ ਰਹੀ ਹੈ।

ਪੁਲਸ ਦੀ ਚਾਰਜਸ਼ੀਟ ਮੁਤਾਬਕ ਉਕਤ ਮੁਸਲਮਾਨ ਨੌਜਵਾਨ ਨੇ ਬਿਆਨ ਵਿਚ ਕਿਹਾ ਕਿ ਇਹਨਾਂ ਸਿੱਖਾਂ ਨੇ ਰਿਜ਼ਵਾਨ ਸਿੱਦੀਕੀ ਨੂੰ ਕਿਹਾ ਸੀ ਕਿ ਕੁੱਝ ਦਿਨਾਂ ਤਕ ਉਹ ਆਪਣੇ ਇਕ ਬੰਦੇ ਨੂੰ ਧਰਨੇ ਵਾਲੀ ਥਾਂ ਭੇਜਣਗੇ। ਫੇਰ ਇਸ ਬਿਆਨ ਨਾਲ ਅੱਗੇ ਸਿੱਖ ਨੌਜਵਾਨ ਜ਼ਬਰਜੰਗ ਸਿੰਘ ਦਾ ਨਾਂ ਜੋੜ ਦਿੱਤਾ ਗਿਆ ਹੈ ਕਿ ਕੁੱਝ ਦਿਨਾਂ ਬਾਅਦ ਉਹ ਦਿੱਲੀ ਦੇ ਧਰਨੇ ਵਿਚ ਪਹੁੰਚਿਆ ਸੀ। ਦੱਸ ਦਈਏ ਕਿ ਜ਼ਬਰਜੰਗ ਸਿੰਘ ਨਿਹੰਗ ਬਾਣੇ ਦਾ ਧਾਰਨੀ ਸਿੱਖ ਹੈ ਅਤੇ ਉਸਨੇ ਦਿੱਲੀ ਦੇ ਮੁਸਲਮਾਨ ਧਰਨੇ ਵਿਚ ਮੁਸਲਮਾਨਾਂ ਦਾ ਸਮਰਥਨ ਕਰਦਿਆਂ ਸਿਰਫ ਕੁੱਝ ਮਿੰਟਾਂ ਲਈ ਆਪਣੀ ਗੱਲ ਰੱਖੀ ਸੀ। ਉਸਦੀ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਜਬਰਜੰਗ ਸਿੰਘ ਵੱਲੋਂ ਧਰਨੇ ਵਿਚ ਕੁੱਝ ਖਾਣ ਦੀਆਂ ਵਸਤਾਂ ਲੰਗਰ ਵਜੋਂ ਲੋਕਾਂ ਵਿਚ ਵੰਡੀਆਂ ਗਈਆਂ ਸੀ।

ਅਹਿਮ ਗੱਲ ਇਹ ਹੈ ਕਿ ਦੁਨੀਆ ਵਿਚ ਮਨੁੱਖੀ ਹੱਕਾਂ ਲਈ ਕੰਮ ਕਰਦੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਦਿੱਲੀ ਹਿੰਸਾ ਦੇ ਮਾਮਲਿਆਂ ਵਿਚ ਦਿੱਲੀ ਪੁਲਸ ਦੀ ਜਾਂਚ ਦੀ ਘੋਖ ਕੀਤੀ ਅਤੇ ਪਾਇਆ ਗਿਆ ਕਿ ਦਿੱਲੀ ਪੁਲਸ ਹਿੰਦੂਆਂ ਨੂੰ ਬਚਾ ਰਹੀ ਹੈ ਅਤੇ ਬੇਦੋਸ਼ੇ ਮੁਸਲਮਾਨਾਂ ਨੂੰ ਕਾਲੇ ਕਾਨੂੰਨਾਂ ਅਧੀਨ ਕੇਸਾਂ ਵਿਚ ਉਲਝਾਇਆ ਜਾ ਰਿਹਾ ਹੈ। 

ਸਿੱਖਾਂ ਵੱਲੋਂ ਮੁਸਲਮਾਨਾਂ ਦਾ ਸਮਰਥਨ ਕਰਨ ਕਰਕੇ ਹਿੰਦੁਤਵੀ ਲੋਕਾਂ ਨੂੰ ਬਹੁਤ ਤਕਲੀਫ ਹੋਈ ਸੀ। ਉਸ ਤਕਲੀਫ ਦਾ ਪ੍ਰਗਟਾਵਾ ਇਸ ਰਿਪੋਰਟ ਵਿਚੋਂ ਝਲਕ ਰਿਹਾ ਹੈ ਜਿੱਥੇ ਮਹਿਜ਼ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਆਈਐਸਆਈ ਨਾਲ ਜੋੜ ਕੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਵਿਚ ਨਾਮਜ਼ਦ ਕੀਤਾ ਜਾ ਰਿਹਾ ਹੈ। 

ਦੱਸਣਾ ਬਣਦਾ ਹੈ ਕਿ ਭਾਰਤ ਦੀਆਂ ਏਜੰਸੀਆਂ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਹਮੇਸ਼ਾ ਪਾਕਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਲਈ ਭਾਰਤੀ ਏਜੰਸੀਆਂ ਵੱਲੋਂ ਵੱਡਾ ਪੈਸਾ ਵੀ ਖਰਚਿਆ ਜਾਂਦਾ ਹੈ। ਇਸ ਦੀ ਤਾਜ਼ਾ ਉਦਾਰਹਨ ਕੈਨੇਡਾ ਵਿਰ ਇਕ ਸਾਬਕਾ ਪੱਤਰਕਾਰ ਦੀ ਲਿਖੀ ਰਿਪੋਰਟ ਵੀ ਹੈ ਜਿਸਨੇ ਮਨਘੜਤ ਬਿਆਨਬਾਜ਼ੀ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਸਿੱਖਾਂ ਦੀ ਅਜ਼ਾਦੀ ਲਹਿਰ ਨੂੰ ਪਾਕਿਸਤਾਨ ਦੀ ਭਾਰਤ ਖਿਲਾਫ ਸਾਜਿਸ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ 53 ਵਿਦਵਾਨਾਂ ਨੇ ਇਸ ਰਿਪੋਰਟ ਦੇ ਝੂਠ ਨੂੰ ਦੁਨੀਆ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਸੀ।