ਜੱਥੇਦਾਰਾਂ ਵਲੋਂ ਕੌਮ ਦੇ ਗੁਨਾਹਗਾਰ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਦੀ ਮੁੜ ਸਥਾਪਤੀ ਲਈ ਰਚੇ ਡਰਾਮੇ ਦਾ ਸਖਤ ਸ਼ਬਦਾਂ ਵਿਚ ਵਿਰੋਧ: ਸਿੱਖ ਫੈਡਰੇਸ਼ਨ ਅਮਰੀਕਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰਾਂ ਵਲੋਂ ਗੁਨਾਹਗਾਰ ਸੁਖਬੀਰ ਬਾਦਲ ਅਤੇ ਬਾਦਲ ਦਲ ਦੇ ਬਾਕੀ ਗੁਨਾਹਗਾਰ ਆਗੂਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ, ਗੋਲੀਆਂ ਚਲਾ ਕੇ ਮਾਰੇ ਸਿੱਖਾਂ, ਸੌਦਾ ਸਾਧ ਨੂੰ ਦਿਤੀ ਮੁਆਫੀ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਨ ਵਾਲੇ ਅਫਸਰਾਂ ਦੀ ਪੁਸ਼ਤ ਪਨਾਹੀ, ਸਿੱਖ ਕੌਮ ਨਾਲ ਕਮਾਏ ਧ੍ਰੋਹ ਅਤੇ ਹੋਰ ਬੱਜਰ ਗੁਨਾਹਾਂ ਨੂੰ ਛੋਟੀ ਮੋਟੀ ਸ਼ਖਸ਼ੀ ਗਲਤੀ ਤੁਲ ਮੰਨਕੇ, ਸੁਖਬੀਰ ਬਾਦਲ ਅਤੇ ਉਸਦੇ ਬਾਕੀ ਗੁਨਾਹਗਾਰ ਸਾਥੀਆਂ ਨੂੰ ਆਮ ਜਿਹੀ ਸਜਾ ਲਾ ਕੇ ਸਿੱਖ ਕੌਮ ਵਿਚ ਮੁੜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾ ਕਾਫੀ ਸਿੱਖ ਅਤੇ ਕੁਝ ਅਪਣੇ ਆਪ ਨੂੰ ਪੰਥਿਕ ਵਿਦਵਾਨ ਕਹਾਉਣ ਵਾਲੇ ਵੀ ਇਸ ਭਰਮ ਦਾ ਸ਼ਿਕਾਰ ਹੋ ਗਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦੀ ਮੁੜ ਬਹਾਲੀ ਹੋ ਜਾਵੇਗੀ ਪਰ ਬਹੁਤ ਥੋੜੇ ਸੂਝਵਾਨ ਸਿੱਖਾਂ ਨੂੰ ਇਹ ਗੱਲ ਸਮਝ ਆਈ ਕਿ ਦਰਅਸਲ ਜੱਥੇਦਾਰਾ ਨੇ ਸੁਖਬੀਰ ਬਾਦਲ ਨਾਲ ਰਲਕੇ ਉਸਦੇ ਪਰਿਵਾਰ ਅਤੇ ਸਾਥੀਆਂ ਦੇ ਕਦੇ ਨਾ ਮੁਆਫ ਹੋਣ ਵਾਲੇ ਬੱਜਰ ਗੁਨਾਹਾਂ ਨੂੰ ਕੋਝੇ ਤਰੀਕੇ ਨਾਲ ਸਿੱਖ ਮਾਨਸਿਕਤਾ ਚੋਂ ਖਤਮ ਕਰਨ ਦੀ ਗਹਿਰੀ ਸਾਜਿਸ਼ ਕੀਤੀ ਹੈ।
ਭਾਈ ਨਰੈਣ ਸਿੰਘ ਚੌੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਚਲਾਏ ਮਾਰਗ ਦਾ ਪਾਂਧੀ ਹੈ ਅਤੇ ਕੌਮ ਲਈ ਖਿੜੇ ਮੱਥੇ ਹਰ ਤਸ਼ੱਦਦ ਝੱਲਣ ਵਾਲਾ ਬਹੁਤ ਹੀ ਸਮਝਦਾਰ ਅਤੇ ਸਿੱਦਕੀ ਸਿੱਖ ਹੈ ਜਿਸਨੇ ਅਪਣੀ ਜਿੰਦਗੀ ਦੇ ਤਕਰੀਬਨ 45 ਸਾਲ ਸਿੱਖ ਕੌਮ ਦੀ ਅਜ਼ਾਦੀ ਲਈ ਲੜਾਈ ਲੜੀ, ਤਸ਼ੱਦਦ ਝੱਲੇ ਅਤੇ ਬਹੁਤ ਲੰਮਾ ਸਮਾ ਜੇਲ੍ਹ ਕੱਟੀ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹਨਾਂ ਨੂੰ ਬਾਦਲ ਦੇ ਲਾਏ ਜਥੇਦਾਰਾਂ ਵਲੋਂ ਸੁਖਬੀਰ ਬਾਦਲ ਦੀ ਸਹਿਮਤੀ ਨਾਲ ਰਚਿਆ ਇਹ ਡਰਾਮਾ ਬਹੁਤ ਜਲਦੀ ਸਮਝ ਆ ਗਿਆ ਅਤੇ ਉਹਨਾਂ ਸਿੱਖਾਂ ਨੂੰ ਜਗਾਉਣ ਲਈ ਤੇ ਝੂਠ ਦਾ ਪਾਜ ਉਧੇੜਨ ਲਈ ਇਹ ਕਾਰਵਾਈ ਕਰਨੀ ਜਰੂਰੀ ਸਮਝੀ, ਜਿਸ ਨਾਲ ਸੁਖਬੀਰ ਬਾਦਲ ਦਾ ਕੋਈ ਸ਼ਰੀਰਕ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਸ ਤਰੀਕੇ ਨਾਲ ਇਹ ਸਿੱਖ ਕੌਮ ਦੇ ਅੱਖੀਂ ਘੱਟਾ ਪਾ ਰਹੇ ਸੀ ਉਸਨੂੰ ਬਹੁਤ ਹੱਦ ਤੱਕ ਸਾਫ ਕਰ ਦਿੱਤਾ ਤੇ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਦੇ ਬਣਾਉਟੀ ਮਖੌਟੇ ਉਡਾ ਦਿੱਤੇ। ਭਾਈ ਨਰੈਣ ਸਿੰਘ ਚੌੜੇ ਦੀ ਇਹ ਕਾਰਵਾਈ ਇਕ ਸਿਦਕੀ ਸਿੱਖ ਦੀ ਬੇਵਸੀ ਚੋ ਨਿਕਲੀ ਰੋਹ ਭਟਪੂਰ ਕਾਰਵਾਈ ਹੈ ਜਿਸਨੂੰ ਸਮਝਣਾ ਸਿੱਖੀ ਸਿਧਾਂਤਾਂ ਦੀ ਡੂੰਘੀ ਸਮਝ ਰੱਖਣ ਵਾਲੇ ਸਿੱਖਾਂ ਦੇ ਹੀ ਹਿਸੇ ਆਵੇਗਾ।
ਇਸ ਘਟਨਾ ਤੋਂ ਬਾਅਦ ਜੱਦੀ ਪੁਸ਼ਤੀ ਕੌਮ ਨਾਲ ਦਗਾ ਕਮਾਉਣ ਵਾਲੇ ਅਤੇ ਨਸ਼ਾ ਤਸਕਰ ਬਿਕਰਮ ਮਜੀਠੀਏ ਦੀ ਅਗਵਾਈ ਵਿਚ ਬਾਕੀ ਬਾਦਲ ਦਲੀਆਂ ਨੇ ਭਾਈ ਨਰੈਣ ਸਿੰਘ ਚੌੜਾ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੇ ਸ਼ਬਦਾਂ ਤੇ ਸ਼ੈਲੀ ਦਾ ਉਹਨਾਂ ਵਿਖਾਵਾ ਕੀਤਾ ਉਸਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਨਾਂ ਜਿਹੜਾ ਧ੍ਰੋਹ ਸਿੱਖ ਕੌਮ ਨਾਲ ਕਮਾਇਆ ਉਸਦਾ ਇਹਨਾਂ ਨੂੰ ਜਰਾ ਜਿੰਨਾ ਵੀ ਪਛਤਾਵਾ ਨਹੀਂ ਅਤੇ ਅੱਜ ਵੀ ਇਹ ਉਸੇ ਹੰਕਾਰ ਅਤੇ ਹੈਂਕੜਬਾਜ਼ੀ ਵਿਚ ਵਿਚਰ ਰਹੇ ਹਨ। ਇਸੇ ਕੋਝੀ ਮੁਹਿੰਮ ਵਿਚ ਇਹਨਾਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਚੋ ਛੇਕਣ ਲਈ ਸ੍ਰੀ ਅਕਾਲ ਤਖ਼ਤ ਤੇ ਅਪਣੇ ਹੀ ਬਣਾਏ ਜਥੇਦਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੇ ਵੀ ਕੌਮ ਧ੍ਰੋਹੀ ਬਾਦਲ ਦਲੀਆਂ ਲਈ ਪੂਰੀ ਵਫ਼ਾਦਾਰੀ ਦਾ ਸਬੂਤ ਦਿੱਤਾ।
ਫੈਡਰੇਸ਼ਨ ਵਲੋਂ ਗੁਰਿੰਦਰਜੀਤ ਸਿੰਘ, ਪਰਦੀਪ ਸਿੰਘ, ਬਲਾਕਾ ਸਿੰਘ, ਮਨਜੀਤ ਸਿੰਘ, ਜਸਦੇਵ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਅਸੀ ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਭਾਈ ਨਰੈਣ ਸਿੰਘ ਚੌੜਾ ਵਲੋਂ ਕੀਤੀ ਕਾਰਵਾਈ ਨਾਲ ਪੂਰੀ ਤਰਾਂ ਨਾਲ ਸਹਿਮਤ ਹਾਂ ਅਤੇ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ। ਅਸੀਂ ਅਖੌਤੀ ਜੱਥੇਦਾਰਾਂ ਵਲੋਂ ਕੌਮ ਦੇ ਗੁਨਾਹਗਾਰ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਦੀ ਮੁੜ ਸਥਾਪਤੀ ਲਈ ਰਚੇ ਡਰਾਮੇ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ ਅਤੇ ਉਹਨਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਇਹਨਾਂ ਬਾਦਲਾਂ ਨੇ ਪਹਿਲਾਂ ਵੀ ਸੌਦਾ ਸਾਧ ਨੂੰ ਅਪਣੇ ਲਾਏ ਜੱਥੇਦਾਰਾਂ ਤੋਂ ਮੁਆਫੀ ਦਵਾਈ ਸੀ ਪਰ ਸਿੱਖ ਕੌਮ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ, ਅਖੌਤੀ ਜੱਥੇਦਾਰ ਤੇ ਖੁਦ ਬਾਦਲ ਸਭ ਰੱਦ ਕਰ ਦਿਤੇ। ਅਗਰ ਹੁਣ ਫੇਰ ਉਸੇ ਤਰਜ਼ ਤੇ ਕੌਮੀ ਯੋਧੇ ਭਾਈ ਨਰੈਣ ਸਿੰਘ ਚੌੜਾ ਨੂੰ ਕੌਮੀ ਭਾਵਨਾਵਾਂ ਦੇ ਉਲਟ ਪੰਥ ਚੋ ਛੇਕਣ ਦੀ ਹਿਮਾਕਤ ਕੀਤੀ ਤਾਂ ਹੁਣ ਵਾਲੇ ਜੱਥੇਦਾਰਾਂ ਨੂੰ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਹੋਰਾਂ ਦੀ ਦਸ਼ਾ ਨੂੰ ਇਕ ਬਾਰ ਯਾਦ ਜਰੂਰ ਕਰ ਲੈਣਾ ਚਾਹੀਦਾ, ਬਾਦਲ ਦਲ ਦਾ ਤਾ ਸਫਾਇਆ ਪਹਿਲਾ ਹੀ ਤਹਿ ਹੈ।
Comments (0)