ਕੈਨੇਡਾ ਦਾ ਜੰਮਪਲ ਦੁਮਾਲੇ ਵਾਲਾ ਕਿੰਗ ਮੇਕਰ ਜਗਮੀਤ ਸਿੰਘ   

ਕੈਨੇਡਾ ਦਾ ਜੰਮਪਲ ਦੁਮਾਲੇ ਵਾਲਾ ਕਿੰਗ ਮੇਕਰ ਜਗਮੀਤ ਸਿੰਘ   

 *ਵਕੀਲ ਤੋਂ ਕੈਨੇਡੀਅਨ ਸਿਆਸਤ ਤਕ ਦਿਖਾਏ ਜਲਵੇ

 *ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਰੀਕੇ ’ਚੋਂ ਪੜਪੋਤੇ ਏ ਜਗਮੀਤ ਸਿੰਘ   

* ਇਤਿਹਾਸਕ ਜਿੱਤ ’ਤੇ ਇਤਿਹਸਕ ਪਿੰਡ ਠੀਕਰੀਵਾਲਾ ਵਿਖੇ ਵਿਆਹ ਵਰਗਾ ਮਾਹੌਲ  

*  ਜਗਮੀਤ ਸਿੰਘ ਨੇ ਆਖਿਆ ਕਿ ਉਹ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

ਘੱਟ ਗਿਣਤੀਆਂ ’ਚੋਂ ਪਹਿਲੇ ਦੁਮਾਲੇ ਵਾਲੇ ਸਿੱਖ ਨੌਜਵਾਨ ਜਗਮੀਤ ਸਿੰਘ ਨੇ ਗੋਰਿਆਂ ਦੇ ਦੇਸ਼ ’ਚ ਮੁੜ੍ਹ ਜਿੱਤ ਦੇ ਝੰਡੇ ਗੱਡਕੇ ਖਾਲਸਾ ਪੰਥ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਸਿੱਧ ਵਕੀਲ ਤੋਂ ਸਿਆਸਤ ’ਚ ਕੁੱਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਧਰਤੀ ’ਤੇ ਗੋਰਿਆਂ ਦੇ ਮਨ ਨੂੰ ਮੋਹ ਕੇ ਉਨ੍ਹਾਂ ਦਾ ਮੁੜ੍ਹ ਦਿਲ ਜਿੱਤਦਿਆਂ ਆਪਣੀ ਪਾਰਟੀ ਦਾ ਵੋਟ ਬੈਂਕ ਵਧਾਇਆ ਹੈ, ਜਿੱਥੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਪਿਛਲੀ ਵਾਰੀ ਨਾਲੋ ਆਪਣੇ ਇੱਕ ਮੈਂਬਰ ਦੀ ਘੱਟ ਜਿੱਤ ਦਰਜ਼ ਕਰਵਾਈ, ਉੱਥੇ ਹੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੁਖੀ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ’ਚ 3 ਵੱਧ ਮੈਂਬਰਾਂ ਦੀ ਜਿੱਤ ਦਰਜ਼ ਹੋਈ। ਭਾਵ ਪਿਛਲੀ ਕੈਨੇਡਾ ਦੀ ਸਰਕਾਰ ’ਚ ਐਨਡੀਪੀ ਪਾਰਟੀ ਦੇ 24 ਮੈਂਬਰ ਸਨ ਇਸ ਵਾਰ 27 ਮੈਂਬਰਾਂ ਦੇ ਸਿਰ ਜਿੱਤ ਦਾ ਤਾਜ ਸਜਿਆ ਹੈ। ਉਨ੍ਹਾਂ ਦਾ ਪ੍ਰਚਾਰ ਕਰਨ ਦਾ ਅੰਦਾਜ਼ ਨੌਜਵਾਨਾਂ ਵਿਚਾਲੇ ਕਾਫ਼ੀ ਪ੍ਰਸਿੱਧ ਹੋ ਰਿਹਾ ਹੈ ਅਤੇ ਉਹਨਾਂ ਨੇ ਨੌਜਵਾਨਾਂ ਦੇ ਦਿਲ ਵਿੱਚ ਉਤਰਨ ਲਈ ਸੋਸ਼ਲ ਮੀਡੀਆ ਦਾ ਭਰਪੂਰ ਲਾਹਾ ਲਿਆ ਸੀ ।

ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਲੀਡਰ ਹਨ। 2017 ਵਿਚ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਸ਼ਵੇਤ ਵਿਅਕਤੀ ਸਨ ਜੋ ਪਾਰਟੀ ਦੇ ਨੇਤਾ ਬਣੇ ਸਨ।ਜਗਮੀਤ ਸਿੰਘ ਡਿਫੈਂਸ ਲਾਇਅਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ ਉਨਟਾਰੀਓ ਦੇ ਸਕਾਰਬੋਰੋ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇਕ ਸਾਈਕੇਟ੍ਰਿਸਟ ਰਹੇ ਹਨ ਤੇ ਉਨ੍ਹਾਂ ਦਾ ਇੱਕ ਛੋਟਾ ਭਰਾ ਵੀ ਹੈ, ਜਿਸ ਦਾ ਨਾਂ ਗੁਰਰਤਨ ਸਿੰਘ ਹੈ, ਉਹ ਵੀ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਰਹਿੰਦਾ ਹੈ। ਜਗਮੀਤ ਸਿੰਘ ਦੇ ਇੰਸਟਾਗ੍ਰਾਮ ’ਤੇ 7 ਲੱਖ ਤੋਂ ਵੱਧ ਫਾਲੋਅਰਸ ਹਨ, ਉਨ੍ਹਾਂ ਦੇ ਇੰਸਟਾਗ੍ਰਾਮ ਵੀਡੀਓ ਵਿੱਚ ਉਨ੍ਹਾਂ ਦੇ ਪ੍ਰਚਾਰ ਦੀ ਝਲਕ ਮਿਲ ਜਾਂਦੀ ਹੈ। ਕੁੱਲ ਮਿਲਾ ਕੇ ਜਗਮੀਤ ਸਿੰਘ ਕੈਨੇਡਾ ਦੀ ਸਿਆਸਤ ਵਿੱਚ ਹਰਮਨ-ਪਿਆਰੇ ਤੇ ਮਜ਼ਬੂਤ ਲੀਡਰ ਦੇ ਤੌਰ ’ਤੇ ਉਭਰੇ ਹਨ।ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਰੀਕੇ ’ਚੋਂ ਪੜਪੋਤੇ ਜਗਮੀਤ ਸਿੰਘ ਭਾਵੇਂ ਕੈਨੇਡਾ ਦੇ ਹੀ ਜਮਪਲ ਹਨ, ਪਰ ਉਨ੍ਹਾਂ ਦੀ ਇਤਿਹਸਕ ਜਿੱਤ ’ਤੇ ਇਤਿਹਸਕ ਪਿੰਡ ਠੀਕਰੀਵਾਲਾ ਵਿਖੇ ਵਿਆਹ ਵਰਗਾ ਮਾਹੌਲ ਹੈ। ਸੇਵਾ ਸਿੰਘ ਠੀਕਰੀਵਾਲਾ ਗੁਰੂ ਘਰ ਦੇ ਪ੍ਰਧਾਨ ਭਜਨ ਸਿੰਘ ਭੁੱਲਰ ਵਲੋਂ ਭੱਠੀਆਂ ਚੜਾ ਹਲਵਾਈਆਂ ਤੋਂ ਮਿਠਾਇਆ ਤੇ ਪਕੌੜੇ ਬਣਾ ਕੇ ਜਗਮੀਤ ਸਿੰਘ ਦੀ ਜਿੱਤ ’ਤੇ ਜਿੱਥੇ ਲੰਗਰ ਲਗਾਇਆ , ਉੱਥੇ ਹੀ ਪਿੰਡ ਠੀਕਰੀਵਾਲਾ ਦੇ ਨੌਜਵਾਨ ਯੂਥ ਕਲੱਬਾਂ ਦੇ ਆਗੂਆਂ, ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਜਗਮੀਤ ਸਿੰਘ ਦੀ ਜਿੱਤ ਤੇ ਕੈਨੇਡਾ ਦੀ ਸਰਕਾਰ ’ਚ ਕਿੰਗ ਮੇਕਰ ਵਜੋਂ ਪਛਾਣ ਰੱਖਣ ਵਾਲੇ ਸਿੱਖ ਨੌਜਵਾਨ ਦੀ ਕੈਨੇਡਾ ’ਚ ਜਿੱਤ ਉਪਰ ਭੰਗੜੇ ਪਾਏ।

ਸ਼ੋਸਲ ਮੀਡੀਆ ’ਤੇ ਜਗਮੀਤ ਦੀ ਕਿਤਾਬ ਦਾ ਟਾਇਟਲ ਘੁੰਮਿਆ

ਕੈਨੇਡਾ ਦੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਦੀ ਕਿਤਾਬ ‘ਲਵ ਐਂਡ ਕਰੇਜ਼’ ਉਨ੍ਹਾਂ ਦੀ ਜਿੱਤ ’ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਜਿੱਥੇ ਸ਼ੋਸਲ ਮੀਡੀਆ ’ਤੇ ਸਾਂਝੀ ਕੀਤੀ ਗਈ ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਉਨ੍ਹਾਂ ਦੇ ਪਿਛੋਕੜ ਪਿੰਡ ਠੀਕਰੀਵਾਲਾ ਦੇ ਵਸਿੰਦਿਆਂ ਵਲੋਂ ਆਨ ਲਾਇਨ ਮੰਗਵਾਉਣ ਨੂੰ ਵੀ ਤਵੱਜੋ ਦਿੱਤੀ ਗਈ। 309 ਸਫ਼ਿਆ ਦੀ ਇਸ ਕਿਤਾਬ ’ਚ ਜਗਮੀਤ ਸਿੰਘ ਨੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਹੋਈਆਂ ਹਨ।

ਵਕੀਲ ਤੋਂ ਸਿਆਸਤ ਤਕ

ਜਗਮੀਤ ਸਿੰਘ ਤੇ ਉਨ੍ਹਾਂ ਦਾ ਭਰਾ ਗੁਰਤਨ ਸਿੰਘ ਦੋਵੇਂ ਹੀ ਪੇਸ਼ੇਵਰ ਪ੍ਰਸਿੱਧ ਵਕੀਲ ਹਨ। 2011 ’ਚ ਜਗਮੀਤ ਨੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਦਿਆਂ ਪਹਿਲੀ ਵਾਰ ਉਨਟਾਰੀਓ (ਕੈਨੇਡਾ) ਦੀ ਅਸੈਂਬਲੀ ’ਚ ਚੋਣ ਜਿੱਤ ਕੇ ਪੁੱਜੇ ਸਨ। 2015 ’ਚ ਐਮਪੀਪੀ ਜਿੱਤ ਐਨਡੀਪੀ ਦੇ ਉੱਪ ਨੇਤਾ ਚੁਣੇ ਗਏ ਸਨ। 2017 ’ਚ ਐਨਡੀਪੀ ਪਾਰਟੀ ਦੀ ਚੋਣ ਹੋਈ। ਜਿਸ ’ਚ ਚਾਰ ਉਮੀਦਵਾਰਾਂ ਨੇ ਮੁੱਖ ਪ੍ਰਧਾਨ ਬਣਨ ਲਈ ਚੋਣ ਲਈ ਜਿਸ ’ਚ 53.8 ਫ਼ੀਸਦੀ ਵੋਟਾਂ ਹਾਸ਼ਲ ਕਰਕੇ ਜਗਮੀਤ ਸਿੰਘ ਐਨਡੀਪੀ ਦੇ ਮੁਖੀ ਚੁਣੇ ਗਏ। 2019 ’ਚ ਬਰਨਬੀ ਸਾਊਥ ਸੀਟ ਤੋਂ ਚੋਣ ਜਿੱਤੇ ਤੇ 2021 ’ਚ ਵੀ ਮੁੜ੍ਹ ਇਸੇ ਸੀਟ ਤੋਂ ਜਿੱਤ ਦਰਜ ਕੀਤੀ ਹੈ। ਕੈਨੇਡਾ ਦੀ ਰਾਜਨੀਤੀ ’ਚ ਉਨ੍ਹਾਂ ਨੂੰ ਕਿੰਗ ਮੇਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 2019 ’ਚ ਉਨ੍ਹਾਂ ਦੀ ਪਾਰਟੀ ਨੇ ਭਾਵੇਂ ਆਪਣੇ 24 ਮੈਂਬਰਾਂ ਨੂੰ ਜਤਾਇਆ ਸੀ। ਪਰ ਵੋਟ ਬੈਂਕ ਦੇ ਪੱਧਰ ’ਤੇ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣਾਉਣ ’ਚ ਜਗਮੀਤ ਸਿੰਘ ਦਾ ਸਭ ਤੋਂ ਵੱਡਾ ਰੋਲ ਸੀ।ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਆਪਣੀ ਜਿਤ ਬਾਰੇ ਲੋਕਾਂ ਦਾ ਧੰਨਵਾਦ ਕਰਦਿਆਂ  ਆਖਿਆ ਕਿ ਉਹ ਵਾਅਦਾ ਕਰਦੇ ਹਨ ਜੋ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ।

ਭਾਰਤ ਸਰਕਾਰ ਨੇ ਪਿੰਡ ਆਉਣ ’ਤੇ ਲਗਾਈ ਸੀ ਰੋਕ

ਕਰੀਬ ਦੋ ਦਹਾਕੇ ਪਹਿਲਾਂ ਜਗਮੀਤ ਸਿੰਘ ਆਪਣੇ ਦਾਦੇ ਦੀ ਹੋਈ ਮੌਤ ’ਤੇ ਜ਼ਿਲ੍ਹਾ ਬਰਨਾਲਾ ਦੇ ਇਤਿਹਸਕ ਆਪਣੇ ਪੁਰਖ਼ਿਆਂ ਦੀ ਧਰਤੀ ’ਤੇ ਪਿੰਡ ਠੀਕਰੀਵਾਲਾ ਆਏ ਸਨ। ਜਦ 2013 ’ਚ ਉਨ੍ਹਾਂ ਨੇ ਮੁੜ੍ਹ ਆਪਣੇ ਪਿੰਡ ਆਉਣਾ ਸੀ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਆਉਣ ’ਤੇ ਰੋਕ ਲਗਾ ਦਿੱਤੀ ਸੀ। ਜਿਸ ’ਤੇ ਉਨ੍ਹਾਂ ਨੇ ਹਵਾਲਾ ਦਿੱਤਾ ਸੀ ਕਿ ਉਹ 1984 ਦੇ ਦੰਗਾ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਦਸੰਬਰ 2013 ’ਚ ਸ਼੍ਰੀ ਅੰਮਿ੍ਤਸਰ ਸਾਹਿਬ ਆਉਣਾ ਸੀ, ਜਿਸ ’ਤੇ ਹਿੰਦੁਸਤਾਨ ਦੀ ਸਰਕਾਰ ਨੇ ਰੋਕ ਲਗਾ ਦਿੱਤੀ ਸੀ।