ਕੋਵਿਡ ਮਹਾਮਾਰੀ ਤੋਂ ਬਾਅਦ ਆਰਥਿਕ ਸੰਕਟ ਵਿਚ ਫਸਿਆ ਰਿਹਾ ਕੈਨੇਡਾ

ਕੋਵਿਡ ਮਹਾਮਾਰੀ ਤੋਂ ਬਾਅਦ ਆਰਥਿਕ ਸੰਕਟ ਵਿਚ ਫਸਿਆ ਰਿਹਾ ਕੈਨੇਡਾ

ਕੀ ਕੈਨੇਡਾ ਗ਼ਲਤ ਅਤੇ ਜਿੱਲ੍ਹਣ ਭਰੀ ਆਰਥਿਕ ਦਿਸ਼ਾ ਵੱਲ ਵਧ ਰਿਹਾ ਹੈ?

ਕੀ ਇਸ ਦੀ ਅਜੋਕੀ ਰਾਜਨੀਤਕ ਲੀਡਰਸ਼ਿਪ ਆਰਥਿਕ ਦਿਸ਼ਾਹੀਣਤਾ ਦੀ ਸ਼ਿਕਾਰ ਹੋ ਚੁੱਕੀ ਹੈ? ਲਗਪਗ 22 ਬਿਲੀਅਨ ਦੀ ਸਾਲਾਨਾ ਪਰਵਾਸੀ ਵਿਦਿਆਰਥੀਆਂ ਆਧਾਰਿਤ ਮਾਰਕੀਟ ਵੀ ਇਸ ਦੀ ਰੋੜ੍ਹੇ ਪਈ ਆਰਥਿਕਤਾ ਨੂੰ ਠੁੰਮ੍ਹਣਾ ਦੇਣ ’ਵਿਚ ਨਾਕਾਮ ਸਿੱਧ ਹੋ ਰਹੀ ਹੈ? ਕੀ ਲਿੰਗ ਅਤੇ ਸਮਾਜਿਕ ਅਸਮਾਨਤਾ, ਆਰਥਿਕ ਅਤੇ ਉਜਰਤਾਂ ਵਿਚ ਵਧਦੇ ਪਾੜੇ ਭਰੀ ਬੇਇਨਸਾਫ਼ੀ ਨੇ ਕੈਨੇਡੀਅਨਾਂ ਨੂੰ ਘੋਰ ਨਿਰਾਸ਼ਾ ਅਤੇ ਉਤਸ਼ਾਹ-ਹੀਣਤਾ ਦੇ ਪੀੜਾਜਨਕ ਆਲਮ ਵੱਲ ਧੱਕ ਦਿੱਤਾ ਹੈ? ਕੋਵਿਡ ਮਹਾਮਾਰੀ ਤੋਂ ਬਾਅਦ ਹਾਲਾਤ ਇੰਨੇ ਸੰਗੀਨ ਬਣ ਚੁੱਕੇ ਹਨ ਕਿ ਆਏ ਦਿਨ ਰੋਜ਼ਾਨਾ ਜ਼ਰੂਰੀਆਤ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਘਰੇਲੂ ਆਰਥਿਕਤਾ ਨੂੰ ਨਿੰਬੂ ਵਾਂਗ ਨਿਚੋੜ ਰਿਹਾ ਹੈ।

ਪਰਿਵਾਰ ਲਈ 500-600 ਡਾਲਰ ਦੀ ਮਾਸਿਕ ਗਰੋਸਰੀ ਹੁਣ 1500-2000 ਡਾਲਰ ਤਕ ਪਹੁੰਚ ਗਈ ਹੈ। ਵਿਆਜ ਦਰਾਂ ਵਿਚ ਵਾਧੇ (4.5 ਪ੍ਰਤੀਸ਼ਤ) ਨੇ ਗ਼ਰੀਬ ਅਤੇ ਮੱਧ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਔਰਤਾਂ ਅਤੇ ਨੌਜਵਾਨ ਵਰਗ ਅਤਿ ਪੀੜਤ ਮਹਿਸੂਸ ਕਰ ਰਿਹਾ ਹੈ। ਲੇਗਰ ਸਰਵੇ ਅਨੁਸਾਰ ਦੇਸ਼ ਦੀ ਵੱਡੀ ਬਹੁਗਿਣਤੀ ਕੁਝ ਇੰਜ ਮਹਿਸੂਸ ਕਰ ਰਹੀ ਹੈ ਜਿਵੇਂ ਇਸ ਦੇਸ਼ ਅੰਦਰ ਹਰ ਚੀਜ਼ ਬੁਰੀ ਤਰ੍ਹਾਂ ਟੁੱਟਣ ਦੇ ਦਹਾਨੇ ’ਤੇ ਖੜ੍ਹੀ ਹੈ। ਪਚਵੰਜਾ ਸਾਲ ਤੋਂ ਉੱਪਰ ਵਾਲੇ 64 ਪ੍ਰਤੀਸ਼ਤ ਆਦਮੀ ਅਤੇ 70 ਪ੍ਰਤੀਸ਼ਤ ਔਰਤਾਂ ਦਾ ਮੰਨਣਾ ਹੈ ਕਿ ਕੈਨੇਡਾ ਆਰਥਿਕ, ਸਮਾਜਿਕ, ਜਨਤਕ ਸੇਵਾਵਾਂ ਪੱਖੋਂ ਬੁਰੀ ਤਰ੍ਹਾਂ ਨਾਕਾਮ ਸਿੱਧ ਹੋ ਰਿਹਾ ਹੈ। ਅਮਰੀਕਾ ਅਤੇ ਪੱਛਮੀ ਦੇਸ਼ਾਂ ਵਿਚਲੇ ਰਾਜਨੀਤਕ ਆਗੂ ਸਮਝਦੇ ਹਨ ਕਿ ਕੈਨੇਡੀਅਨ ਨਾਗਰਿਕ ਉਨ੍ਹਾਂ ਦੇ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲ ਰਹੀਆਂ ਸਹੂਲਤਾਂ, ਤਨਖ਼ਾਹਾਂ, ਰੋਜ਼ਾਨਾ ਉਜਰਤਾਂ, ਜਨਤਕ ਸੇਵਾਵਾਂ ਤੋਂ ਬੁਰੀ ਤਰ੍ਹਾਂ ਪੱਛੜੇ ਮਹਿਸੂਸ ਕਰ ਰਹੇ ਹਨ। ਪੱਛਮੀ ਦੇਸ਼ ਹੀ ਨਹੀਂ ਬਲਕਿ ਕੈਨੇਡਾ ਦੇ ਮੈਨੀਟੋਬਾ, ਸਸਕੈਚਵਨ, ਅਲਬਰਟਾ ਸੂਬਿਆਂ ਦੇ ਲੋਕ ਸਮਝ ਰਹੇ ਹਨ ਕਿ ਦੇਸ਼ ਬੁਰੀ ਤਰ੍ਹਾਂ ਮਾਰੂ ਖੜੋਤ ਦਾ ਸ਼ਿਕਾਰ ਹੋਇਆ ਪਿਆ ਹੈ। ਕਿਊਬੈਕ ਫਰਾਂਸੀਸੀ ਭਾਸ਼ਾਈ ਸੂਬੇ ਦੇ 59 ਪ੍ਰਤੀਸ਼ਤ ਲੋਕ ਵੀ ਆਰਥਿਕ ਪੱਖੋਂ ਅੰਧੇਰੀਆਂ ਗਲੀਆਂ ਦੇ ਸ਼ਿਕਾਰ ਮਹਿਸੂਸ ਕਰ ਰਹੇ ਹਨ। ਲੇਗਰ ਸਰਵੇ ਦਰਸਾਉਂਦਾ ਹੈ ਕਿ ਸਭ ਤੋਂ ਵੱਡੇ ਮੁੱਦੇ ਜੋ ਕੈਨੇਡੀਅਨ ਨੂੰ ਬੁਰੀ ਤਰ੍ਹਾਂ ਪੀੜਤ ਕਰ ਰਹੇ ਹਨ ਉਹ ਹਨ, ਲਗਾਤਾਰ ਵਧਦੀਆਂ ਰੋਜ਼ਮੱਰਾ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਤੇ ਸਿਹਤ ਸੇਵਾਵਾਂ ਨਾ ਮਿਲਣ ਤੋਂ 59 ਪ੍ਰਤੀਸ਼ਤ ਲੋਕ ਬੁਰੀ ਤਰ੍ਹਾਂ ਪੀੜਤ ਮਹਿਸੂਸ ਕਰ ਰਹੇ ਹਨ। ਕਿੰਨੀ ਸ਼ਰਮ ਦੀ ਗੱਲ ਹੈ ਕਿ 2.2 ਮਿਲੀਅਨ ਓਂਟੇਰੀਅਨਾਂ ਨੂੰ ਕੋਈ ਫੈਮਲੀ ਡਾਕਟਰ ਉਪਲਬਧ ਨਹੀਂ। ਸਤੰਬਰ 2004 ਵਿਚ ਕੈਨੇਡਾ ਦੇ 21ਵੇਂ ਪ੍ਰਧਾਨ ਮੰਤਰੀ ਪਾਲਮਾਰਟਨ ਨੇ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਕ ਵਿਆਪਕ ਸਿਹਤ ਸਮਝੌਤਾ ਕੀਤਾ ਸੀ ਤਾਂ ਕਿ ਦੇਸ਼ ਅੰਦਰ ਫੇਲ ਹੋਈਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ।

ਮਕਸਦ ਮੁੱਖ ਤੌਰ ’ਤੇ ਇਹ ਸੀ ਕਿ ਦੇਸ਼ ਦੇ ਹਰ ਨਾਗਰਿਕ ਤਕ ਕੁਆਲਿਟੀ ਵਾਲੀਆਂ ਸਿਹਤ ਸੇਵਾਵਾਂ ਪਹੁੰਚਣ। ਉਸ ਸਮੇਂ ਅੱਖਾਂ, ਗੋਡੇ ਬਦਲਣ, ਚੂਲਿਆਂ ਦੇ ਟੁੱਟਣ ਸਬੰਧੀ ਸਰਜਰੀਆਂ ਲਈ ਡਾਕਟਰੀ ਸੇਵਾਵਾਂ ਦੀ ਵੱਡੀ ਘਾਟ ਪਾਈ ਜਾ ਰਹੀ ਸੀ। ਪਰਿਵਾਰਾਂ ਸਬੰਧੀ ਡਾਕਟਰਾਂ ਤੋਂ ਸਿਹਤ ਸਬੰਧੀ ਮੁਲਾਕਾਤਾਂ ਦਾ ਸਮਾਂ ਲੈਣਾ ਬਹੁਤ ਔਖਾ ਸੀ। ਲੇਕਿਨ ਕੁਝ ਸਮੇਂ ਬਾਅਦ ਨਵੀਂ ਨੀਤੀ ਫੇਲ੍ਹ ਹੋਣ ਲੱਗੀ। ਸੰਨ 2014 ਵਿਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਨ੍ਹਾਂ ਵਿਚ ਵੱਡੇ ਬਦਲਾਅ ਲਿਆਉਣ ਲਈ ਰਾਜਾਂ ਨੂੰ ਅਧਿਕਾਰ ਦੇਣ ਦਾ ਫ਼ੈਸਲਾ ਤਾਂ ਲਿਆ ਪਰ ਫੈਡਰਲ ਸਰਕਾਰ ਵੱਲੋਂ ਰਾਜਾਂ ਨੂੰ ਇਸ ਸਬੰਧੀ ਫੰਡ ਜਾਰੀ ਕਰਨ ਤੋਂ ਹੱਥ ਪਿੱਛੇ ਖਿੱਚਣ ਕਰਕੇ ਇਹ ਬਦਲ ਸਿਰੇ ਨਾ ਚੜਿ੍ਹਆ। ਅੱਜ ਹਾਲਾਤ ਸੰਨ 2004 ਤੋਂ ਵੀ ਮਾੜੇ ਹਨ। ਅੱਖਾਂ, ਗੋਡੇ ਬਦਲਣ, ਚੂਲਿਆਂ ਸਬੰਧੀ ਸਰਜਰੀਆਂ ਅਤੇ ਫੈਮਲੀ ਡਾਕਟਰਾਂ ਨਾਲ ਸਮੇਂ ਸਿਰ ਮੁਲਾਕਾਤਾਂ ਦਾ ਸਮਾਂ ਨਹੀਂ ਮਿਲ ਰਿਹਾ। ਬਹੁਤ ਸਾਰੇ ਭਾਰਤੀ ਤੁਰੰਤ ਇਲਾਜ ਲਈ ਭਾਰਤ ਚਲੇ ਜਾਂਦੇ ਹਨ। ਇਕ ਨਵੀਂ ਸਟੈਟਿਕਸ ਕੈਨੇਡਾ ਰਿਪੋਰਟ ਦਰਸਾਉਂਦੀ ਹੈ ਕਿ ਨੌਜਵਾਨ ਬਾਲਗ ਕੈਨੇਡੀਅਨ ਸ਼ਹਿਰੀਆਂ ਦੀ ਵਿੱਤੀ ਹਾਲਤ ਏਨੀ ਗੰਭੀਰ ਅਤੇ ਚਿੰਤਾਜਨਕ ਦੌਰ ਵਿਚ ਪੁੱਜ ਗਈ ਹੈ ਕਿ ਉਹ ਸਮਾਜ ਵਿਚ ਜਿਊਣ ਅਤੇ ਵਿਚਰਨ ਪ੍ਰਤੀ ਬਹੁਤ ਹੀ ਅਸਹਾਇ ਤੇ ਮਾਨਸਿਕ ਤੌਰ ’ਤੇ ਪੀੜਾਜਨਕ ਦਬਾਅ ਹੇਠ ਮਹਿਸੂਸ ਕਰ ਰਹੇ ਹਨ। ਪੈਂਤੀ ਪ੍ਰਤੀਸ਼ਤ ਕੈਨੇਡੀਅਨ ਦੱਸਦੇ ਹਨ ਕਿ ਪਿਛਲੇ ਵਰ੍ਹੇ ਉਹ ਅਤਿ ਦੀ ਘਰੇਲੂ ਵਿੱਤੀ ਘੁਟਣ ਵਿੱਚੋਂ ਗੁਜ਼ਰੇ ਹਨ ਕਿਉਂਕਿ ਉਨ੍ਹਾਂ ਲਈ ਘਰੇਲੂ ਜ਼ਰੂਰਤਾਂ ਦੀ ਪੂਰਤੀ ਅਸੰਭਵ ਹੋ ਗਈ ਸੀ।

ਲਗਪਗ ਅੱਠ ਜ਼ਰੂਰੀ ਵਸਤਾਂ ਤੇ ਉਪਭੋਗਤਾ ਕੀਮਤ ਇੰਡੈਕਸ ਵਿਚ ਸੰਨ 1982 ਤੋਂ ਬਾਅਦ ਇੰਨੇ ਵੱਡੇ ਪੱਧਰ ’ਤੇ ਵਾਧਾ ਹੋਇਆ ਕਿ ਉਹ ਉਨ੍ਹਾਂ ਦੀ ਵਿੱਤੀ ਸਮਰੱਥਾ ਤੋਂ ਬਾਹਰ ਹੁੰਦੇ ਮਹਿਸੂਸ ਹੋ ਗਈਆਂ। ਸੰਨ 2022 ਵਿਚ ਮਕਾਨ ਕਿਰਾਇਆ ਰਾਸ਼ਟਰੀ ਪੱਧਰ ’ਤੇ 11 ਪ੍ਰਤੀਸ਼ਤ ਵਧ ਗਿਆ। ਕਦੇ ਦੁਨੀਆ ਦੇ ਅਤਿ ਵਿਕਸਤ, ਖ਼ੂਬਸੂਰਤ ਅਤੇ ਵਿੱਤੀ ਜ਼ਰੂਰਤਾਂ ਪ੍ਰਤੀ ਸਮਰੱਥ ਅਤੇ ਖ਼ੁਸ਼ਹਾਲ ਦੇਸ਼ ਅਖਵਾਉਣ ਵਾਲੇ ਕੈਨੇਡਾ ਵਿਚ ਅੱਜ ਲੋਕ ਠੱਗੀਆਂ ਮਾਰਨ ’ਤੇ ਉਤਾਰੂ ਹਨ। ਲੇਖਕ ਦੇ ਘਰੋਂ ਇਕ ਕੈਰੇਬੀਅਨ ਗੁਆਂਢਣ 700 ਡਾਲਰ ਮੰਗ ਕੇ ਲੈ ਗਈ, ਪਹਿਲੀ ਤਰੀਕ ਨੂੰ ਦੇਣ ਦਾ ਵਾਅਦਾ ਕਰਕੇ। ਲਗਪਗ 4 ਮਹੀਨੇ ਹੋਣ ਵਾਲੇ ਹਨ ਪਰ ਪਹਿਲੀ ਤਰੀਕ ਅਜੇ ਨਹੀਂ ਆਈ। ਇਕ ਪੰਜਾਬੀ ਨੌਜਵਾਨ ਜੋੜੇ ਤੋਂ ਇਕ ਕਾਰੋਬਾਰ ਖੋਲ੍ਹਣ ਲਈ ਇਕ ਟੋਰਾਂਟੋ ਨਿਵਾਸੀ ਗੋਰਾ ਕਾਰੋਬਾਰੀ ਲਿਖਤੀ-ਪੜ੍ਹਤੀ 30,000 ਡਾਲਰ ਠੱਗ ਕੇ ਲੈ ਜਾਂਦਾ ਹੈ। ਉਹ ਮਿਆਦ ਤੋਂ ਪਹਿਲਾਂ ਨਾਂਹ ਕਰ ਦਿੰਦੇ ਹਨ ਕਾਰੋਬਾਰ ਸਬੰਧੀ। ਕਰੀਬ ਦੋ ਸਾਲ ਹੋਣ ਵਾਲੇ ਹਨ, ਉਹ ਪੈਸੇ ਵਾਪਸ ਕਰਨ ਲਈ ਤਿਆਰ ਨਹੀਂ। ਹੁਣ ਖਾਓ ਅਦਾਲਤਾਂ ਦੇ ਧੱਕੇ।

15 ਤੋਂ 24 ਸਾਲ ਦੇ 60 ਪ੍ਰਤੀਸ਼ਤ, 24 ਤੋਂ 34 ਸਾਲ ਦੇ 56 ਪ੍ਰਤੀਸ਼ਤ ਲੋਕ ਮਕਾਨ ਜਾਂ ਕਿਰਾਏ ਲਈ ਧਨ ਜੁਟਾਉਣ ਤੋਂ ਅਸਮਰੱਥਾ ਜ਼ਾਹਿਰ ਕਰਦੇ ਹਨ। ਲੇਕਿਨ 65 ਸਾਲ ਤੋਂ ਉੱਪਰ ਵਾਲੇ ਇਸ ਸੂਚੀ ਵਿਚ ਆਉਣ ਵਾਲੇ 27 ਪ੍ਰਤੀਸ਼ਤ ਹਨ। ਸੰਨ 2021 ਦੇ ਕੈਨੇਡੀਅਨ ਹਾਊਸਿੰਗ ਸਰਵੇ ਅਨੁਸਾਰ ਪਿਛਲੇ ਦਹਾਕੇ 2010 ਤੋਂ 2020 ਨਾਲੋਂ ਚਾਲੂ ਦਹਾਕੇ ਵਿਚ ਨੌਜਵਾਨਾਂ ਵਿਚ ਮਕਾਨ ਖ਼ਰੀਦਣ ਦੀ ਵਿੱਤੀ ਸਮਰੱਥਾ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲਾਂ ਜਿਸ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਇਕ ਪੀੜ੍ਹੀ ਉਤਾਰ ਸਕਣਯੋਗ ਸੀ ਹੁਣ ਇਹ ਭਾਰ ਦੂਸਰੀ ਪੀੜ੍ਹੀ ਨੂੰ ਵੀ ਉਤਾਰਨਾ ਪਵੇਗਾ। ਚੁਹੱਤਰ ਪ੍ਰਤੀਸ਼ਤ ਕਾਲੇ ਅਤੇ 65 ਪ੍ਰਤੀਸ਼ਤ ਸਾਊਥ ਏਸ਼ੀਅਨ ਕੈਨੇਡੀਅਨਾਂ ਨੂੰ ਜੀਵਨ ਵਿਚ ਮਕਾਨ ਖ਼ਰੀਦਣ ਦਾ ਸੁਪਨਾ ਸਾਕਾਰ ਹੁੰਦਾ ਵਿਖਾਈ ਨਹੀਂ ਦਿੰਦਾ ਲੱਗਦਾ। ਬੈਂਕ ਆਫ ਕੈਨੇਡਾ ਦੇ ਪਿਛਲੇ ਮਹੀਨੇ ਦੇ ਸਰਵੇ ਅਨੁਸਾਰ 58.33 % ਕੈਨੇਡੀਅਨ ਆਪਣੀ ਮਾਸਿਕ ਗਰੋਸਰੀਜ਼ (ਕਰਿਆਨਾ) ਤੇ 50 ਪ੍ਰਤੀਸ਼ਤ ਆਪਣੇ ਯਾਤਾਯਾਤ ਦੇ ਖ਼ਰਚਿਆਂ ਵਿਚ ਕਟੌਤੀ ਕਰਨ ਲਈ ਮਜਬੂਰ ਹੋਏ ਹਨ। ਅਮਰੀਕੀ ਲੋਕ ਵੀ ਮਹਿੰਗਾਈ ਦੀ ਮਾਰ, ਸਿਹਤ, ਸਿੱਖਿਆ ਸੇਵਾਵਾਂ ਵਿਚ ਨਿਘਾਰ ਤੇ ਅਸੁਰੱਖਿਅਤ ਭਵਿੱਖ ਤੋਂ ਏਨੇ ਮਾਯੂਸ ਹਨ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਅੰਦਰ ਪੱਛਮ ਵਾਂਗ ਉਜਰਤਾਂ ’ਚੋਂ ਭਾਵੇਂ 50 ਪ੍ਰਤੀਸ਼ਤ ਕਟੌਤੀ ਕਰ ਲਓ ਪਰ ਉਨ੍ਹਾਂ ਵਰਗੀਆਂ ਸਿਹਤ, ਸਿੱਖਿਆ ਤੇ ਜਨਤਕ ਸੇਵਾਵਾਂ ਮੁਹੱਈਆ ਕਰਵਾਓ।

ਆਮ ਅਮਰੀਕੀ ਦੇਸ਼ ਦੀਆਂ ਗਲੋਬਲ ਚੌਧਰਵਾਦੀ ਨੀਤੀਆਂ ਤੋਂ ਤੰਗ ਆਇਆ ਪਿਆ ਹੈ। ਕਿਧਰੇ ਵੀ ਇਸ ਧਰਤੀ ’ਤੇ ਸੁਹਣੇ ਦੇਸ਼ਾਂ ਵਿੱਚੋਂ ਸਰਵੋਤਮ ਪੰਜਾਬ ਵਰਗੀ ਜ਼ਰਖੇਜ਼ ਮਿੱਟੀ, ਮਨਮੋਹਕ ਵਾਤਾਵਰਨ, ਮਾਨਵ ਸ਼ਕਤੀ ਭਰਿਆ ਦੇਸ਼ ਨਹੀਂ। ਬਸਤੀਵਾਦੀ ਬਿ੍ਰਟਿਸ਼ ਅਤੇ ਅਮਰੀਕੀ ਸਾਮਰਾਜ ਨੇ ਇਸ ਦੇ ਫ਼ਿਰਕੂ ਜ਼ਹਿਰ ਆਧਾਰਤ ਸਾਜਿਸ਼ ਰਾਹੀਂ ਸੰਨ 1947 ਵਿਚ ਦੋ ਟੋਟੇ ਕਰ ਦਿੱਤੇ। ਭਰਾਵਾਂ ਤੋਂ ਭਰਾ ਮਰਵਾ ਦਿੱਤੇ। ਦਸ ਲੱਖ ਪੰਜਾਬੀ ਮਾਰੇ ਗਏ। ਪੰਜਾਬ ਦੀ ਪੱਤ (ਧੀਆਂ-ਭੈਣਾਂ-ਮਾਵਾਂ) ਰੁਲ ਗਈ।

ਪੂਰਬੀ ਪੰਜਾਬ ਨੂੰ ਭਾਰਤ ਰੋਟੀ ਖ਼ਾਤਰ ਚੱਟ ਗਿਆ। ਪੱਛਮੀ ਪੰਜਾਬ ਨੂੰ ਫ਼ੌਜੀ ਜਨਰਲ, ਸਾਮੰਤਵਾਦੀ ਜਾਗੀਰਦਾਰੀ ਅਤੇ ਕੱਟੜਵਾਦੀ ਮੁਲਾਣਾਵਾਦ ਚੱਟ ਗਿਆ। ਪੰਜਾਬੀ ਪੰਜਾਬ ਛੱਡਣ ਲਈ ਮਜਬੂਰ ਹੋ ਗਏ। ਪੰਜਾਬੀ ਜਿਊਂਦੇ ਗੁਰੂਆਂ-ਪੀਰਾਂ-ਨਾਥਾਂ ਦੇ ਨਾਮ ’ਤੇ। ਅੱਜ ਵਿਸ਼ਵ ਦੇ ਹਰ ਕੋਨੇ ਵਿਚ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦਾ ਬੋਲਬਾਲਾ ਹੈ। ਜਿੱਥੇ ਕੈਨੇਡਾ, ਅਮਰੀਕਾ, ਪੱਛਮੀ ਦੇਸ਼ ਮਹਿੰਗਾਈ, ਕੋਵਿਡ ਮਹਾਮਾਰੀ, ਸਰਮਾਏਦਰਾਨਾ ਕਰੋਨੀ ਕਾਰਪੋਰੇਟਵਾਦ, ਆਰਥਿਕ ਅਤੇ ਵਿੱਤੀ ਮੰਦਹਾਲੀ ਤੋਂ ਬੁਰੀ ਤਰ੍ਹਾਂ ਹਾਲੋਂ-ਬੇਹਾਲ ਹਨ, ਓਥੇ ਹੀ ਪੰਜਾਬੀ ਚੜ੍ਹਦੀਕਲਾ ਅਤੇ ਲੋੜਵੰਦਾਂ ਦੀ ਸੇਵਾ ਸੰਭਾਲ ਵੱਲ ਰੁਚਿਤ ਹਨ। ਅਮਰੀਕੀ ਰਾਸ਼ਟਰਪਤੀ, ਕਈ ਰਾਜਾਂ ਦੇ ਗਵਰਨਰ, ਕੈਨੇਡੀਅਨ ਪ੍ਰਧਾਨ ਮੰਤਰੀ ਮੰਨ ਚੁੱਕੇ ਹਨ ਕਿ ਕੁਦਰਤੀ ਕਰੋਪੀਆਂ, ਆਰਥਿਕਤਾ ਅਤੇ ਵਿੱਤੀ ਮੰਦਹਾਲੀਆਂ ਵੇਲੇ ਜਨਤਕ ਸਾਂਭ-ਸੰਭਾਲ ਲਈ ਪੰਜਾਬੀ ਤੇ ਖ਼ਾਸ ਕਰਕੇ ਸਿੱਖ ਭਾਈਚਾਰਾ ਹਰ ਪ੍ਰਾਂਤ ਵਿਚ ਲੋੜੀਂਦਾ ਹੈ।

 

ਦਰਬਾਰਾ ਸਿੰਘ ਕਾਹਲੋਂ

(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।-ਸੰਪਰਕ : +1 289 8292929