ਰੂਸ ਨੇ ਅਮਰੀਕੀ ਖਿਡਾਰਨ ਬ੍ਰਿਟਨੀ  ਨੂੰ ਕੀਤਾ ਰਿਹਾਅ, ਬਦਲੇ 'ਵਿਚ ਅਮਰੀਕਾ ਨੇ ਹਥਿਆਰਾਂ ਦੇ ਵਪਾਰੀ ਵਿਕਟਰ ਨੂੰ ਜੇਲ੍ਹ ਤੋਂ ਛੱਡਿਆ

ਰੂਸ ਨੇ ਅਮਰੀਕੀ ਖਿਡਾਰਨ ਬ੍ਰਿਟਨੀ  ਨੂੰ ਕੀਤਾ ਰਿਹਾਅ, ਬਦਲੇ 'ਵਿਚ ਅਮਰੀਕਾ ਨੇ ਹਥਿਆਰਾਂ ਦੇ ਵਪਾਰੀ ਵਿਕਟਰ ਨੂੰ ਜੇਲ੍ਹ ਤੋਂ ਛੱਡਿਆ

 *ਮਿਡਲ ਈਸਟ ਵਿੱਚ ਵਿਕਟਰ ਤਾਲਿਬਾਨ ਅਤੇ ਅਲ-ਕਾਇਦਾ ਨੂੰ ਵੀ ਕਰਦਾ ਹਥਿਆਰ ਸਪਲਾਈ

*ਭੰਗ ਦੇ ਪੌਦੇ ਦਾ ਤੇਲ ਮਿਲਣ ਕਾਰਣ ਰੂਸ ਵਿਚ ਗਿ੍ਫਤਾਰ ਹੋਈ ਸੀ  ਬਿ੍ਟਨੀ 

* ਜਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਪੌਲ ਨੂੰ ਰਿਹਾਅ ਨਾ ਕਰਵਾ ਸਕਿਆ ਅਮਰੀਕਾ

* ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਹੋਈ 

ਵਾਸ਼ਿੰਗਟਨ : ਅਮਰੀਕਾ ਦੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰਿਨਰ ਨੂੰ ਰੂਸ ਨੇ ਰਿਹਾਅ ਕਰ ਦਿੱਤਾ ਹੈ। ਬਦਲੇ ਵਿੱਚ 12 ਸਾਲ ਤੋਂ ਜੇਲ੍ਹ ਵਿੱਚ ਬੰਦ ‘ਮੌਤ ਦੇ ਸੌਦਾਗਰ’ ਵੱਜੋ ਜਾਣੇ ਜਾਂਦੇ ਹਥਿਆਰਾਂ ਦੇ ਬਦਨਾਮ ਡੀਲਰ ਵਿਕਟਰ ਬਾਊਟ  ਨੂੰ ਅਮਰੀਕਾ ਨੇ ਰਿਹਾਅ ਕਰ ਦਿੱਤਾ ਹੈ।2008 ਵਿੱਚ ਅਮਰੀਕਾ ਦੀ ਖੁਫੀਆ ਕਾਰਵਾਈ ਦੌਰਾਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਵਿਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਦੋ ਸਾਲ ਬਾਅਦ ਵਿਕਟਰ ਨੂੰ ਅਮਰੀਕਾ ਲਿਆਂਦਾ  ਗਿਆ।ਸਾਲ 2010 ਵਿੱਚ ਉਨ੍ਹਾਂ ਨੂੰ ਅੱਤਵਾਦੀਆਂ ਦੀ ਮਦਦ ਕਰਨ 'ਤੇ ਅਮਰੀਕੀਆਂ ਨੂੰ ਮਾਰਨ ਦੀ ਸਾਜ਼ਿਸ਼ ਦੇ ਇਲਜ਼ਾਮਾਂ ਦਾ ਸਾਹਮਣਾ ਕਰਦਿਆਂ 12 ਸਾਲ ਤੱਕ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਕੀਤਾ।ਵਿਕਟਰ ਦਾ ਦਾਅਵਾ ਸੀ ਕਿ ਉਸ ਨੂੰ ਗ਼ਲਤ ਢੰਗ ਨਾਲ ਸਾਊਥ ਅਮਰੀਕੀ ਬਾਗ਼ੀਆਂ ਨੂੰ ਹਥਿਆਰ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ । 

ਨਿਊਯਾਰਕ ਦੀ ਅਦਾਲਤ ਨੇ ਉਸ ਦੀਆਂ ਦਲੀਲਾਂ ਨਹੀਂ ਮੰਨੀਆਂ।ਉਸ ਨੂੰ ਅਮਰੀਕੀ ਨਾਗਰਿਕਾਂ ਤੇ ਅਧਿਕਾਰੀਆਂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਇੱਕ ਅੱਤਵਾਦੀ ਸੰਗਠਨ ਨੂੰ ਐਂਟੀ-ਏਅਰਕਰਾਫਟ ਮਿਜ਼ਾਇਲਾਂ ਮੁਹੱਈਆ ਕਰਵਾਉਣ ਦਾ ਦੋਸ਼ੀ ਮੰਨਦਿਆਂ ਅਪ੍ਰੈਲ 2012 ਵਿੱਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਅਨੁਸਾਰ ਹਥਿਆਰ ਕੋਲੰਬੀਅਨ ਅਧਿਕਾਰੀਆਂ ਨਾਲ ਕੰਮ ਕਰ ਰਹੇ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਲਈ ਵਰਤੇ ਜਾਣੇ ਸਨ। ਅਮਰੀਕਾ ਇਸ ਸਮੇਂ ਰੂਸ ਦੀ ਜੇਲ੍ਹ ਵਿੱਚ ਬੰਦ ਇੱਕ ਅਮਰੀਕੀ ਨਾਗਰਿਕ ਪੌਲ ਵ੍ਹੇਲਨ ਨੂੰ ਰਿਹਾਅ  ਕਰਵਾਉਣ ਵਿੱਚ ਅਸਫਲ ਰਿਹਾ । ਪੌਲ ਵੈਲਾਨ ਨੂੰ 2018 ਵਿੱਚ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਬ੍ਰਿਟਨੀ ਦੀ ਸੁਰੱਖਿਅਤ ਰਿਹਾਈ ਹੋ ਚੁੱਕੀ ਹੈ।

ਇਥੇ ਜ਼ਿਕਰਯੋਗ ਹੈ ਕਿ ਰੂਸ ਵੱਲੋਂ ਬ੍ਰਿਟਨੀ ਗ੍ਰਾਈਨਾ ਨੂੰ ਅਤੇ ਅਮਰੀਕਾ ਵੱਲੋਂ ਵਿਕਟਰ ਬਾਊਟ ਨੂੰ ਨਿੱਜੀ ਜਹਾਜ਼ਾਂ ਜ਼ਰੀਏ ਆਬੂ ਧਾਬੀ ਹਵਾਈ ਅੱਡੇ 'ਤੇ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਹੋਈ।ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਅਤੇ ਰੂਸੀ ਹਥਿਆਰ ਡੀਲਰ ਵਿਕਟਰ ਬਾਊਟ ਦੀ ਰਿਹਾਈ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਯਤਨਾਂ ਨਾਲ ਹੋਈ  ਸੀ। ਦੋਵਾਂ ਨੇਤਾਵਾਂ ਦੇ ਅਮਰੀਕਾ ਅਤੇ ਰੂਸ ਦੇ ਵੱਡੇ ਨੇਤਾਵਾਂ ਨਾਲ ਚੰਗੇ ਸਬੰਧ ਹਨ।  ਰਿਹਾਈ ਤੋਂ ਬਾਅਦ ਬਾਊਟ ਵੀ ਜਹਾਜ਼ ਰਾਹੀਂ ਆਪਣੇ ਘਰ ਲਈ ਰਵਾਨਾ ਹੋ ਗਿਆ। ਹੁਣ ਇਹ ਰਿਹਾਈਆਂ ਯੂਕਰੇਨ ਯੁੱਧ ਦੌਰਾਨ ਹੋਈਆਂ, ਜਦੋਂ ਕਿ ਅਮਰੀਕਾ ਅਤੇ ਰੂਸ ਅਸਿੱਧੇ ਤੌਰ 'ਤੇ ਇਕ ਦੂਜੇ ਨਾਲ ਲੜ ਰਹੇ ਹਨ। ਕੈਦੀਆਂ ਦੀ ਇਸ ਅਦਲਾ-ਬਦਲੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਮਹਾਂਸ਼ਕਤੀਆਂ ਦਰਮਿਆਨ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ। ਇਹ ਸਥਿਤੀ ਵਿਸ਼ਵ ਸ਼ਾਂਤੀ ਲਈ ਚੰਗੀ ਹੈ।                                                             

 ਕੋਣ ਏ ਵਿਕਟਰ

 ਵਿਕਟਰ ਬਾਊਟ ਦਾ ਜਨਮ ਸੋਵੀਅਤ ਰਾਜ ਅਧੀਨ ਪੈਂਦੇ ਤਜ਼ਾਕਿਸਤਾਨ ਵਿੱਚ ਹੋਇਆ ਸੀ।ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ 1990 ਵਿੱਚ ਵਿਕਟਰ ਨੇ ਹਵਾਈ ਆਵਾਜਾਈ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸਾਲ 2005 ਵਿੱਚ ਵਿਕਟਰ ਦੀ ਜ਼ਿੰਦਗੀ ਤੋਂ ਪ੍ਰੇਰਿਤ ਹਾਲੀਵੁੱਡ ਫ਼ਿਲਮ ‘ਲੌਰਡ ਆਫ਼ ਵਾਰ’ ਵੀ ਬਣੀ ਸੀ । ਸੁਰੱਖਿਆ ਮਾਹਿਰ ਡਾਊਗਲਜ਼ ਫਾਰਾਹ ਅਤੇ ਸਟੀਫਨ ਬਰੌਨ ਨੇ 2007 ਵਿੱਚ ਉਸ ਬਾਰੇ 'ਮਰਚੈਂਟ ਆਫ਼ ਡੈੱਥ' ਨਾਂ ਦੀ ਕਿਤਾਬ ਲਿਖੀ।ਇਸ ਵਿੱਚ ਲਿਖਿਆ ਗਿਆ ਕਿ ਵਿਕਟਰ ਬਾਊਟ ਨੇ 1990 ਵਿੱਚ ਮਿਲਟਰੀ ਜਹਾਜ਼ਾਂ ਨੂੰ ਵਰਤ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।ਸੀ । ਅਫ਼ਰੀਕਾ ਦੇ ਜੰਗੀ ਖੇਤਰਾਂ ਵਿੱਚ ਮੋਹਰੀ ਕੰਪਨੀਆਂ ਜ਼ਰੀਏ ਬਾਊਟ ਨੇ ਹਥਿਆਰ ਸਪਲਾਈ ਕਰਨੇ ਸ਼ੁਰੂ ਕੀਤੇ ਸਨ।ਸੰਯੁਕਤ ਰਾਸ਼ਟਰ ਨੇ ਵਿਕਟਰ ਬਾਊਟ ਨੂੰ ਅਫਰੀਕੀ ਮੁਲਕ ਲਾਈਬੇਰੀਆ ਦੇ ਰਾਸ਼ਟਰਪਤੀ ਚਾਰਲਜ਼ ਟੇਲਰ ਦਾ ਸਾਥੀ ਦੱਸਿਆ।ਟੇਲਰ ਨੂੰ ਵੀ  2012 ਵਿੱਚ, ਸੀਏਰਾ ਲਿਓਨ ਸਿਵਲ ਜੰਗ ਦੌਰਾਨ ਜੰਗੀ ਜੁਰਮ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।ਸੰਯੁਕਤ ਰਾਸ਼ਟਰ ਦੇ ਦਸਤਾਵੇਜ਼ਾਂ ਮੁਤਾਬਕ ਵਿਕਟਰ ਇੱਕ ਕਾਰੋਬਾਰੀ ਹੈ, ਹਥਿਆਰਾਂ ਤੇ ਖਣਿਜਾਂ ਦਾ ਡੀਲਰ ਅਤੇ ਟਰਾਂਸਪੋਰਟਰ ਹੈ।ਉਸ ਨੇ ਸੀਅਰਾ ਲਿਓਨ ਵਿੱਚ ਅਸਥਿਰਤਾ ਫੈਲਾਉਣ ਅਤੇ ਨਜਾਇਜ਼ ਤਰੀਕੇ ਨਾਲ ਹੀਰੇ ਹਾਸਲ ਕਰਨ ਲਈ ਸਾਬਕਾ ਰਾਸ਼ਟਰਪਤੀ ਟੇਲਰ ਦੇ ਸ਼ਾਸਨ ਦੀ ਮਦਦ ਕੀਤੀ।ਮਿਡਲ ਈਸਟ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਉਹ ਤਾਲਿਬਾਨ ਅਤੇ ਅਲ-ਕਾਇਦਾ ਨੂੰ ਵੀ ਹਥਿਆਰ ਸਪਲਾਈ ਕਰਦਾ ਰਿਹਾ ਹੈ।ਅਮਰੀਕਾ ਨੇ ਉਸ ਖ਼ਿਲਾਫ਼ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ।

ਸਾਲ 2006 ਵਿੱਚ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ ਪਰ ਅਜਿਹਾ ਕੋਈ ਕਾਨੂੰਨ ਨਹੀਂ ਸੀ ਜਿਸ ਤਹਿਤ ਉਸ 'ਤੇ ਅਮਰੀਕਾ ਵਿੱਚ ਕੇਸ ਚਲਾਇਆ ਜਾ ਸਕੇ।ਫਿਰ 2008 ਵਿੱਚ ਅਮਰੀਕਾ ਦੇ ਅਧਿਕਾਰੀ ਕੋਲੰਬੀਆ ਦੇ ਬਾਗ਼ੀਆਂ ਲਈ ਖ਼ਰੀਦਦਾਰ ਬਣ ਕੇ ਬਾਊਟ ਨਾਲ ਰਾਬਤੇ ਵਿੱਚ ਆਏ। ਅੰਡਰਕਵਰ ਅਫਸਰਾਂ ਨੇ ਬਾਗ਼ੀਆਂ ਤੱਕ ਹਥਿਆਰ ਪਹੁੰਚਾਉਣ ਬਾਰੇ ਗੱਲਬਾਤ ਕੀਤੀ।

ਇਸ ਕਾਰਵਾਈ ਦੌਰਾਨ ਥਾਈ ਅਧਿਕਾਰੀਆਂ ਨੇ ਵਿਕਟਰ ਬਾਊਟ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਮਰੀਕਾ ਲੈ ਕੇ ਜਾਣ ਲਈ ਕਾਨੂੰਨੀ ਕਾਰਵਾਈ ਆਰੰਭੀ ਗਈ।ਵਿਕਟਰ ਬਾਊਟ ਨੇ ਉਸ ਖ਼ਿਲਾਫ਼ ਅਮਰੀਕਾ ਵਿੱਚ ਚਲਾਏ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।

ਰੂਸ ਨੇ ਵੀ ਕਾਨੂੰਨੀ ਕਾਰਵਾਈਆਂ ਵਿੱਚ ਵਿਕਟਰ ਨੂੰ ਸਹਿਯੋਗ ਦਿੱਤਾ ਅਤੇ ਥਾਈਲੈਂਡ ਦੀ ਅਦਾਲਤ ਦੇ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਬੇਇਨਸਾਫ਼ੀ ਦੱਸਿਆ।ਹੁਣ 12 ਸਾਲ ਬਾਅਦ ਵਿਕਟਰ ਬਾਊਟ ਘਰ ਪਰਤਿਆ ਹੈ।

ਕੋਣ ਹੈ ਬਿ੍ਟਨੀ

ਬ੍ਰਿਟਨੀ ਦਾ ਜਨਮ ਅਮਰੀਕਾ ਦੇ ਟੈਕਸਾਸ ਵਿੱਚ 18 ਅਕਤੂਬਰ, 1990 ਨੂੰ ਹੋਇਆ ਸੀ।ਉਸ ਦੇ ਪਿਤਾ ਵੀਅਤਨਾਮ ਯੁੱਧ ਵਿੱਚ ਅਮਰੀਕੀ ਮਰੀਨ ਵਜੋਂ ਸ਼ਾਮਲ ਰਹੇ ਹਨ।ਇਸ ਖਿਡਾਰਨ ਦਾ ਕੱਦ 6 ਫੁੱਟ, 9 ਇੰਚ ਹੈ।ਲੰਬੇ ਕੱਦ ਅਤੇ ਮੁੰਡਿਆਂ ਵਰਗੀ ਨਜ਼ਰ ਆਉਣ ਕਰਕੇ ਬਚਪਨ ਵਿੱਚ ਉਸ ਨੂੰ ਮਜ਼ਾਕ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਸਵੈ-ਜੀਵਨੀ ਵਿੱਚ ਉਸ ਨੇ ਲਿਖਿਆ ਕਿ ਉਹ ਖੁਦ ਨੂੰ ਲੁਕਾਉਣਾ ਚਾਹੁੰਦੀ ਸੀ ਪਰ ਲੰਬੇ ਕੱਦ ਕਾਰਨ ਬਾਸਕਿਟ ਬਾਲ ਵਿੱਚ ਉਸ ਦੀ ਅਦਭੁਤ ਕਾਬਲੀਅਤ ਪ੍ਰਤੱਖ ਨਜ਼ਰ ਆਉਂਦੀ ਸੀ। 

ਜੂਨੀਅਰ ਸੀਜ਼ਨ ਦੌਰਾਨ ਉਸ ਵੱਲੋਂ ਬਾਸਕਿਟ ਵਿੱਚ ਬਾਲ ਪਾਉਣ ਦੀ ਯੂਟਿਊਬ ਵੀਡੀਓ ਨੂੰ 6.6 ਮਿਲੀਅਨ ਵਾਰ ਦੇਖਿਆ ਗਿਆ।ਇਸ ਦੌਰਾਨ ਐੱਲਏ ਲੇਕਰਜ਼ ਦੇ ਸਟਾਰ ਖਿਡਾਰੀ ਸ਼ੇਕੁਇਲ ਓ ਨੀਲ ਨਾਲ ਵੀ ਉਸ ਦੀ ਮੁਲਾਕਾਤ ਹੋਈ। 22 ਸਾਲ ਦੀ ਉਮਰ ਵਿੱਚ ਉਸ ਦੇ ਸਮਲਿੰਗੀ ਹੋਣ ਬਾਰੇ ਪਤਾ ਲੱਗਿਆ।ਉਹ ਦੁਨੀਆ ਵਿੱਚ ਮੰਨੀ ਪ੍ਰਮੰਨੀ ਐੱਲਜੀਬੀਟੀ ਅਥਲੀਟ ਬਣ ਕੇ ਉੱਭਰੀ। 

ਸਾਲ 2019 ਵਿੱਚ ਉਸ ਨੇ ਆਪਣੀ ਪਾਰਟਨਰ ਸ਼ੈਰੇਲ ਵਾਟਸਨ ਨਾਲ ਵਿਆਹ ਕਰਵਾਇਆ। ਬ੍ਰਿਟਨੀ ਗ੍ਰਿਨਰ ਵੂਮਨ ਨੈਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ।ਅੱਠ ਡਬਲਿਊਐੱਨਬੀਏ ਆਲ-ਸਟਾਰ ਐਵਾਰਡ, ਚਾਰ ਯੂਰੋ ਲੀਗ ਟਾਈਟਲ ਅਤੇ ਦੋ ਵਾਰ ਉਲੰਪਿਕ ਗੋਲ਼ਡ ਮੈਡਲ ਜਿੱਤ ਚੁੱਕੀ ਹੈ। 

ਯੂਰੋ ਲੀਗ ਟੀਮ ਯੂਐੱਮਐੱਮਸੀ ਏਕਾਤਿਨਬਰਗ ਲਈ ਖੇਡਣ ਲਈ ਹੀ ਉਹ ਰੂਸ ਗਈ ਸੀ, ਜਿੱਥੋਂ ਵਾਪਸੀ ਵੇਲੇ ਉਸ ਕੋਲੋਂ ਭੰਗ ਦੇ ਪੌਦੇ ਦਾ ਤੇਲ ਮਿਲਣ 'ਤੇ ਉਸ ਨੂੰ 17 ਫ਼ਰਵਰੀ 2021 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ।ਅਮਰੀਕੀ ਖਿਡਾਰਨ ਬ੍ਰਿਟਨੀ  ਨੂੰ ਕਰੀਬ 10 ਮਹੀਨੇ ਰੂਸ ਦੀ ਕਸਟਡੀ ਵਿੱਚ ਰਹਿਣ ਬਾਅਦ ਰਿਹਾਅ ਕੀਤਾ ਗਿਆ ਹੈ।