ਨਿਝਰ ਹੱਤਿਆ ਕਾਂਡ ਮਾਮਲੇ ਵਿਚ ਭਾਰਤ ਸਰਕਾਰ ਕੈਨੇਡਾ ਨੂੰ ਸਹਿਯੋਗ ਕਰੇ : ਮੇਲਾਨੀਆ ਜੌਲੀ

ਨਿਝਰ ਹੱਤਿਆ ਕਾਂਡ ਮਾਮਲੇ ਵਿਚ ਭਾਰਤ ਸਰਕਾਰ ਕੈਨੇਡਾ ਨੂੰ ਸਹਿਯੋਗ ਕਰੇ : ਮੇਲਾਨੀਆ ਜੌਲੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਵਿਚ ‘ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ’ ਦੇ ਲਾਏ ਦੋਸ਼ਾਂ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤਣਾਅ ਹੈ।

ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕੇ ਤੇ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ ਸੀ। ਹੁਣ ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ  ‘ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 62  ਵਿਚੋਂ 41 ਡਿਪਲੋਮੈਟ ਵਾਪਸ ਬੁਲਾ ਲਏ।’  ਖਾਲਿਸਤਾਨੀ ਹਰਦੀਪ ਸਿੰਘ ਨਿਝਰ ਦੀ ਹੱਤਿਆ ਦੇ ਮੁੱਦੇ ਉਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਚਾਹੁੰਦਾ ਹੈ। ਦੱਸਣਯੋਗ ਹੈ ਕਿ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨਾਲੋਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਕਈ ਦਰਜਨ ਵੱਧ ਡਿਪਲੋਮੈਟ ਹਨ। ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਵੱਡੇ ਕੌਂਸੁਲਰ ਸੈਕਸ਼ਨ ਦੀ ਲੋੜ ਪੈਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਨਾ ਗਏ ਤਾਂ ਇਨ੍ਹਾਂ ਨੂੰ ਮਿਲਦੀ ‘ਡਿਪਲੋਮੈਟਿਕ ਇਮਿਊਨਿਟੀ’ (ਕੂਟਨੀਤਕ ਪੱਧਰ ’ਤੇ ਮਿਲਦੀ ਵਿਸ਼ੇਸ਼ ਸਹੂਲਤ) ਖ਼ਤਮ ਕਰ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ। ਇਸ ਨਾਲ ਕੈਨੇਡਾ ਗੋਰਿਆਂ ਉਪਰ ਤਾਂ ਕੋਈ ਅਸਰ ਨਹੀਂ ਪਵੇਗਾ,ਪਰ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਉਪਰ ਵਡਾ ਅਸਰ ਪਵੇਗਾ।ਇਸ ਨਾਲ ਰਿਸ਼ਤੇਦਾਰ ਆਪਸ ਵਿਚ ਨਹੀਂ ਮਿਲ ਸਕਣਗੇ।ਇੰਡੀਆ ਵਿਚ ਰਹਿੰਦੇ ਮਾਂ ਬਾਪ ਨਹੀਂ ਮਿਲ ਸਕਣਗੇ।ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ  ਕੈਨੇਡਾ ਜਾਣ ਬਾਰੇ ਨਹੀਂ ਸੋਚ ਸਕਣਗੇ,ਕਿਉਂ ਕਿ ਭਾਰਤ ਵਿਚ ਕੈਨੇਡਾ ਸਟਾਫ ਦੀ ਕਮੀ ਕਾਰਣ ਰੁਕਾਵਟਾਂ ਪੰਜਾਬੀਆਂ ਨੂੰ ਆਉਣਗੀਆਂ।ਇੰਜ ਜਾਪਦਾ ਹੈ ਜਿਵੇਂ ਇਹ ਸਜ਼ਾ ਕੈਨੇਡਾ ਦੀ ਥਾਂ ਪੰਜਾਬੀਆਂ ਨੂੰ ਦਿਤੀ ਜਾ ਰਹੀ ਹੈ।

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ  ਕਿਹਾ ਕਿ ਕੈਨੇਡਾ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੂਟਨੀਤਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ। 

ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ। ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਨਿੱਜੀ ਤੌਰ 'ਤੇ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਕੂਟਨੀਤਕ ਗੱਲਬਾਤ ਉਦੋਂ ਹੀ ਵਧੀਆ ਹੁੰਦੀ ਹੈ ਜਦੋਂ ਉਹ ਨਿੱਜੀ ਰਹਿਣਗੇ।

ਜੋਲੀ ਦਾ ਇਹ ਬਿਆਨ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਹੁਣੇ ਜਿਹੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਕਈ ਮੌਕਿਆਂ ’ਤੇ ਭਾਰਤ ਸਰਕਾਰ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਭਾਈ ਨਿਝਰ ਦੀ ਮੌਤ ਦੀ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।  ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, ‘ਜਵਿੇਂ ਕਿ ਉਨ੍ਹਾਂ ਉਦੋਂ ਵੀ ਸਪੱਸ਼ਟ ਕੀਤਾ ਸੀ, ਮੈਂ ਹੁਣ ਫਿਰ ਦੁਹਰਾਉਂਦਾ ਹਾਂ, ਅਸੀਂ ਇਸ ਮੁੱਦੇ ਉਤੇ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਨੇੜਿਓਂ ਰਾਬਤਾ ਰੱਖ ਰਹੇ ਹਾਂ।’ ਮਿਲਰ ਨੂੰ ਜਦ ਪੁੱਛਿਆ ਗਿਆ ਕਿ ਕੀ ਭਾਰਤ ਨੇ ਕੈਨੇਡਾ ਨਾਲ ਸਹਿਯੋਗ ਕਰਨ ਦੀ ਹਾਮੀ ਭਰੀ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਨਵੀਂ ਦਿੱਲੀ ਹੀ ਦੇ ਸਕਦੀ ਹੈ।