ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਇਸਤਮਾਲ ਕੀਤੇ ਗਏ ਕਨੈਡਾ ਦੇ ਮੂਲ ਨਿਵਾਸੀ ਬੱਚੇ

ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਇਸਤਮਾਲ ਕੀਤੇ ਗਏ ਕਨੈਡਾ ਦੇ ਮੂਲ ਨਿਵਾਸੀ ਬੱਚੇ

ਰਿਹਾਇਸ਼ੀ ਸਕੂਲਾਂ ਦੀਆਂ ਸਮੂਹਿਕ ਕਬਰਾਂ ਅਤੇ ਬੱਚਿਆਂ ਦੇ ਪਿੰਜਰਾਂ ਨੇ ਉਸ ਕਹਿਰ ’ਤੇ ਰੌਸ਼ਨੀ 

ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਨੂੰ ਵਿਗਿਆਨਿਕ ਅਧਿਐਨ ਲਈ 'ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਇਸਤੇਮਾਲ ਕੀਤਾ ਗਿਆ’ ਇਸ ਸੱਚ ਦਾ ਓਦੋਂ ਪਤਾ ਚੱਲਿਆ ਜਦੋਂ ਕੈਨੇਡਾ ਦੇ ਇੱਕ ਤੋਂ ਬਾਅਦ ਇੱਕ ਰਿਹਾਇਸ਼ੀ ਸਕੂਲਾਂ ਦੀਆਂ ਸਮੂਹਿਕ ਕਬਰਾਂ ਅਤੇ ਬੱਚਿਆਂ ਦੇ ਪਿੰਜਰਾਂ ਨੇ ਉਸ ਕਹਿਰ ’ਤੇ ਰੌਸ਼ਨੀ ਪਾਈ।ਇਹ ਕਹਿਰ ਬਸਤੀਵਾਦੀਆਂ ਨੇ ਉੱਥੋਂ ਦੇ ਰਿਹਾਇਸ਼ੀ ਸਕੂਲ ਸਿਸਟਮ ਜ਼ਰੀਏ ਮੂਲ ਨਿਵਾਸੀ ਬੱਚਿਆਂ ਉੱਪਰ ਢਾਹਿਆ ਸੀ।ਕੈਨੇਡਾ ਦੇ ਕੈਮਲੂਪਸ, ਬਰੈਂਡਨ ਅਤੇ ਕਾਓਸੈਸਿਸ ਦੇ ਰਿਹਾਇਸ਼ੀ ਸਕੂਲਾਂ ਵਿੱਚ ਬੱਚਿਆਂ ਦੇ ਪਿੰਜਰ ਮਿਲੇ ਹਨ ਜਿਸ ਤੋਂ ਬਾਅਦ ਦੇਸ਼ ਵਿੱਚ ਸ਼ੋਕ ਅਤੇ ਸਦਮੇ ਦੀ ਲਹਿਰ ਹੈ।

ਕੈਨੇਡਾ ਵਿੱਚ ਬਸਤੀਵਾਦ ਅਤੇ ਪੋਸ਼ਣ ਮਾਹਰ ਹੋਣ ਦੇ ਨਾਤੇ ਮੈਂ ਆਪਣੇ ਸਹਿਕਰਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਸ ਨੁਕਸਾਨ ਨੂੰ ਤਸਲੀਮ ਕਰਨ ਜੋ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਉੱਪਰ ਕੀਤੇ ਗਏ ਕੁਪੋਸ਼ਣ ਸੰਬੰਧੀ ਅਧਿਐਨਾਂ ਨੇ ਢਾਹਿਆ ਸੀ।ਇਸ ਤੋਂ ਵੀ ਵਧ ਕੇ ਇਨ੍ਹਾਂ ਅਧਿਐਨਾਂ ਦੀ ਮੂਲ ਨਿਵਾਸੀਆਂ ਦੀ ਵਿਰਾਸਤ ਉੱਪਰ ਕੀ ਛਾਪ ਪਈ ਹੈ।ਖ਼ੁਰਾਕ, ਮੂਲ ਨਿਵਾਸੀ ਸਿਹਤ ਅਤੇ ਕੈਨੇਡਾ ਵਿੱਚ ਬਸਤੀਵਾਦੀ ਸਿਆਸਤ ਦੇ ਇਤਿਹਾਸਕਾਰ ਇਆਨ ਮੇਜ਼ਡੇ ਨੇ ਕਿਹਾ ਕਿ ਸਾਲ 1942 ਤੋਂ 1952 ਦੌਰਾਨ ਕੈਨੇਡਾ ਦੇ ਉੱਘੇ ਪੋਸ਼ਣ ਵਿਗਿਆਨੀਆਂ ਨੇ 1300 ਮੂਲ ਨਿਵਾਸੀਆਂ ਜਿਨ੍ਹਾਂ ਵਿੱਚੋਂ 1000 ਬੱਚੇ ਸਨ, ਜਿਨ੍ਹਾਂ ਉੱਪਰ ਬਹੁਤ ਹੀ ਅਨੈਤਿਕ ਤਜਰਬੇ ਕੀਤੇ ਸਨ।ਤਜਰਬਿਆਂ ਵਿੱਚ ਸ਼ਾਮਲ ਲੋਕਾਂ/ ਬੱਚਿਆਂ ਵਿੱਚੋਂ ਕਈ ਬਸਤੀਵਾਦੀ ਸਰਕਾਰ ਦੀਆਂ ਨੀਤੀਆਂ ਅਤੇ ਰਿਹਾਇਸ਼ੀ ਸਕੂਲਾਂ ਦੀ ਦਸ਼ਾ ਕਾਰਨ ਪਹਿਲਾਂ ਹੀ ਕੁਪਸ਼ੋਣ ਦੇ ਸ਼ਿਕਾਰ ਸਨ।ਰਿਸਰਚ ਕਰਨ ਵਾਲਿਆਂ ਦੀਆਂ ਨਜ਼ਰਾਂ ਵਿੱਚ ਇਹ ਕੁਪੋਸ਼ਿਤ ਲੋਕ ਅਧਿਐਨ ਲਈ ਸਭ ਤੋਂ ਯੋਗ ਉਮੀਦਵਾਰ ਸਨ। ਫਰੈਡਰਿਕ ਟਿਸਡਲ ਜਿਨ੍ਹਾਂ ਨੂੰ ਬੀਮਾਰ ਬੱਚਿਆਂ ਲਈ ਪੈਬਲੁਮ ਖ਼ੁਰਾਕ ਦੇ ਸਹਿ-ਜਨਕ ਵਜੋਂ ਜਾਣਿਆ ਜਾਂਦਾ ਹੈ, ਇਨ੍ਹਾਂ ਤਜਰਬਿਆਂ ਦੇ ਮੁੱਖ ਕਰਤੇ-ਧਰਤੇ ਸਨ। ਉਨ੍ਹਾਂ ਨੇ ਇਹ ਤਜਰਬੇ ਪੈਰਸੀ ਮੂਰੇ ਅਤੇ ਲਿਓਨੈਲ ਬਰੈਡਲੀ ਨਾਲ ਮਿਲ ਕੇ ਕੀਤੇ ਸਨ।ਉਨ੍ਹਾਂ ਦਾ ਦਾਅਵਾ ਸੀ ਕਿ ਜੇ ਤੰਦਰੁਸਤ ਮੂਲ ਨਿਵਾਸੀਆਂ ਵਿੱਚ ਜੇ ਥੋੜ੍ਹੀਆਂ ਬੀਮਾਰੀਆਂ ਫ਼ੈਲਣਗੀਆਂ ਤਾਂ ਮੂਲ ਨਿਵਾਸੀ ਬਸਤੀਵਾਦੀਆਂ ਲਈ ਹੋਰ ਮੁੱਲਵਾਨ ਬਣ ਜਾਣਗੇ।ਉਨ੍ਹਾਂ ਨੇ ਆਪਣੇ ਤਜਰਬੇ ਦੀ ਯੋਜਨਾ ਫੈਡਰਲ ਸਰਕਾਰ ਕੋਲ ਪੇਸ਼ ਕੀਤੀ ਅਤੇ ਪ੍ਰਵਾਨਗੀ ਹਾਸਲ ਕੀਤੀ ਸੀ।ਟਿਸਡਲ, ਮੂਰੇ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਤਜਵੀਜ਼-ਯੋਜਨਾ ਉੱਤਰੀ ਮਿਨੀਟੋਬਾ ਵਿੱਚ 400 ਬੱਚਿਆਂ ਅਤੇ ਬਾਲਗਾਂ ਉੱਪਰ ਕੀਤੇ ਅਧਿਐਨਾਂ ਦੇ ਨਤੀਜਿਆਂ, ਐਕਸਰੇ ਅਤੇ ਖੂਨ ਦੇ ਨਮੂਨਿਆਂ ਦੇ ਅਧਾਰ ’ਤੇ ਕੀਤੀ ਸੀ।

ਉਨ੍ਹਾਂ ਦੀ ਯੋਜਨਾ ਵਿੱਚ ਅਲਬੇਰਨੀ ਮੂਲ ਨਿਵਾਸੀ ਦੇ ਰਿਹਾਇਸ਼ੀ ਸਕੂਲ ਦੇ ਬੱਚਿਆਂ ਨੂੰ ਦੋ ਸਾਲ ਤੱਕ ਇੰਨਾ ਘੱਟ ਦੁੱਧ ਦੇਣਾ ਸੀ ਕਿ ਬੱਚਿਆਂ ਵਿੱਚ ਵਾਧੇ-ਵਿਕਾਸ ਲਈ ਜ਼ਰੂਰੀ ਸਾਰੇ ਪੋਸ਼ਕ ਖ਼ਤਮ ਹੋ ਜਾਣ। ਦੂਜੇ ਤਜਰਬਿਆਂ ਵਿੱਚ ਬੱਚਿਆਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਜ਼ਰੂਰੀ ਖਣਿਜਾਂ ਅਤੇ ਵਿਟਾਮਿਨਾਂ ਤੋਂ ਮਹਿਰੂਮ ਰੱਖਣਾ ਸੀ।ਉਨ੍ਹਾਂ ਨੇ ਬੱਚਿਆਂ ਨੂੰ ਦੰਦਾਂ ਦੀ ਸੰਭਲ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਡਾਕਟਰੀ ਮਦਦ ਵੀ ਬੰਦ ਕਰਵਾ ਦਿੱਤੀ ਸੀ। ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਅਧਿਐਨ ਦੇ ਨਤੀਜਿਆਂ ਉੱਪਰ ਅਸਰ ਪੈ ਸਕਦਾ ਹੈ।ਇਸ ਤਰ੍ਹਾਂ ਪ੍ਰਯੋਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਚੇ ਭੁੱਖਮਰੀ ਦੇ ਸ਼ਿਕਾਰ ਸਨ, ਉਨ੍ਹਾਂ ਵਿੱਚ ਵਿਟਾਮਿਨਾਂ, ਖਣਿਜਾਂ ਦੀ ਗੰਭੀਰ ਕਮੀ ਸੀ ਜਿਸ ਦੀ ਪੁਸ਼ਟੀ ਮੈਡੀਕਲ ਟੈਸਟ ਕਰਦੇ ਸਨ।ਪੋਸ਼ਣ ਸਬੰਧੀ ਖੋਜ ਵਿੱਚ ਸਾਇੰਸਦਾਨਾਂ ਦੀ ਦਿਲਚਸਪੀ 1940 ਦੇ ਦਹਾਕੇ ਵਿੱਚ ਖ਼ਾਸ ਤੌਰ 'ਤੇ ਵਧੀ। ਇਹ ਉਹ ਸਮਾਂ ਸੀ ਜਦੋਂ ਪੋਸ਼ਣ ਬਾਰੇ ਕੈਨੇਡਾ ਦੀ ਕਾਊਂਸਲ ਨੇ ਜਨਤਕ ਤੌਰ ’ਤੇ ਇਹ ਮੰਨਿਆ ਸੀ ਕਿ ਕੈਨੇਡਾ ਦੀ 60% ਵਸੋਂ ਕੁਪੋਸ਼ਿਤ ਸੀ।

ਹਾਲਾਂਕਿ, ਪੈਟ ਵਰਗੇ ਲੋਕਾਂ ਨੇ ਮੂਲ ਨਿਵਾਸੀਆਂ ਦੇ ਮਦਦਗਾਰ ਬਣ ਕੇ ਕੰਮ ਕਰਨ ਦਾ ਪਖੰਡ ਕੀਤਾ ਪਰ ਸਪਸ਼ਟ ਸੀ ਕਿ ਉਨ੍ਹਾਂ ਦੇ ਤਜਰਬਿਆਂ ਪਿੱਛੇ ਨਸਲੀ ਮਨਸੂਬੇ ਸਨ।ਮੂਰੇ, ਟਿਸਡਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕੁਪਸ਼ੋਣ ਲਈ ਮੂਲ ਨਿਵਾਸੀਆਂ ਬਾਰੇ ਪ੍ਰਚਲਿਤ ਰੂੜ੍ਹੀਵਾਦੀ ਧਾਰਨਾਵਾਂ ਨੂੰ ਵਜ੍ਹਾ ਬਣਾ ਕੇ ਪੇਸ਼ ਕੀਤਾ, ਕਿ ਇਹ ਲੋਕ-ਲਾਪਰਵਾਹ ਹਨ, ਜਿੱਲ੍ਹੇ ਹਨ, ਇਨ੍ਹਾਂ ਦੇ ਸੁਭਾਅ ਦਾ ਪਤਾ ਨਹੀਂ ਚਲਦਾ ਆਦਿ।ਅਲਬੇਰਨੀ ਦੇ ਮੂਲ ਨਿਵਾਸੀ ਰਿਹਾਇਸ਼ੀ ਸਕੂਲ ਦੇ ਨਿਰਦੇਸ਼ਕ ਨੇ ਬੱਚਿਆਂ ਦੇ ਕੁਪੋਸ਼ਣ ਲਈ ਰਵਾਇਤੀ ਖ਼ੁਰਾਕ, ਜੀਵਨ ਸ਼ੈਲੀ ਨੂੰ ਜ਼ਿੰਮੇਵਾਰ ਦੱਸਿਆ।ਉਨ੍ਹਾਂ ਬੱਚਿਆਂ ਨੂੰ ਘਟੀਆ ਗੁਣਵੱਤਾ ਵਾਲਾ ਖਾਣਾ ਦਿੱਤਾ ਜਾਂਦਾ ਸੀ।ਇਸ ਤੋਂ ਇਲਾਵਾ ਬੱਚਿਆਂ ਉੱਪਰ ਰਵਾਇਤੀ ਖਾਣਾ ਖਾਣ ਦੀ ਪਾਬੰਦੀ ਵੀ ਲਗਾਈ ਗਈ ਜੋ ਕਿ ਬਸਤੀਕਰਨ ਅਤੇ ਸੱਭਿਆਚਾਰਕ ਨਸਲਕੁਸ਼ੀ ਦਾ ਔਜਾਰ ਬਣਿਆ। ਉਨ੍ਹਾਂ ਦੀਆਂ ਖੋਜਾਂ ਮੌਜੂਦਾਂ ਮਿਆਰਾਂ ਮੁਤਾਬਕ ਅਨੈਤਿਕ ਹਨ।

ਇਸ ਘੱਲੂਘਾਰੇ ਅਤੇ ਬਾਇਓਮੈਡੀਕਲ ਤਜਰਬਿਆਂ ਤੋਂ ਬਾਅਦ ਹੀ ਸਾਲ 1947 ਵਿੱਚ ‘ਦਿ ਨੂਰਮਬਰਗ ਕੋਡ’ ਲਾਗੂ ਕੀਤਾ ਗਿਆ।ਇਸ ਤਹਿਤ ਅਜਿਹੇ ਅਧਿਐਨਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਲਿਖਤੀ ਸਹਿਮਤੀ ਲਾਜ਼ਮੀ ਬਣਾਈ ਗਈ ਸੀ।ਬੱਚਿਆਂ ਵਿੱਚ ਕੁਪੋਸ਼ਣ ਜੇ ਉਨ੍ਹਾਂ ਨੂੰ ਬਿਮਾਰੀਆਂ ਦਾ ਵੀ ਖ਼ਤਰਾ ਹੋਵੇ ਤਾਂ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਰਿਹਾਇਸ਼ੀ ਸਕੂਲਾਂ ਦੇ ਹਾਲਤ ਇਸ ਤੋਂ ਕੁਝ ਵੱਖਰੇ ਨਹੀਂ ਸਨ।ਜਿਹੜੇ ਇਨ੍ਹਾਂ ਰਿਹਾਇਸ਼ੀ ਸਕੂਲਾਂ ਦੇ ਤਜਰਬਿਆਂ ਤੋਂ ਬਚ ਗਏ ਉਨ੍ਹਾਂ ਵਿੱਚ ਇਸ ਦੇ ਅਸਰ ਹਾਲੇ ਵੀ ਨਜ਼ਰ ਆਉਂਦੇ ਹਨ।ਬਚਪਨ ਦੌਰਾਨ ਭੁੱਖੇ ਰਹਿਣ ਨਾਲ ਟਾਈਪ-2 ਕਿਸਮ ਦੀ ਡਾਇਬਿਟੀਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ।ਇਸ ਤੋਂ ਇਲਾਵਾ ਖੋਜ ਦੱਸਦੀ ਹੈ ਕਿ ਗੰਭੀਰ ਕੁਪੋਸ਼ਣ ਬੱਚਿਆਂ ਵਿੱਚ ਐਪੀਜੈਨੇਟਿਕ ਬਦਲਾਅ ਵੀ ਲਿਆ ਸਕਦਾ ਹੋ ਜੋ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਜਾ ਸਕਦੇ ਹਨ।ਬੱਚੇ ਜੋ ਪਹਿਲਾਂ ਹੀ ਕੁਪੋਸ਼ਣ ਦੇ ਸ਼ਿਕਾਰ ਸਨ, ਉਨ੍ਹਾਂ ਉੱਪਰ ਅਜਿਹੇ ਤਜਰਬੇ ਕਰਨੇ ਅਨੈਤਿਕ ਸੀ।ਰਿਹਾਇਸ਼ੀ ਸਕੂਲ ਅਤੇ ਹੋਰ ਬਸਤੀਵਾਦੀ ਨੀਤੀਆਂ ਜੋ ਕਿ ਕੈਨੇਡਾ ਵਿੱਚਅਜੇ ਵੀ ਜਾਰੀ ਹਨ, ਮੂਲ ਨਿਵਾਸੀ ਭਾਈਚਾਰਿਆਂ ਵਿੱਚ ਕੁਪੋਸ਼ਣ ਦੀ ਵੱਡੀ ਵਜ੍ਹਾ ਹਨ।ਇਨ੍ਹਾਂ ਤਜ਼ਰਬਿਆਂ ਨੇ ਮੂਲ ਨਿਵਾਸੀਆਂ ਦੇ ਮਨ ਵਿੱਚ ਸਿਹਤ ਸੰਭਾਲ ਕੇਂਦਰਾਂ ਬਾਰੇ ਡਰ ਪੈਦਾ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਕੋਵਿਡ-19 ਟੀਕਾਕਰਨ ਉੱਪਰ ਵੀ ਸਵਾਲ ਚੁੱਕੇ ਹਨ।

ਐਲੀਸਨ ਡੇਨੀਅਲ

(ਐਲੀਸਨ ਡੈਨੀਅਲ ਟੋਰਾਂਟੋ ਯੂਨੀਵਰਸਿਟੀ ਵਿੱਚ ਪੋਸ਼ਣ ਵਿਗਿਆਨ ਵਿੱਚ ਪੀਐੱਚਡੀ ਵਿਦਿਆਰਥੀ ਹਨ।)