ਬਲਾਤਕਾਰ ਦੇ ਮੁਲਜ਼ਮ ਨੂੰ 'ਗੋਲੀ ਮਾਰਨ' ਵਾਲੇ ਪੁਲਿਸ ਅਧਿਕਾਰੀ ਅਜੇਪਾਲ ਸ਼ਰਮਾ ਚਰਚਾ 'ਚ
ਰਾਮਪੁਰ: ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ 6 ਸਾਲ ਦੀ ਬੱਚੀ ਦੇ ਕਥਿਤ ਬਲਾਤਕਾਰੀ ਨੂੰ ਮੁਠਭੇੜ 'ਚ ਗੋਲੀ ਮਾਰਨ ਦੇ ਮਾਮਲੇ 'ਚ ਰਾਮਪੁਰ ਪੁਲਿਸ ਅਧਿਕਾਰੀ ਅਜੇਪਾਲ ਸ਼ਰਮਾ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ।
ਇੱਕ ਪਾਸੇ ਤਾਂ ਲੋਕ ਇਸ ਨੂੰ ਉਨ੍ਹਾਂ ਦੀ ਬਹਾਦਰੀ ਕਰਾਰ ਦੇ ਰਹੇ ਹਨ ਤਾਂ ਦੂਜੇ ਪਾਸੇ ਸਾਰੇ ਲੋਕ ਇਸ ਮਾਮਲੇ 'ਚ ਕਈ ਸਵਾਲ ਵੀ ਚੁੱਕ ਰਹੇ ਹਨ, ਜੋ ਨਾ ਸਿਰਫ਼ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਕਟਹਿਰੇ 'ਚ ਲਿਆ ਖੜ੍ਹਾ ਕਰਦੇ ਹਨ ਬਲਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਵੀ ਘੇਰੇ 'ਚ ਲਿਆਉਂਦੇ ਹਨ।
ਕਰੀਬ ਡੇਢ ਮਹੀਨੇ ਪਹਿਲਾਂ 6 ਸਾਲ ਦੀ ਇੱਕ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਤੇ ਸੁੱਟ ਦਿੱਤਾ ਗਿਆ ਸੀ।
ਸ਼ੱਕ ਸੀ ਕਿ ਪਹਿਲਾਂ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਨਾਜ਼ਿਲ ਨਾਮ ਦੇ ਜਿਸ ਸ਼ਖਸ ਨੂੰ ਪੁਲਿਸ ਮੁਲਜ਼ਮ ਮੰਨ ਰਹੀ ਸੀ, ਦੋ ਦਿਨ ਪਹਿਲਾਂ ਪੁਲਿਸ ਦੇ ਨਾਲ ਉਸ ਦੀ ਮੁਠਭੇੜ ਹੋਈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਐੱਸਪੀ ਅਜੇਪਾਲ ਸ਼ਰਮਾ ਨੇ ਨਾਜ਼ਿਲ ਨੂੰ ਗੋਲੀ ਮਾਰ ਦਿੱਤੀ ਜੋ ਕਿ ਉਸ ਦੀਆਂ ਲੱਤਾਂ 'ਚ ਜਾ ਵੱਜੀ। ਬਾਅਦ ਵਿੱਚ ਨਾਜ਼ਿਲ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਹਸਪਤਾਲ ਭੇਜ ਦਿੱਤਾ।
ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ 'ਪੀੜਤ ਕੁੜੀ ਦੇ ਪਰਿਵਾਰ ਨੂੰ ਨਿਆਂ ਦਿਵਾਇਆ ਹੈ', 'ਉਨ੍ਹਾਂ ਦੇ ਦਿਲ ਨੂੰ ਥੋੜ੍ਹਾ ਸਕੂਨ ਮਿਲਿਆ ਹੈ', 'ਇਸ ਨਾਲ ਬਦਮਾਸ਼ਾਂ ਦੇ ਦਿਲ 'ਚ ਡਰ ਪੈਦਾ ਹੋਵੇਗਾ', 'ਇਸ ਨਾਲ ਅਪਰਾਧਾਂ ਵਿੱਚ ਕਮੀ ਆਵੇਗੀ' ਆਦਿ।
ਉੱਤਰ ਪ੍ਰਦੇਸ਼ ਦੇ ਡੀਜੀਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਆਈਪੀਐੱਸ ਅਧਿਕਾਰੀ ਏਕੇ ਜੈਨ ਕਹਿੰਦੇ ਹਨ ਕਿ ਜੇਕਰ ਮੁਠਭੇੜ ਦੌਰਾਨ ਮੁਲਜ਼ਮ ਨੇ ਗੋਲੀ ਚਲਾਈ ਅਤੇ ਪੁਲਿਸ ਨੇ ਆਤਮ-ਰੱਖਿਆ ਲਈ ਗੋਲੀ ਮਾਰੀ ਤਾਂ ਇਸ 'ਚ ਕੁਝ ਗ਼ਲਤ ਨਹੀਂ ਹੈ ਪਰ ਸਿਰਫ਼ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਮੰਨ ਕੇ ਗੋਲੀ ਮਾਰ ਦਿੱਤੀ ਗਈ ਤਾਂ ਇਹ ਬਿਲਕੁਲ ਗ਼ਲਤ ਹੈ।
ਏਕੇ ਜੈਨ ਕਹਿੰਦੇ ਹਨ ਕਿ ਦੋਸ਼ੀ ਦੀ ਤਾਂ ਛੱਡੋ ਜੇਕਰ ਇਲਜ਼ਾਮ ਸਾਬਿਤ ਵੀ ਹੋ ਗਏ ਹੋਣ ਤਾਂ ਵੀ ਗੋਲੀ ਚਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਜ਼ਾ ਦੇਣਾ ਤਾਂ ਅਦਾਲਤ ਦਾ ਕੰਮ ਹੈ, ਪੁਲਿਸ ਦਾ ਨਹੀਂ।
ਪੁਲਿਸ ਵਾਲਿਆਂ ਵਿਚਾਲੇ 'ਐਨਕਾਊਂਟਰਮੈਨ' ਦੇ ਨਾਮ ਨਾਲ ਮਸ਼ਹੂਰ ਅਜੇਪਾਲ ਸ਼ਰਮਾ ਨੇ ਕਰੀਬ ਦੋ ਹਫ਼ਤਿਆਂ ਪਹਿਲਾਂ ਹੀ ਰਾਮਪੁਰ 'ਚ ਬਤੌਰ ਪੁਲਿਸ ਕਪਤਾਨ ਅਹੁਦਾ ਸਾਂਭਿਆ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)