ਆਖ਼ਰ ਕਿੱਧਰ ਨੂੰ ਜਾ ਰਿਹੈ ਪੰਜਾਬ?

ਆਖ਼ਰ ਕਿੱਧਰ ਨੂੰ ਜਾ ਰਿਹੈ ਪੰਜਾਬ?

ਭਾਰਤ ਭ੍ਰਿਸ਼ਟਾਚਾਰ ਵਿਚ ਦੁਨੀਆ ਦੇ ਸਭ ਤੋਂ ਸਿਖ਼ਰਲੇ ਮੁਲਕਾਂ ਵਿਚ ਹੈ

ਭਾਰਤ ਭ੍ਰਿਸ਼ਟਾਚਾਰ ਵਿਚ ਦੁਨੀਆ ਦੇ ਸਭ ਤੋਂ ਸਿਖ਼ਰਲੇ ਮੁਲਕਾਂ ਵਿਚ ਹੈ। ਗ਼ਰੀਬੀ, ਭੁੱਖਮਰੀ ਵਿਚ ਅਸੀਂ 100ਵੇਂ ਨੰਬਰ ’ਤੇ ਹਾਂ। ਸਾਡੇ ਤੋਂ ਨੜਿੱਨਵੇਂ ਮੁਲਕ ਉੱਪਰ ਹਨ। ਰੁਜ਼ਗਾਰ ਦੇਣ ਦੇ ਮਾਮਲੇ ਵਿਚ ਅਸੀਂ ਇੰਨੇ ਪੱਛੜੇ ਹੋਏ ਹਾਂ ਕਿ ਦੇਸ਼ ਦੇ ਕਰੋੜਾਂ ਲੋਕ ਬੇਰੁਜ਼ਗਾਰ ਫਿਰ ਰਹੇ ਹਨ। ਪੰਜਾਬ ਵਿਚ ਹੀ ਤਕਰੀਬਨ ਦਸ ਲੱਖ ਗ੍ਰੈਜੂਏਟ ਬੇਰੁਜ਼ਗਾਰ ਹਨ। ਲੱਖਾਂ ਨੌਜਵਾਨ ਬਾਹਰ ਜਾ ਰਹੇ ਹਨ ਪਰ ਇਸ ਸਮੱਸਿਆ ਨੂੰ ਹੱਲ ਕਿਵੇਂ ਕੀਤਾ ਜਾਵੇ? ਇਹ ਵੱਡਾ ਸਵਾਲ ਹੈ। ਹਰ ਦਫ਼ਤਰ ਵਿਚ ਭ੍ਰਿਸ਼ਟਾਚਾਰ ਹੈ। ਸਾਡਾ ਸਾਰਾ ਤਾਣਾ-ਬਾਣਾ ਉਲਝਿਆ ਪਿਆ ਹੈ। 

 ਭ੍ਰਿਸ਼ਟਾਚਾਰ ਪਹਿਲਾਂ ਤੋਂ ਹੀ ਹੁੰਦਾ ਆਇਆ ਹੈ। ਅੱਜ ਵੀ ਹੋ ਰਿਹਾ ਹੈ। ਇਸ ਨੂੰ ਖ਼ਤਮ ਕਰਨ ਲਈ ਕੋਈ ਵੱਡੀ ਯੋਜਨਾ ਬਣਾਉਣੀ ਪਵੇਗੀ। ਸਾਨੂੰ ਆਦਤ ਪੈ ਗਈ ਹੈ ਕਿ ਸਰਕਾਰ ਹਰ ਚੀਜ਼ ਮੁਫ਼ਤ ਦੇਵੇ। ਬਿਜਲੀ ਫ੍ਰੀ, ਬੱਸਾਂ ਦਾ ਸਫ਼ਰ ਫ੍ਰੀ, ਖੇਤੀ ਲਈ ਮੋਟਰਾਂ ਵਾਸਤੇ ਬੱਤੀ ਫ੍ਰੀ ਦੇਵੇ। ਸਰਕਾਰ ਜੇ ਹਰ ਚੀਜ਼ ਫ੍ਰੀ ਦੇਵੇ ਤਾਂ ਉਸ ਕੋਲ ਪੈਸਾ ਕਿੱਥੋਂ ਆਵੇਗਾ। ਸਰਕਾਰ ਨੌਕਰੀਆਂ ਬੰਦ ਕਰੇਗੀ। ਮਹਿਕਮੇ ਬੰਦ ਕਰੇਗੀ। ਪੋਸਟਾਂ ਖ਼ਤਮ ਕਰੇਗੀ। ਟੈਕਸ ਹੋਰ ਵਧਾਵੇਗੀ। ਬੇਰੁਜ਼ਗਾਰੀ ਵਧੇਗੀ ਤਾਂ ਬੇਰੁਜ਼ਗਾਰ ਬੱਚੇ ਬਾਹਰ ਭੱਜਣਗੇ, ਨਸ਼ੇ ਵੱਲ ਜਾਣਗੇ ਅਤੇ ਗੈਂਗਸਟਰ ਬਣਨਗੇ। ਪੰਜਾਬ ਦੀ ਖ਼ਾਸ ਤੌਰ ’ਤੇ ਇਹ ਸਮੱਸਿਆ ਹੈ ਕਿ ਚਾਹੇ ਕਾਲਜ ਹਨ, ਸਕੂਲ ਹਨ, ਪੁਲਿਸ ਮਹਿਕਮਾ ਹੈ, ਮਾਲ ਮਹਿਕਮਾ ਹੈ ਜਾਂ ਸਿਹਤ ਮਹਿਕਮਾ ਹੈ, ਹਰ ਪਾਸੇ ਬਦਅਮਨੀ ਹੈ। ਕਾਲਜ ਖ਼ਾਲੀ ਪਏ ਹਨ। ਪਿਛਲੀ ਸਰਕਾਰ ਨੇ ਬਾਰਾਂ ਸੌ ਟੀਚਰਾਂ ਦੀ ਭਰਤੀ ਕਰਨੀ ਸੀ, ਉਹ ਨਹੀਂ ਹੋਈ। ਈਟੀਟੀ ਟੀਚਰਾਂ ਦੀ ਭਰਤੀ ਹੋਈ, ਉਸ ਤੋਂ ਜ਼ਿਆਦਾ ਤਾਂ ਰਿਟਾਇਰ ਹੋ ਗਏ।

ਇਕ ਲੱਖ ਨੌਕਰੀ ਦਾ ਵਾਅਦਾ ਬਾਦਲ ਸਰਕਾਰ ਨੇ ਕੀਤਾ ਸੀ, ਇਕ ਲੱਖ ਦਾ ਵਾਅਦਾ ਕੈਪਟਨ ਸਰਕਾਰ ਨੇ ਕੀਤਾ ਸੀ। ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਪੱਚੀ ਹਜ਼ਾਰ ਨੌਕਰੀਆਂ ਦੇਵਾਂਗੇ ਪਰ ਕਿਸੇ ਨੇ ਵੀ ਵਾਅਦਾ ਪੂਰਾ ਨਹੀਂ ਕੀਤਾ। ਤਰਸ ਦੇ ਆਧਾਰ ’ਤੇ ਵੀ ਬਹੁਤ ਘੱਟ ਨੌਕਰੀਆਂ ਦੇ ਰਹੇ ਹਨ। ਇਸ ਦੇ ਵਿਆਪਕ ਹੱਲ ਲਈ ਅਸੀਂ ਲਹਿਰਾਂ ਖੜ੍ਹੀਆਂ ਕਰਦੇ ਹਾਂ ਪਰ ਲਹਿਰਾਂ ਛੇਤੀ ਹੀ ਰਾਜਨੀਤਕ ਲੋਕਾਂ ਦੇ ਝਾਂਸੇ ਵਿਚ ਆ ਜਾਂਦੀਆਂ ਹਨ। ਅਸੀਂ ਮੋਦੀ ਸਰਕਾਰ ਲਿਆਂਦੀ। ਅਸੀਂ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਲੈ ਕੇ ਆਏ ਪਰ ਸਾਨੂੰ ਛੇਤੀ ਹੀ ਭਗਵੰਤ ਮਾਨ ਸਰਕਾਰ ਵਿੱਚੋਂ ਆਪਣਾ ਭਵਿੱਖ ਦਿਸਣ ਦੀ ਕਾਹਲੀ ਪੈ ਗਈ।  ਸਰਕਾਰਾਂ ਸਾਡੇ ’ਤੇ ਬਹੁਰਾਸ਼ਟਰੀ ਕੰਪਨੀਆਂ ਅਤੇ ਵੱਡੇ ਘਰਾਣੇ ਅਡਾਨੀ, ਅੰਬਾਨੀ ਤੇ ਟਾਟੇ-ਬਿਰਲੇ ਸਮੇਤ ਸੌ ਤੋਂ ਵੱਧ ਘਰਾਣੇ ਸਾਡੇ ’ਤੇ ਠੋਸਣੇ ਚਾਹੁੰਦੀਆਂ ਹਨ। ਉਹ ਘਰਾਣੇ ਇਹੀ ਸੋਚਦੇ ਹਨ ਕਿ ਉਨ੍ਹਾਂ ਨੇ ਸਾਨੂੰ ਕਿਹੜੀ ਚੀਜ਼ ਵੇਚਣੀ ਹੈ। ਕਿਵੇਂ ਉਨ੍ਹਾਂ ਨੇ ਸਕੂਟਰ-ਮੋਟਰਸਾਈਕਲ ਵੇਚਣਾ ਹੈ। ਕਿਵੇਂ ਉਨ੍ਹਾਂ ਨੇ ਬੈਟਰੀ ਵਾਲਾ ਨਵਾਂ ਸਕੂਟਰ ਲੈ ਕੇ ਆਉਣਾ ਹੈ। ਕਿਵੇਂ ਸਾਨੂੰ ਮੋਬਾਈਲ ਫੋਨ ਵੇਚਣੇ ਹਨ। ਕਿਵੇਂ ਆਦਤ ਪਾਉਣੀ ਹੈ ਕਿ ਸਾਡਾ ਬੱਚਾ ਪੰਜਾਹ ਹਜ਼ਾਰ ਤੋਂ ਲੱਖ ਵਾਲਾ ਮੋਬਾਈਲ ਫੋਨ ਲਵੇ। ਵਾਰੋ-ਵਾਰੀ ਉਹ ਮੋਬਾਈਲ ਫੋਨ ਬਦਲਦਾ ਰਹੇ। ਅਸੀਂ ਇਕ ਦਿਨ ਇਕ ਸਰਕਾਰ ਬਣਾਉਂਦੇ ਹਾਂ, ਦੂਜੇ ਦਿਨ ਹੋਰ ਸਰਕਾਰ ਤੇ ਤੀਜੇ ਦਿਨ ਹੋਰ ਸਰਕਾਰ ਬਣਾਉਣ ਬਾਰੇ ਸੋਚਦੇ ਹਾਂ।

ਅਸੀਂ ਇਕ ਬੰਦੇ ਨੂੰ ਸੱਤਰ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿਤਾ ਦਿੰਦੇ ਹਾਂ ਤਾਂ ਇਕ ਮਹੀਨੇ ਬਾਅਦ ਹੀ ਸਾਡਾ ਉਸ ਤੋਂ ਮੋਹ ਭੰਗ ਹੋ ਜਾਂਦਾ ਹੈ। ਅਸੀਂ ਨਵਾਂ ਬੰਦਾ ਜਿਤਾ ਦਿੰਦੇ ਹਾਂ। ਕੀ ਅਸੀਂ ਸੋਚ-ਸਮਝ ਕੇ ਵੋਟਾਂ ਨਹੀਂ ਪਾਉਂਦੇ? ਸਾਡੇ ਵਿਚ ਕੋਈ ਉਸਾਰੂ ਸੋਚ ਬਣੀ ਹੀ ਨਹੀਂ। ਜੇ ਸੋਚ ਹੀ ਨਹੀਂ ਬਣੀ ਤਾਂ ਤਬਦੀਲੀ ਕਿਵੇਂ ਆਵੇਗੀ। ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ। ਮੁਲਾਜ਼ਮਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਕਿਸਾਨਾਂ ਦੇ ਆਪਣੇ ਮਸਲੇ ਹਨ। ਵਪਾਰੀਆਂ, ਦੁਕਾਨਦਾਰਾਂ, ਸਭ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਹਨ। ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਕਿ ਉਨ੍ਹਾਂ ਦੇ ਅਨੇਕਾਂ ਧੜੇ ਹਨ। ਕਿਸਾਨ ਯੂਨੀਅਨਾਂ ਦੇ ਵੀ ਅਨੇਕਾਂ ਧੜੇ ਹਨ। ਇਕ ਸਕੂਲ ਵਿਚ ਜੇ ਤੀਹ ਅਧਿਆਪਕ ਹਨ ਤਾਂ ਤੀਹ ਜਥੇਬੰਦੀਆਂ ਵਿਚ ਸ਼ਾਮਲ ਹੋਏ ਪਏ ਹਨ। ਸਾਨੂੰ ਇਕ ਸਾਂਝੀ ਸੋਚ ਬਣਾਉਣੀ ਪੈਣੀ ਹੈ। ਰੋਜ਼-ਰੋਜ਼ ਐੱਮਐੱਲਏ, ਐੱਮਪੀ ਬਦਲ ਕੇ ਅਸੀਂ ਆਪਣਾ ਭਵਿੱਖ ਉਜਵਲ ਨਹੀਂ ਬਣਾ ਸਕਦੇ। ਸੋਸ਼ਲ ਮੀਡੀਆ ’ਤੇ ਅਸੀਂ ਚੰਗੀ ਸੋਚ ਪੈਦਾ ਕਰ ਸਕਦੇ ਹਾਂ, ਸਰਕਾਰਾਂ ਸੋਸ਼ਲ ਮੀਡੀਆ ਨੂੰ ਆਪਣੇ ਹੱਕ ਵਿਚ ਵਰਤ ਰਹੀਆਂ ਹਨ। ਜੇ ਗੈਂਗਸਟਰ ਸਰਕਾਰਾਂ ਦੇ ਹੱਕ ਵਿਚ ਚੱਲਣਗੇ ਤਾਂ ਸਰਕਾਰਾਂ ਉਨ੍ਹਾਂ ਨੂੰ ਵਰਤਣਗੀਆਂ ਕਿਉਂਕਿ ਇਹ ਵੀ ਸਰਕਾਰਾਂ ਦੇ ਆਪਣੇ ਹੀ ਪੈਦਾ ਕੀਤੇ ਹੋਏ ਹਨ। ਜੇ ਸਰਕਾਰਾਂ ਦੇ ਹੱਕ ’ਚ ਗੈਂਗਸਟਰ ਨਹੀਂ ਚੱਲਣਗੇ ਤਾਂ ਹੁਕਮਰਾਨ ਉਨ੍ਹਾਂ ਦਾ ਐਨਕਾਊਂਟਰ ਕਰਵਾ ਕੇ ਸੋਸ਼ਲ ਮੀਡੀਆ ’ਤੇ ਫੋਕੀ ਵਾਹ-ਵਾਹ ਖੱਟਣਗੇ। ਅੱਜ ਜੇ ਨਸ਼ਾ ਵਿਕਦਾ ਹੈ ਤਾਂ ਇਹ ਰਾਜਨੀਤਕ ਲੋਕਾਂ ਤੇ ਸਫੇਦਪੋਸ਼ਾਂ ਕਾਰਨ ਹੀ ਵਿਕਦਾ ਹੈ।

 

ਬਲਕਰਨ ਪੰਨੀ ਵਾਲਾ