ਪੁਲਿਸ ਦੀ ਰਾਈਫਲ ਲੈ ਕੇ ਭੱਜਿਆ ਨੌਜਵਾਨ ਕਾਬੂ

ਪੁਲਿਸ ਦੀ ਰਾਈਫਲ ਲੈ ਕੇ ਭੱਜਿਆ ਨੌਜਵਾਨ ਕਾਬੂ

ਅੰਮ੍ਰਿਤਸਰ ਟਾਈਮਜ਼

ਧਾਰੀਵਾਲ-ਥਾਣਾ ਧਾਰੀਵਾਲ ਵਿਖੇ ਡਿਊਟੀ ਕਰਦੇ ਸਮੇਂ ਸੰਤਰੀ ਕੋਲੋਂ ਇਕ ਨੌਜਵਾਨ ਵਲੋਂ ਰਾਈਫਲ ਖੋਹ ਕੇ ਰਫੂ ਚੱਕਰ ਹੋਣ ਉਪਰੰਤ ਆਪਣੀ ਫੇਸਬੁੱਕ ਆਈ.ਡੀ. 'ਤੇ ਲਾਈਵ ਹੋ ਕੇ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਬੇਸ਼ੱਕ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਪਿੰਡ ਕੋਟ ਧੰਦਲ ਤੋਂ ਰਾਈਫ਼ਲ ਸਮੇਤ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ । ਡੀ. ਐਸ. ਪੀ. ਸੁਖਵਿੰਦਰ ਸਿੰਘ ਬਰਾੜ ਨੇ  ਦੱਸਿਆ ਕਿ ਉਕਤ ਨੌਜਵਾਨ  ਸਵੇਰੇ  ਥਾਣਾ ਧਾਰੀਵਾਲ ਵਿਖੇ ਚਿੱਟੇ ਰੰਗ ਦੀ ਕਾਰ 'ਤੇ ਆਇਆ ਤਾਂ ਇਸ ਦੌਰਾਨ ਡਿਊਟੀ ਕਰ ਰਹੇ ਪੰਜਾਬ ਹੋਮਗਾਰਡ ਦੇ ਜਵਾਨ ਪ੍ਰਦੀਪ ਕੁਮਾਰ ਨੰਬਰ-114 ਵਾਸੀ ਸੋਹਲ ਨੇ ਜਸਵਿੰਦਰ ਸਿੰਘ ਨੂੰ ਪੁਛਿਆ ਕਿ ਕਿਸ ਨੂੰ ਮਿਲਣਾ ਹੈ, ਜਿਸ ਨੇ ਕਿਹਾ ਕਿ ਮੇਰਾ ਨਾਂਅ ਜਸਵਿੰਦਰ ਸਿੰਘ  ਪਿੰਡ ਗੁਰਦਾਸਨੰਗਲ ਹੈ ਅਤੇ ਮੈਂ ਮੁਨਸ਼ੀ ਨੂੰ ਮਿਲਣਾ ਹੈ ਤਾਂ ਏਨਾ ਕਹਿ ਕੇ ਉਹ ਇਸ ਦੇ ਪਾਸ ਜੋ ਏ.ਐਲ.ਆਰ. ਬਾਡੀ ਨੰਬਰ 33227 ਬੱਟ ਨੰਬਰ 27 ਸੀ, ਜਿਸ ਵਿਚ 15 ਰੋਂਦ ਸਨ, ਇਸ ਨੂੰ ਧੱਕਾ ਮਾਰ ਕੇ ਖੋਹ ਕੇ ਭੱਜ ਗਿਆ । ਪੁਲਿਸ ਵਲੋਂ ਨੌਜਵਾਨ ਦੇ ਮੋਬਾਈਲ ਦੀ ਲੋਕੇਸ਼ਨ ਰਾਹੀਂ ਉਸ ਨੂੰ ਪਿੰਡ ਕੋਟ ਧੰਦਲ ਦੇ ਟਿਊਬਵੈਲ 'ਤੇ ਘੇਰਾ ਪਾ ਲਿਆ ।ਇਸੇ ਦੌਰਾਨ ਨੌਜਵਾਨ ਜਸਵਿੰਦਰ ਸਿੰਘ ਫੇਸਬੁੱਕ 'ਤੇ ਲਾਈਵ ਹੋ ਗਿਆ ਤੇ ਉਸ ਨੇ ਪਿੰਡ ਗੁਰਦਾਸ ਨੰਗਲ ਦੇ ਗੁਰਦੁਆਰਾ ਕਮੇਟੀ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਅਤੇ ਕਿਹਾ ਕਿ ਉਸ ਨੇ ਇਹ ਕੰਮ ਐਸ.ਐਚ.ਓ. ਨੂੰ ਸਬਕ ਸਿਖਾਉਣ ਲਈ ਕੀਤਾ ਹੈ | ਵੀਡੀਓ ਸੁਣ ਸਾਰੇ ਪੱਤਰਕਾਰ ਅਤੇ ਕੁਝ ਵਕੀਲ ਵੀ ਉਥੇ ਪਹੁੰਚ ਗਏ, ਜਿਨ੍ਹਾਂ ਦੀ ਹਾਜ਼ਰੀ 'ਵਿਚ ਉਸ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ । ਡੀ.ਐਸ.ਪੀ. ਬਰਾੜ ਨੇ ਅੱਗੇ ਦੱਸਿਆ ਕਿ ਰਾਈਫਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੀਤਾ ਗਿਆ ਹੈ ।