ਸੂਲਰ ਪਿੰਡ ਦੀ ਸੰਗਤ ਅਤੇ ਸਿੱਖ ਜਥਾ ਮਾਲਵਾ ਨੇ ਗੁਰੂਦਵਾਰਾ ਸਾਹਿਬ ਵਿਖੇ ਵਾਪਰੀ ਦੁਰਘਟਨਾ ਸਬੰਧੀ ਸਾਂਝੀ ਰਾਏ ਨਾਲ ਲਏ ਫ਼ੈਸਲੇ

ਸੂਲਰ ਪਿੰਡ ਦੀ ਸੰਗਤ ਅਤੇ ਸਿੱਖ ਜਥਾ ਮਾਲਵਾ ਨੇ ਗੁਰੂਦਵਾਰਾ ਸਾਹਿਬ ਵਿਖੇ ਵਾਪਰੀ ਦੁਰਘਟਨਾ ਸਬੰਧੀ ਸਾਂਝੀ ਰਾਏ ਨਾਲ ਲਏ ਫ਼ੈਸਲੇ
ਗੁਰਦੁਆਰਾ ਸਾਹਿਬ, ਪਿੰਡ ਸੂਲਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਗਰੂਰ : ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੂਲਰ ਪਿੰਡ ਦੀ ਸੰਗਤ ਨੇ ਫੈਸਲੇ ਲੈਣ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅੰਦਰ ਸੰਗਤੀ ਰੂਪ ਵਿਚਾਰਾਂ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਦਿਨ ਪਹਿਲਾਂ ਵਾਪਰੀ ਦੁਰਘਟਨਾ ਸਬੰਧੀ ਸਾਂਝੇ ਫੈਸਲੇ ਲਏ। ਜਿਕਰਯੋਗ ਹੈ ਕਿ ਲੰਘੀ 29 ਮਾਰਚ 2022 ਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਸੂਲਰ ਵਿਖੇ ਇਸੇ ਹੀ ਪਿੰਡ ਦੇ ਵਸਨੀਕ ਮਨਜੀਤ ਸਿੰਘ ਉਰਫ ਭੋਲਾ ਪੁੱਤਰ ਬਲਵੀਰ ਸਿੰਘ ਵੱਲੋਂ ਸਵੇਰੇ ਤਕਰੀਬਨ 5 ਵਜੇ ਦੇ ਆਸ ਪਾਸ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਨਿਤਨੇਮ ਕਰ ਰਹੇ ਗ੍ਰੰਥੀ ਸਿੰਘ ‘ਤੇ ਲੋਹੇ ਦੀ ਰਾਡ ਵਰਗੀ ਚੀਜ਼ ਨਾਲ ਹਮਲਾ ਕੀਤਾ ਗਿਆ ਸੀ। ਉਸ ਵੱਲੋਂ ਪਹਿਲਾਂ ਗੁਰੂ ਮਹਾਰਾਜ ਲਈ ਬਣਾਏ ਗਏ ਸ਼ੀਸ਼ੇ ਦੇ ਕੈਬਿਨ ਦਾ ਸ਼ੀਸ਼ਾ ਤੋੜਿਆ ਗਿਆ ਫ਼ਿਰ ਗ੍ਰੰਥੀ ਸਿੰਘ ਉੱਤੇ ਵੀ ਵਾਰ ਕੀਤੇ ਗਏ, ਜਿਸ ਨਾਲ ਗ੍ਰੰਥੀ ਸਿੰਘ ਜਖਮੀ ਹੋ ਗਿਆ ਪਰ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਨੁਕਸਾਨ ਨਹੀਂ ਆਉਣ ਦਿੱਤਾ। ਹੁਣ ਦੋਸ਼ੀ ਪੁਲਸ ਦੀ ਹਿਰਾਸਤ ਵਿੱਚ ਹੈ ਜਿਸ ਉੱਤੇ ਧਾਰਾ 307, 427 ਅਤੇ 295 A ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਬੀਤੇ ਦਿਨੀਂ ਸੂਲਰ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਮੌਜੂਦਾ ਸਰਪੰਚ, ਸਾਬਕਾ ਸਰਪੰਚ, ਪਿੰਡ ਦੀ ਸਿੱਖ ਸੰਗਤ ਅਤੇ ਸਿੱਖ ਜਥਾ ਮਾਲਵਾ ਦੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਇਕੱਤਰ ਹੋਏ ਅਤੇ ਸੰਗਤੀ ਰੂਪ ਵਿੱਚ ਵਿਚਾਰਾਂ ਕਰਕੇ ਇਸ ਘਟਨਾਕ੍ਰਮ ਸਬੰਧੀ ਸਭ ਦੀ ਸਾਂਝੀ ਰਾਇ ਦੇ ਨਾਲ ਹੇਠ ਲਿਖੇ ਫੈਸਲੇ ਲਏ ਗਏ: 29 ਮਾਰਚ 2022 ਨੂੰ ਜਦੋਂ ਇਹ ਦੁਰਘਟਨਾ ਵਾਪਰੀ ਉਦੋਂ ਗ੍ਰੰਥੀ ਸਿੰਘ ਨੇ ਉੱਦਮ ਕਰਕੇ ਹੋਏ ਹਮਲੇ ਦਾ ਟਾਕਰਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਨੁਕਸਾਨ ਨਹੀਂ ਆਉਣ ਦਿੱਤਾ। ਉਹਨਾਂ ਦੀ ਇਹ ਬਹੁਤ ਵੱਡੀ ਸੇਵਾ ਹੈ। ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਗੁਰੂ ਪਤਿਸਾਹ ਉਹਨਾਂ ਤੋਂ ਪੰਥ ਦੇ ਕਾਰਜਾਂ ਵਿੱਚ ਸੇਵਾ ਲੈਂਦੇ ਰਹਿਣ।

29 ਮਾਰਚ 2022 ਨੂੰ ਜਦੋਂ ਇਹ ਦੁਰਘਟਨਾ ਵਾਪਰੀ ਉਸ ਵਕਤ ਗੁਰਦੁਆਰਾ ਸਾਹਿਬ ਅੰਦਰ ਗ੍ਰੰਥੀ ਸਿੰਘ ਅਤੇ ਸੰਗਤ ਵਿੱਚ ਦੋ ਬੀਬੀਆਂ ਹੀ ਸਨ। ਕੋਈ ਵੀ ਹੋਰ ਵਿਅਕਤੀ ਮੌਜੂਦ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਲਈ ਲੋੜੀਂਦੇ ਹਜੂਰੀਏ ਸਿੰਘਾਂ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਆਪਣਾ ਬਣਦਾ ਫਰਜ ਨਾ ਨਿਭਾਉਣ ਲਈ ਨੈਤਿਕ ਤੌਰ ‘ਤੇ ਆਪਣੀ ਜਿੰਮੇਵਾਰੀ ਕਬੂਲਦੀ ਹੈ।

ਇਸ ਅਣਗਹਿਲੀ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਪੰਥ ਤੋਂ ਮੁਆਫੀ ਮੰਗਦੀ ਹੈ ਅਤੇ ਅਗਾਂਹ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸਬੰਧੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੰਦੀ ਹੈ। ਜੇਕਰ ਭਵਿੱਖ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸਬੰਧੀ ਵਰਤੀ ਗਈ ਢਿੱਲ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਆਪਣੇ ਆਪ ਨੂੰ ਇਹਨਾਂ ਅਹੁਦਿਆਂ ਦੇ ਕਾਬਲ ਨਾ ਸਮਝਦੀ ਹੋਈ ਆਪਣੇ ਆਹੁਦਿਆਂ ਤੋਂ ਅਸਤੀਫੇ ਦੇਵੇਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਸਿੰਘਾਂ ਅੱਗੇ ਪੇਸ਼ ਹੋਵੇਗੀ।ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਸਮੂਹ ਨਗਰ ਵੱਲੋਂ ਪਸ਼ਚਾਤਾਪ ਲਈ 2 ਅਪ੍ਰੈਲ 2022 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿੰਨਾਂ ਦੇ ਭੋਗ 4 ਅਪ੍ਰੈਲ 2022 ਨੂੰ ਪਾਏ ਜਾਣਗੇ।

ਮਨਜੀਤ ਸਿੰਘ ਉਰਫ ਭੋਲਾ (ਜਿਸ ਵਿਅਕਤੀ ਨੇ ਇਹ ਦੁਰਘਟਨਾ ਨੂੰ ਅੰਜਾਮ ਦਿੱਤਾ ਹੈ) ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਸਿੱਖ ਸੰਗਤ ਪੁਲਸ ਕਾਰਵਾਈ ਤੋਂ ਇਲਾਵਾ ਇਸ ਦੁਰਘਟਨਾ ਦੇ ਹੋਰ ਸਾਰੇ ਪੱਖਾਂ ਦੀ ਪੜਤਾਲ ਕਰੇਗੀ ਅਤੇ ਪਿੰਡ ਦੇ ਹੋਰਨਾਂ ਮੁਹਤਬਰਾਂ ਨਾਲ ਰਾਬਤਾ ਕਰ ਕੇ ਇਹ ਯਤਨ ਕਰੇਗੀ ਕਿ ਇਸ ਨੀਚ ਹਰਕਤ ਲਈ ਪਿੰਡ ਵੱਲੋਂ ਵੀ ਦੋਸ਼ੀ ਸਬੰਧੀ ਕੋਈ ਸਾਂਝਾ ਫੈਸਲਾ ਲਿਆ ਜਾਵੇ।

ਇਸ ਮੌਕੇ ਨਾਹਰ ਸਿੰਘ ਉਰਫ ਨਾਥ ਸਿੰਘ (ਪ੍ਰਧਾਨ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ), ਸਿਕੰਦਰ ਸਿੰਘ (ਖਜਾਨਚੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ), ਸੁਖਵਿੰਦਰ ਸਿੰਘ (ਕਮੇਟੀ ਮੈਂਬਰ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ), ਮਨਦੀਪ ਸਿੰਘ (ਪਿੰਡ ਵਾਸੀ), ਗਜਿੰਦਰ ਸਿੰਘ (ਮੌਜੂਦਾ ਸਰਪੰਚ, ਪਿੰਡ ਸੂਲਰ), ਸੁਖਦੇਵ ਸਿੰਘ (ਸਾਬਕਾ ਸਰਪੰਚ, ਪਿੰਡ ਸੂਲਰ), ਮਲਕੀਤ ਸਿੰਘ (ਸਿੱਖ ਜਥਾ ਮਾਲਵਾ), ਗੁਰਜੀਤ ਸਿੰਘ (ਸਿੱਖ ਜਥਾ ਮਾਲਵਾ), ਸਤਪਾਲ ਸਿੰਘ (ਸਿੱਖ ਜਥਾ ਮਾਲਵਾ), ਬਲਵਿੰਦਰ ਸਿੰਘ (ਸਿੱਖ ਜਥਾ ਮਾਲਵਾ) ਅਤੇ ਪਿੰਡ ਦੀ ਸੰਗਤ ਹਾਜਰ ਸੀ।