ਸਿੱਧੂ ਦੇ ਨਿਸ਼ਾਨੇ ਉਪਰ ਕੇਜਰੀਵਾਲ 

ਸਿੱਧੂ ਦੇ ਨਿਸ਼ਾਨੇ ਉਪਰ ਕੇਜਰੀਵਾਲ 

‘ਆਪ’ ਦੇ ਕੌਮੀ ਕਨਵੀਨਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਤੇ ਆਮ ਪਾਰਟੀ ਦੇ ਕੌਮੀ ਕਨਵੀਨਰ  ਕੇਜਰੀਵਾਲ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ ਹਨ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਆਖਦੇ ਰਹੇ ਹਨ ਕਿ ਪੰਜਾਬ ਵਿੱਚ ਪਹਿਲੀ ਅਪਰੈਲ ਤੋਂ ਬਾਅਦ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਪਰ ਪੰਜਾਬ ਵਿੱਚ ਰੋਜ਼ਾਨਾ ਅਜਿਹਾ ਵਰਤਾਰਾ ਵਾਪਰ ਰਿਹਾ ਹੈ।ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਬੀਤੇ ਦਿਨੀਂ ਬਠਿੰਡਾ ਜ਼ਿਲ੍ਹੇ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਦੋ ਕਿਸਾਨਾਂ ਦੇ ਘਰ ਜਾ ਕੇ ਦੁੱਖ ਵੰਡਾ ਕੇ ਆਏ ਹਨ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਅਰਵਿੰਦ ਕੇਜਰੀਵਾਲ ਕਦੋਂ ਜਾਣਗੇ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘‘ਅਰਵਿੰਦ ਕੇਜਰੀਵਾਲ ਜੀ, ਤੁਸੀਂ ਝੂਠ ਬੋਲਣਾ ਕਦੋਂ ਬੰਦ ਕਰੋਗੇ। ਇੱਕੋ ਜ਼ਿਲ੍ਹੇ ਵਿਚ ਸੱਤ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਸੋਚ ਕੇ ਦੇਖੋ ਕਿ 23 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕੀ ਹਾਲਤ ਹੋਵੇਗੀ।  ਪੰਜਾਬ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਅਤੇ ਫ਼ਿਕਰ ਹੁਣ ਕਿੱਥੇ ਹਨ? ਵਾਅਦੇ ਅਨੁਸਾਰ ਮੁਆਵਜ਼ਾ ਕਿਥੇ ਹੈ? ਜੋ ਤੁਸੀਂ ਕਹਿੰਦੇ ਹੋ, ਉਸ ਉੱਪਰ ਪਹਿਰਾ ਵੀ ਦੇਵੋ।’’

ਸਿੱਧੂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਆਪਣੇ ਸਿਆਸੀ ਮਨੋਰਥਾਂ ਲਈ ਪੰਜਾਬ ਨੂੰ ਵਰਤਿਆ ਹੈ। ਜਦੋਂ ਹੁਣ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਆ ਗਈਆਂ ਹਨ ਤਾਂ ਕੇਜਰੀਵਾਲ ਪੰਜਾਬ ਨੂੰ ਭੁੱਲ ਹੀ ਗਏ ਹਨ। ਸਿਧੂ ਨੇ ਕਿਹਾ ਕਿ ਹੁਣ ਸਾਫ਼ ਹੋ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ  ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦਿੱਲੀ ਪੁਲਿਸ ਨੂੰ ਦਿੱਲੀ ਸਰਕਾਰ ਦੇ ਅਧੀਨ ਕਰਨ ਦੀ ਮੰਗ ਕਿਉਂ ਕਰਦੇ ਰਹੇ ਹਨ। ਪੰਜਾਬ ਵਿਚ ਆਮ  ਪਾਰਟੀ ਦੀ ਸਰਕਾਰ ਬਣਦਿਆਂ ਹੀ ਪੰਜਾਬ ਪੁਲਿਸ ਦਾ ਪੱਕਾ ਡੇਰਾ ਦਿੱਲੀ ਵਿਚ ਲੱਗ ਗਿਆ ਹੈ। ਆਪ ਪਾਰਟੀ ਜਾਂ ਕੇਜਰੀਵਾਲ ਦੇ ਖ਼ਿਲਾਫ਼ ਸੋਸ਼ਲ ਮੀਡੀਆ ਵਿਚ ਲਿਖਣ ਵਾਲਿਆਂ ਦੇ ਪਿੱਛੇ ਪੰਜਾਬ ਪੁਲਿਸ ਲਗਾ ਦਿੱਤੀ ਗਈ ਹੈ। ਸਿਧੂ ਨੇ ਕਿਹਾ ਕਿ ਦਿੱਲੀ ਵਿਚ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ, ਇਸ ਲਈ ਕੇਜਰੀਵਾਲ ਹਮੇਸ਼ਾ ਇਸ ਗੱਲ ਨੂੰ ਉਛਾਲਦੇ ਰਹਿੰਦੇ ਸਨ ਕਿ ਉਨ੍ਹਾਂ ਦੇ ਕੋਲ ਪੁਲਿਸ ਨਹੀਂ ਹੈ, ਇਸ ਲਈ ਦਿੱਲੀ ਦੀ ਕਾਨੂੰਨ ਵਿਵਸਥਾ ਠੀਕ ਨਹੀਂ ਹੋ ਪਾ ਰਹੀ। ਪਰ ਪੰਜਾਬ ਵਿਚ ਉਨ੍ਹਾਂ ਨੂੰ ਪੁਲਿਸ ਮਿਲੀ ਤਾਂ ਉਸ ਦੀ ਵਰਤੋਂ ਉਨ੍ਹਾਂ ਨੇ ਆਪਣੇ ਵਿਰੋਧੀਆਂ ਦੇ ਖ਼ਿਲਾਫ਼ ਸ਼ੁਰੂ ਕਰ ਦਿੱਤੀ।  ਕੇਜਰੀਵਾਲ 'ਤੇ ਕਈ ਦੋਸ਼ ਲਗਾਉਣ ਵਾਲੇ ਉਨ੍ਹਾਂ ਦੇ ਪੁਰਾਣੇ ਸਾਥੀ ਕੁਮਾਰ ਵਿਸ਼ਵਾਸ ਅਤੇ ਕਾਂਗਰਸ ਨੇਤਾ ਅਤੇ ਆਪ  ਪਾਰਟੀ ਦੀ ਸਾਬਕਾ ਵਿਧਾਇਕ ਅਲਕਾ ਲਾਂਬਾ ਦੇ ਘਰ ਵੀ ਪੰਜਾਬ ਪੁਲਿਸ ਭੇਜ ਕੇ ਹਿਟਲਰਸ਼ਾਹੀ ਦਿਖਾਈ ਹੈ।