ਮਾਮਲਾ ਥਮਿੰਦਰ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਬਦੀਲੀਆਂ ਕਰਨ ਦਾ

ਮਾਮਲਾ  ਥਮਿੰਦਰ ਸਿੰਘ  ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਬਦੀਲੀਆਂ ਕਰਨ ਦਾ

ਗਿਆਨੀ ਹਰਪ੍ਰੀਤ ਸਿੰਘ ਨੇ 3 ਦੀ ਪੰਥਕ ਇਕੱਤਰਤਾ ਬੁਲਾਈ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ ਨਾਂਅ ਦੇ ਇੱਕ ਵਿਅਕਤੀ ਵਲੋਂ ਆਪਣੀ ਸੰਸਥਾ ਦੁਆਰਾ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਜੀ ਦੇ ਪੰਥ ਪ੍ਰਵਾਨਿਤ ਪਾਵਨ ਸਰੂਪ ਵਿਚ ਲਗਾਂ-ਮਾਤ੍ਰਾਵਾਂ ਦੀਆਂ ਤਬਦੀਲੀਆਂ ਕਰਕੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਤੇ ਉਸ ਨੂੰ ਪੀ.ਡੀ.ਐਫ. ਰੂਪ ਵਿਚ ਆਨਲਾਈਨ ਅਪਲੋਡ ਕਰਨ ਦੇ ਮਾਮਲੇ 'ਤੇ ਪੰਥਕ ਵਿਚਾਰਾਂ ਕਰਨ ਹਿਤ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 3 ਮਈ ਨੂੰ  ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੀ ਬੁਲਾਈ ਗਈ ਇਕੱਤਰਤਾ ਲਈ ਸੱਦਾ ਪੱਤਰ ਭੇਜੇ ਗਏ ਹਨ, ਜਿਥੇ ਇਸ ਸੰਬੰਧੀ ਕੋਈ ਸਖ਼ਤ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ । ਜਥੇਦਾਰ ਨੇ ਇਸ ਮਾਮਲੇ ਸੰਬੰਧੀ ਇਕ ਚਾਰ ਮੈਂਬਰੀ ਪੜਤਾਲ ਕਮੇਟੀ ਦਾ ਗਠਨ ਕਰਦਿਆਂ ਇਸ ਦੀ ਪੜ੍ਹਤਾਲ ਰਿਪੋਰਟ 29 ਅਪ੍ਰੈਲ ਤੱਕ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ । ਇਸੇ ਦੌਰਾਨ ਪਤਾ ਲੱਗਾ ਹੈ ਕਿ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਵਲੋਂ ਇਸ ਮਾਮਲੇ ਸੰਬੰਧੀ ਆਪਣਾ ਸਪੱਸ਼ਟੀਕਰਨ ਵੀ ਅਕਾਲ ਤਖ਼ਤ ਸਕੱਤਰੇਤ ਨੂੰ ਈਮੇਲ ਰਾਹੀਂ ਭੇਜਿਆ ਗਿਆ ਹੈ ।ਸਮਝਿਆ ਜਾਂਦਾ ਹੈ ਕਿ ਇੱਕਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਸਥਾਪਤ ਕਰਨ ਤੇ ਸਾਬਕਾ ਪ੍ਰਧਾਨ ਦੇ ਓ. ਐਸ. ਡੀ. ਅਮਰੀਕ ਸਿੰਘ ਲਤੀਫ਼ਪੁਰ ਵਲੋਂ ਬੀਤੇ ਦਿਨੀਂ ਸ੍ਰੀ ਮੰਜੀ ਸਾਹਿਬ ਵਿਖੇ ਕਥਾ ਕਰਨ ਸਮੇਂ ਸ੍ਰੀ ਅਖੰਡ ਸਾਹਿਬ ਸਮੇਂ ਮੱਧ ਦੀ ਅਰਦਾਸ ਨੂੰ ਲੈ ਕੇ ਕੀਤੀਆਂ ਟਿੱਪਣੀ ਸਮੇਤ ਹੋਰ ਮੁੱਦਿਆਂ 'ਤੇ ਵੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ ।