ਕੇਜਰੀਵਾਲ ਖਿਲਾਫ ਡਟੇ ਨਵਜੋਤ ਸਿੰਘ ਸਿੱਧੂ

ਮਾਮਲਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਬੇਅਦਬੀ ਕਾਂਡ ਦਾ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ 2015 ਵਿੱਚ ਹੋਏ ਬਰਗਾੜੀ ਕਾਂਡ ਦੀ ਜਾਂਚ ਦਾ ਮਾਮਲਾ ਯਾਦ ਕਰਵਾਇਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸ੍ਰੀ ਕੇਜਰੀਵਾਲ ਦੀ ਇਸ ਸਬੰਧੀ ਇੱਕ ਵੀਡੀਓ ਅਪਲੋਡ ਕੀਤੀ ਅਤੇ ਆਖਿਆ ਕਿ ਹੁਣ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਰਿਹਾ ਹੈ।
ਬੇਅਦਬੀ ਕਾਂਡ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਟਵਿੱਟਰ ਖਾਤੇ ਵਿੱਚ ‘ਆਪ’ ਸਰਕਾਰ ਨੂੰ ਕਿਹਾ ਕਿ ਉਹ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰੇ। ਉਨ੍ਹਾਂ ਲਿਖਿਆ ਕਿ ਹੁਣ ਉਨ੍ਹਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਕੋਈ ਨਹੀਂ ਰੋਕ ਰਿਹਾ ਹੈ। ਇਸ ਸਬੰਧੀ ਅਪਲੋਡ ਕੀਤੀ 37 ਸਕਿੰਟਾਂ ਦੀ ਵੀਡੀਓ ਵਿੱਚ ਸ੍ਰੀ ਕੇਜਰੀਵਾਲ ਕਹਿ ਰਹੇ ਹਨ, ‘‘ਬੇਅਦਬੀ ਮਾਮਲੇ ਵਿੱਚ ਸਾਰੇ ਪੰਜਾਬ ਦੇ ਲੋਕ ਨਾਰਾਜ਼ ਹਨ, ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਬਰਗਾੜੀ ਕਾਂਡ ਦੇ ‘ਮਾਸਟਰਮਾਈਂਡ’ ਖ਼ਿਲਾਫ਼ ਕਾਰਵਾਈ ਹੋਵੇ। ਇਹ ਸਾਰੇ ਜਾਣਦੇ ਹਨ ਕਿ ਮਾਸਟਰਮਾਈਂਡ ਕੌਣ ਹੈ, ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵਿੱਚ ਇਸ ਦਾ ਜ਼ਿਕਰ ਸ਼ਾਮਲ ਹੈ। ਮੁੱਖ ਮੰਤਰੀ ਇਸ ਰਿਪੋਰਟ ਵਿੱਚੋਂ ਦੋਸ਼ੀਆਂ ਦੇ ਨਾਂ ਦੇਖ ਸਕਦੇ ਹਨ ਅਤੇ 24 ਘੰਟਿਆਂ ਵਿੱਚ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।’’
ਸਿੱਧੂ ਨੇ ਹੁਣ ਅਸਿੱਧੇ ਢੰਗ ਨਾਲ ‘ਆਪ’ ਸਰਕਾਰ ਨੂੰ ਆਖਿਆ ਕਿ ਹੁਣ ਉਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਹੈ ਅਤੇ ਉਹ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ। ਹੁਣ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕੇਗਾ ਅਤੇ ਨਾ ਹੀ ਕੋਈ ਅੜਿੱਕਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਤੱਕ ਭਗਵੰਤ ਸਿੰਘ ਮਾਨ ਵੱਲੋਂ ਇਸ ਮਾਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਬੇਅਦਬੀ ਕਾਂਡ 2015 ਵਿੱਚ ਤਤਕਾਲੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਵਾਪਰਿਆ ਸੀ ਅਤੇ ਹੁਣ ਸੱਤ ਸਾਲ ਬਾਅਦ 2022 ਵਿੱਚ ਵੀ ਇਹ ਮਾਮਲਾ ਲਟਕ ਰਿਹਾ ਹੈ।
Comments (0)