ਨਵਜੋਤ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚੇ 

 ਨਵਜੋਤ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚੇ 

*ਮਾਮਲਾ ਕੌਂਸਲਰਾਂ ਦੀ ਬਗਾਵਤ ਦਾ                

*ਅੰਮ੍ਰਿਤਸਰ ਤੋਂ  ਕਾਂਗਰਸ ਦੇ ਪੈਰ ਉਖੜਨ ਦੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਚਲੇ ਗਏ ਪੰਜ ਕਾਂਗਰਸੀ ਕੌਂਸਲਰਾਂ ਨੂੰ ਛੇ ਸਾਲਾਂ ਲਈ ਬਰਖਾਸਤ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਵਿਡੰਬਨਾ ਇਹ ਹੈ ਕਿ ਪਾਰਟੀ ਅਜੇ ਵੀ ਪਾਰਟੀ ਛੱਡ ਚੁੱਕੇ ਕੌਂਸਲਰਾਂ ਨੂੰ ਕੱਢਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ। ਪਾਰਟੀ ਸੂਤਰਾਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ  ਸਿੱਧੂ ਨੇ ਉਨ੍ਹਾਂ ਦੀ ਬਰਖਾਸਤਗੀ ਦੇ ਹੁਕਮ ਦੇ ਦਿੱਤੇ ਹਨ ਪਰ ਇਸ ਪੱਤਰ 'ਤੇ ਅਜੇ ਤਕ ਦਸਤਖ਼ਤ ਨਹੀਂ ਹੋਏ ਹਨ। ਇਨ੍ਹਾਂ ਵਿੱਚੋਂ ਚਾਰ ਕੌਂਸਲਰ ਸਿੱਧੂ ਦੇ ਆਪਣੇ ਹਲਕੇ ਤੋਂ ਹਨ ਜਦਕਿ ਇਕ ਕੌਂਸਲਰ ਉੱਤਰੀ ਹਲਕੇ ਨਾਲ ਸੰਬੰਧਤ ਹੈ। ਸਿੱਧੂ ਦੇ ਹੁਕਮਾਂ ਅਨੁਸਾਰ ਹਲਕਾ ਪੂਰਬੀ ਤੋਂ ਵਾਰਡ ਨੰਬਰ 47 ਦੇ ਕੌਂਸਲਰ ਜਤਿੰਦਰ ਸੋਨੀਆ, ਵਾਰਡ 47 ਦੇ ਕੌਂਸਲਰ ਜਸਵਿੰਦਰ ਸਿੰਘ ਪਹਿਲਵਾਨ, ਵਾਰਡ 24 ਦੇ ਕੌਂਸਲਰ ਰਜਿੰਦਰ ਸੈਣੀ, ਵਾਰਡ 32 ਦੇ ਕੌਂਸਲਰ ਰਾਜੇਸ਼ ਮਦਾਨ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੇ ਖਾਸਮ-ਖਾਸ ਵਾਰਡ ਨੰ.18 ਦੇ ਉਮੀਦਵਾਰ ਡਾ. ਕੌਂਸਲਰ ਸੰਦੀਪ ਕੁਮਾਰ ਰਿੰਕਾ ਦੇ ਨਾਂ ਸ਼ਾਮਲ ਹਨ। 

ਸਿੱਧੂ ਦੇ ਗ੍ਰਹਿ ਜ਼ਿਲ੍ਹੇ ਵਿਚ ਕਾਂਗਰਸ ਨੂੰ ਵੱਡਾ ਨੁਕਸਾਨ

ਸਿੱਧੂ ਦੇ ਆਪਣੇ ਗ੍ਰਹਿ ਜ਼ਿਲ੍ਹੇ ਵਿਚ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸਿੱਧੂ ਦੇ ਆਪਣੇ ਵਿਧਾਨ ਸਭਾ ਹਲਕੇ ਵਿਚ ਚਾਰ ਕਾਂਗਰਸੀ ਕੌਂਸਲਰ ਅਕਾਲੀ ਦਲ 'ਚ ਸ਼ਾਮਲ ਹੋ ਗਏ। ਉੱਥੇ ਹੀ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ 10 ਕਾਂਗਰਸੀ ਕੌਂਸਲਰ ਵੱਖ-ਵੱਖ ਪਾਰਟੀਆਂ ਵਿਚ ਚਲੇ ਗਏ ਹਨ। ਕਾਂਗਰਸ ਪੰਜਾਬ ਦਾ ਤਾਣਾ-ਬਾਣਾ ਬੁਣਨ ਦੀ ਕਵਾਇਦ ਵਿਚ ਜਿੱਥੇ ਸਿੱਧੂ ਕਾਮਯਾਬ ਨਹੀਂ ਹੋ ਸਕੇ, ਉੱਥੇ ਹੀ ਆਪਣੇ ਸ਼ਹਿਰ ਵਿਚ ਤਾਂ ਚੋਣਾਂ ਨਿਪਟਦੇ-ਨਿਪਟਦੇ ਕਈ ਕਾਂਗਰਸੀ ਆਗੂ ਨਿਪਟਾ ਗਏ।

ਕਾਂਗਰਸ ਨੂੰ ਵੱਡਾ ਜਥੇਬੰਦਕ ਜ਼ਖ਼ਮ ਦੇਣ ਵਾਲਾ ਦੂਜਾ ਹਲਕਾ ਉੱਤਰੀ ਹਲਕਾ ਹੈ। ਇਸ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ, ਕੌਂਸਲਰ ਪ੍ਰਿਅੰਕਾ ਸ਼ਰਮਾ, ਗੁਰਜੀਤ ਕੌਰ ਤੇ ਸਾਬਕਾ ਕੌਂਸਲਰ ਅਨੇਕ ਸਿੰਘ ਆਮ ਆਦਮੀ ਪਾਰਟੀ ਵਿਚ ਚਲੇ ਗਏ। ਇੰਨਾ ਹੀ ਨਹੀਂ ਇਸ ਹਲਕੇ ਵਿਚ ਦੋ ਕਾਂਗਰਸੀ ਕੌਂਸਲਰ ਅਸ਼ਵਨੀ ਕੁਮਾਰ, ਨਵੀ ਭਗਤ ਅਤੇ ਕਾਜਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਜੁਆਇੰਨ ਕਰਵਾਇਆ ਸੀ। ਸਿੱਧੂ ਨੇ ਵਾਰਡ 18 ਤੋਂ ਕੌਂਸਲਰ ਸੰਦੀਪ ਕੁਮਾਰ ਰਿੰਕਾ 'ਤੇ ਵੀ ਕਾਰਵਾਈ ਲਈ ਲਿਖਿਆ ਹੈ, ਉਹ ਵੀ ਉੱਤਰੀ ਹਲਕੇ ਨਾਲ ਸਬੰਧਤ ਹਨ। ਖਾਸ ਗੱਲ ਇਹ ਹੈ ਕਿ ਰਿੰਕਾ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ ਪਰ ਉੱਤਰੀ ਹਲਕੇ ਤੋਂ ਕਾਂਗਰਸ ਛੱਡ ਕੇ ਆਏ ਮੇਅਰ ਸਮੇਤ ਹੋਰ ਕੌਂਸਲਰਾਂ ਦੇ ਨਾਂ ਕਾਰਵਾਈ ਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।