ਲੋੜ ਪਈ ਤਾਂ ਇਕ ਹੋਰ ਮੁੱਖ ਮੰਤਰੀ ਨੂੰ ਕਰਾਂਗਾ ਬਾਹਰ-ਸਿੱਧੂ

ਲੋੜ ਪਈ ਤਾਂ ਇਕ ਹੋਰ ਮੁੱਖ ਮੰਤਰੀ ਨੂੰ ਕਰਾਂਗਾ ਬਾਹਰ-ਸਿੱਧੂ

* ਸਿੱਧੂ ਨੇ 30 ਪੰਨਿਆਂ ਦਾ 13 ਨੁਕਾਤੀ ‘ਪੰਜਾਬ ਮਾਡਲ’ ਕੀਤਾ ਜਾਰੀ 

 ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:  ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਕਾਂਗਰਸੀ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ   ਐਨ. ਆਰ. ਆਈ. ਭਾਈਚਾਰੇ ਨਾਲ ਬੈਠਕ ਦੌਰਾਨ ਕਿਹਾ ਕਿ ਉਹ ਪੰਜਾਬ 'ਚ ਬਦਲਾਅ ਲਿਆਉਣ 'ਵਿਚ ਆਪਣਾ ਸਹਿਯੋਗ ਦੇਣ ਅਤੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਲਾਗੂ ਕੀਤੇ ਜਾਣ ਵਾਲੇ 'ਪੰਜਾਬ ਮਾਡਲ' ਵਿਚ ਐਨ. ਆਰ. ਆਈ. ਭਰਾਵਾਂ ਨੂੰ ਸ਼ੇਅਰ ਹੋਲਡਰ ਬਣਾਇਆ ਜਾਵੇਗਾ । ਐਨ. ਆਰ. ਆਈ. ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਪੰਜਾਬ ਵਿਚਲੀਆਂ ਜਾਇਦਾਦਾਂ 'ਤੇ ਕਬਜ਼ੇ ਕਰਨ ਵਾਲਿਆਂ ਜਾਂ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦੇਣ ਵਾਲੇ ਮਾਫ਼ੀਆਂ ਨੂੰ ਕਿਸੇ ਵੀ ਹਾਲ ਵਿਚ ਬਖ਼ਸ਼ਿਆ ਨਹੀਂ ਜਾਵੇਗਾ ।ਉਨ੍ਹਾਂ ਕਿਹਾ ਕਿ  ਪੰਜਾਬ ਮਾਡਲ 'ਵਿਚ ਵਧੇਰੇ ਹਿੱਸੇਦਾਰੀ ਵੀ ਉਨ੍ਹਾਂ ਦੀ ਹੀ ਹੋਵੇਗੀ । ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਬਾਰੇ ਨਾ ਸੋਚਣ ਵਾਲੇ ਦੋ ਮੁੱਖ ਮੰਤਰੀਆਂ ਨੂੰ ਪਹਿਲਾਂ ਹੀ ਕੁਰਸੀ ਤੋਂ ਹਟਾ ਚੁੱਕੇ ਹਨ ਤੇ ਜੇਕਰ ਨਵਾਂ ਮੁੱਖ ਮੰਤਰੀ ਵੀ ਸੂਬੇ ਦੇ ਹੱਕ ਵਿਚ ਠੀਕ ਨਹੀਂ ਚੱਲਿਆ ਤਾਂ ਉਸ ਨੂੰ ਵੀ ਭੁਗਤਾ ਦਿੱਤਾ ਜਾਵੇਗਾ ।  ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਆਪਣਾ ਪੰਜਾਬ ਮਾਡਲ ਜਾਰੀ ਕੀਤਾ ਹੈ। ਇਸ ਪੰਜਾਬ ਮਾਡਲ ਰਾਹੀਂ ਸਿੱਧੂ ਨੇ 13 ਨੁਕਾਤੀ ਏਜੰਡੇ ਵੀ ਸਾਂਝੇ ਕੀਤੇ ਹਨ। 30 ਪੰਨਿਆਂ ਦੇ ਇਸ ਨੁਕਾਤੀ ਪੰਜਾਬ ਮਾਡਲ  ਵਿਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ ਤੇ ਕਿਸਾਨਾਂ ਬਾਰੇ ਵੀ ਜ਼ਿਕਰ ਦੇ ਨਾਲ-ਨਾਲ ਵਿਧਾਨ ਸਭਾ ਇਜਲਾਸ ਦੇ ਲਾਈਵ ਪ੍ਰਸਾਰਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ 13 ਪ੍ਰੋਗਰਾਮਾਂ ਦਾ ਜ਼ਿਕਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਾਏਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ।