ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਨਰਾਜ਼  ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰ

ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਨਰਾਜ਼  ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰ

*ਕੋਟਕਪੂਰਾ ਪਹੁੰਚੀ ਪ੍ਰਿਯੰਕਾ  ਨੇ ਆਪ ਤੇ ਕੈਪਟਨ ਉਪਰ ਕੀਤੇ ਵੱਡੇ ਸ਼ਬਦੀ ਹਮਲੇ 

 *ਪ੍ਰਿਅੰਕਾ  ਦੇ ਮੰਚ ਤੋਂ ਚੰਨੀ ਦਾ ਵੱਡਾ ਐਲਾਨ, ਕਾਂਗਰਸ ਦੀ ਸਰਕਾਰ ਬਣਨ 'ਤੇ ਔਰਤਾਂ ਲਈ 8 ਗੈਸ ਸਿਲੰਡਰ ਮੁਫਤ     

ਅੰਮ੍ਰਿਤਸਰ ਟਾਈਮਜ਼

ਸੰਗਰੂਰ :ਪੰਜਾਬ ਵਿਧਾਨ ਸਭਾ ਦੇ ਚੋਣ ਅਖ਼ਾੜੇ ਵਿਚ ਕਾਂਗਰਸ ਦੀ ਜਨਰਲ ਸਕੱਤਰ  ਪ੍ਰਿਅੰਕਾ ਗਾਂਧੀ ਨੇ  ਪਹਿਲਾਂ ਉਨ੍ਹਾਂ ਕੋਟਕਪੂਰਾ ਵਿਚ ਰੈਲੀ ਕੀਤੀ ਤੇ ਫਿਰ ਧੂਰੀ ਵਿਚ ਸੰਬੋਧਨ ਕੀਤਾ।ਪੰਜਾਬ ਫੇਰੀ ਦੌਰਾਨ  ਕੋਟਕਪੂਰਾ ਤੋਂ ਉਮੀਦਵਾਰ ਅਜੇਪਾਲ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਪ’ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਦੀ ਅਸਲੀਅਤ ਵੀ ਭਾਜਪਾ ਦੀ ਸਰਕਾਰ ਵਾਂਗ ਹੀ ਹੈ। ਜਿਵੇਂ ਗੁਜਰਾਤ ਦਾ ਮਾਡਲ ਸਿਰਫ਼ ਕਾਗਜ਼ਾਂ ਵਿਚ ਸੀ, ਉਸੇ ਤਰ੍ਹਾਂ ਹੀ ਦਿੱਲੀ ਸਰਕਾਰ ਦਾ ਮਾਡਲ ਵੀ ਸਿਰਫ਼ ਵਿਗਿਆਪਨਾਂ ਵਿਚ ਹੀ ਹੈ। ਦਿੱਲੀ ਵਿਚ ਸਿਹਤ ਦੇ ਨਾਂ ਤੇ ਜਾਂ ਫਿਰ ਸਕੂਲਾਂ ਬਾਰੇ ਕੁਝ ਨਹੀਂ ਹੈ।  ਉਨ੍ਹਾਂ ਕਿਹਾ ਕਿ 5 ਸਾਲਾ ਦੌਰਾਨ ਕੈਪਟਨ ਸਰਕਾਰ ਵਿਚ ਕੁਝ ਖਾਮੀਆਂ ਰਹੀਆਂ ਹਨ ਕਿਉਂਕਿ ਕੈਪਟਨ ਸਰਕਾਰ ਨੂੰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿਚ ਬਹੁਤ ਕੁਝ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਹਨ। ਕਿਸਾਨ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਕਾਂਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਅੰਦਰ ਸੇਵਾ ਦੀ ਭਾਵਨਾ ਵਾਰ-ਵਾਰ ਵੇਖੀ ਗਈ, ਇਹੀ ਕਿਸਾਨਾਂ ਦੀ ਪੰਜਾਬੀਅਤ ਹੈ। ਕਿੰਨੇ ਕਿਸਾਨ ਸ਼ਹੀਦ ਹੋਏ ਪਰ ਕਿਸਾਨ ਕਦੇ ਪਿੱਛੇ ਨਹੀਂ ਹਟੇ। ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ  ਆਵਾਜ਼ ਨਹੀਂ ਸੁਣੀ।

 ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ। ਸਿੱਧੂ ਸਟੇਜ 'ਤੇ ਮੌਜੂਦ ਸਨ, ਪਰ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਦਿਨ ਸੀਐਮ ਚਿਹਰੇ ਦਾ ਐਲਾਨ ਹੋਇਆ, ਅਖੀਰ ਤੱਕ ਸਿੱਧੂ ਇਹ ਮੰਨ ਰਹੇ ਸਨ ਕਿ ਰਾਹੁਲ ਉਨ੍ਹਾਂ ਦਾ ਨਾਂ ਲੈਣਗੇ।ਸਿੱਧੂ ਨੂੰ ਪ੍ਰਿਅੰਕਾ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਚੰਨੀ ਨੇ ਕਿਹਾ ਕਿ ਗੋਲਡੀ ਕਾਂਗਰਸ ਵੱਲੋਂ ਭਗਵੰਤ ਮਾਨ ਖਿਲਾਫ ਚੋਣ ਮੈਦਾਨ ਵਿਚ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਤਾ ਨਹੀਂ ਕਦੋਂ ਸ਼ਰਾਬ ਪੀ ਕੇ ਵਹਿ ਜਾਵੇ। ਉਹ ਗੁਰੂ ਘਰ ਵੀ ਸ਼ਰਾਬ ਪੀ ਕੇ ਘਰ ਚਲੇ ਜਾਂਦੇ ਹਨ। ਚੰਨੀ ਨੇ ਸਾਬਕਾ ਕੈਪਟਨ ਸਰਕਾਰ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਨੇ ਪੰਜਾਬ ਦੀ ਆਰਥਿਕ ਹਾਲਤ ਖਰਾਬ ਕਰ ਦਿੱਤੀ।ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ। ਚੰਨੀ ਨੇ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ-ਦਾਲ ਸਕੀਮ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਮੁਫਤ ਆਟਾ-ਦਾਲ ਦੀ ਨਹੀਂ ਸਗੋਂ ਬਿਹਤਰ ਸਿੱਖਿਆ ਦੀ ਲੋੜ ਹੈ। ਚੰਨੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਾਂਗ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵੀ ਵਜ਼ੀਫੇ ਦੀ ਸਹੂਲਤ ਦਿੱਤੀ ਜਾਵੇਗੀ।ਚੰਨੀ ਨੇ ਕਿਹਾ ਕਿ ਸਰਕਾਰ ਆਉਂਦੇ ਹੀ ਪਹਿਲੀ ਕੈਬਨਿਟ ਮੀਟਿੰਗ 'ਚ ਇਕ ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।