ਸੌਦਾ ਸਾਧ ਦੇ ਡੇਰੇ ਦੀ ਪਰਕਰਮਾ ਕਰਨ ਲਗੇ ਪੰਜਾਬ ਦੇ ਲੀਡਰ

ਸੌਦਾ ਸਾਧ ਦੇ ਡੇਰੇ ਦੀ ਪਰਕਰਮਾ ਕਰਨ ਲਗੇ ਪੰਜਾਬ ਦੇ ਲੀਡਰ

*ਸਲਾਬਤਪੁਰਾ ਭੰਡਾਰੇ ਵਿਚ ਡੇਰਾ ਪ੍ਰੇਮੀਆਂ ਦਾ ‘ਸ਼ਕਤੀ ਪ੍ਰਦਰਸ਼ਨ’, ਸਾਰੀਆਂ ਪਾਰਟੀਆਂ ਦੇ ਨੇਤਾ ਹੋਏ ਸ਼ਾਮਲ

*ਵਖ ਵਖ ਡੇਰੇ ਪਾਉਂਦੇ ਹਨ ਪੰਜਾਬ ਦੀ ਸਿਆਸਤ ’ਤੇ ਪ੍ਰਭਾਵ

ਅੰਮ੍ਰਿਤਸਰ ਟਾਈਮਜ਼ 

ਸਲਾਬਤਪੁਰਾ (ਬਠਿੰਡਾ) : ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਇਕ ਦਿਨ ਬਾਅਦ ਹੀ ਬੀਤੇ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੰਜਾਬ ਦੇ ਮੁੱਖ ਦਫਤਰ ਪਿੰਡ ਸਲਾਬਤਪੁਰਾ ਵਿਚ ਭੰਡਾਰਾ ਕੀਤਾ ਗਿਆ। ਹਾਲਾਂਕਿ ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਪਰ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੋਏ ਇਸ ਸਮਾਗਮ ਨੂੰ ਸਿਆਸੀ ਗਲਿਆਰਿਆਂ ਵਿਚ ਡੇਰੇ ਦੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿਚ ਕਾਂਗਰਸ, ‘ਆਪ’, ਅਕਾਲੀ ਦਲ ਅਤੇ ਭਾਜਪਾ ਦੇ ਕਈ ਵੱਡੇ ਨੇਤਾ ਵੀ ਪਹੁੰਚੇ। ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਤਾਂ ਪਹੁੰਚੇ ਹੀ ਸਨ।ਸਮਾਗਮ ਵਿਚ ਸਿਆਸੀ ਲੋਕਾਂ ਦੀ ਹਾਜ਼ਰੀ ਨਾਲ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਡੇਰੇ ਵੱਲੋਂ ਚੋਣਾਂ ਨੂੰ ਲੈ ਕੇ ਕਿਸੇ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਮ ਸਿੰਘ ਨੇ ਸੰਗਤ ਨੂੰ ਡੇਰੇ ਦੇ ਬੁਰੇ ਸਮੇਂ ਵਿਚ ਸਾਥ ਦੇਣ ਵਾਲਿਆਂ ਨਾਲ ਚੱਲਣ ਦੀ ਗੱਲ ਕਹੀ ਪਰ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੌਣ ਸਾਡੇ ਨਾਲ ਹਨ ਤੇ ਕੌਣ ਸਾਡੇ ਖ਼ਿਲਾਫ਼। ਜੋ ਡੇਰੇ ਦਾ ਨਾਂ ਸਹੀ ਢੰਗ ਨਾਲ ਨਹੀਂ ਲੈਂਦਾ, ਉਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਇਸ ਮੌਕੇ ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਹਨ। ਪੰਜਾਬ ਵਿਚ ਅਜਿਹੇ ਹੋਰ ਡੇਰੇ ਹੋਣੇ ਚਾਹੀਦੇ ਹਨ। ਹੈਰਾਨੀ ਹੈ ਕਿ ਇੱਥੇ ਉਹ ਲੋਕ ਵੀ ਆਏ ਹੋਏ ਸਨ, ਜੋ ਸੰਸਥਾ ਦੇ ਕੰਮ ਤੇ ਸਵਾਲ ਉਠਾਉਂਦੇ ਸਨ। ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਹੈ, ਉਦੋਂ ਤੋਂ ਡੇਰੇ ਦੇ ਨਾਲ ਜੁੜਿਆ ਹਾਂ। ਮੇਰੇ ਦੌਰੇ ਨੂੰ ਚੋਣਾਂ ਦੇ ਨਾਲ ਨਾ ਜੋੜ, ਮੈਂ ਤਾਂ ਹਰ ਸਾਲ ਭੰਡਾਰੇ ਤੇ ਆਉਂਦਾ ਹਾਂ। ਡੇਰੇ ਵੱਲੋਂ ਹਮੇਸ਼ਾ ਸਮਾਜ ਸੇਵਾ ਕਰਨ ਵਾਲਿਆਂ ਨੂੰ ਵੋਟ ਦੇਣ ਲਈ ਕਿਹਾ ਜਾਂਦਾ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨਾਲ ਕਾਫ਼ੀ ਜ਼ਿਆਦਤੀ ਹੋਈ। ਜਿਨ੍ਹਾਂ ਨੇ ਅਜਿਹਾ ਸਲੂਕ ਕੀਤਾ ਹੈ, ਉਹ ਨਤੀਜੇ ਭੁਗਤਣਗੇ।

 ਭੰਡਾਰੇ ਵਿਚ ਇਹ ਨੇਤਾ ਪਹੁੰਚੇ

ਕਾਂਗਰਸ : ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਤੇ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਮੌੜ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਮਨੋਜ ਬਾਲਾ ਬਾਂਸਲ ਅਤੇ ਰਾਹੁਲ ਇੰਦਰ ਸਿੱਧੂੂ।

ਭਾਜਪਾ : ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੁਨੀਤਾ ਗਰਗ, ਐਡਵੋਕੇਟ ਮੋਹਨ ਲਾਲ ਗਰਗ, ਵੀਨਾ ਗਰਗ, ਹਰਜੀਤ ਗਰੇਵਾਲ।

ਆਪ : ਬਠਿੰਡਾ ਤੋਂ ਉਮੀਦਵਾਰ ਜਗਰੂਪ ਗਿੱਲ।

ਅਕਾਲੀ ਦਲ (ਬ) : ਦਿੜ੍ਹਬਾ ਤੋਂ ਉਮੀਦਵਾਰ ਗੁਲਜਾਰ ਮੂਨਕ।

ਡੇਰੇ ਪਾਉਂਦੇ ਹਨ ਪੰਜਾਬ ਦੀ ਸਿਆਸਤ ਤੇ ਪ੍ਰਭਾਵ

ਪੰਜਾਬ ਚ ਕਰੀਬ 300 ਡੇਰੇ ਹਨ, ਪਰ ਕਰੀਬ 10 ਡੇਰਿਆਂ ਦੇ ਹਮਾਇਤੀਆਂ ਦੀ ਗਿਣਤੀ ਲੱਖਾਂ ਚ ਹੈ। ਇਨ੍ਹਾਂ ਚ ਰਾਧਾ ਸਵਾਮੀ ਬਿਆਸ, ਡੇਰਾ ਸੱਚਾ ਸੌਦਾ, ਨਿਰੰਕਾਰੀ, ਨਾਮਧਾਰੀ, ਦਿਵਿਆ ਜੋਤੀ ਜਾਗਿਕ੍ਰਤੀ ਸੰਸਥਾ, ਡੇਰਾ ਸੱਚਖੰਡ ਬੱਲਾਂ, ਡੇਰਾ ਬੇਗੋਵਾਲ ਮੁਖ ਹਨ। ਚੋਣਾਂ ਵਿਚ ਜੇਕਰ ਡੇਰਿਆਂ ਦੀ ਹਮਾਇਤ ਮਿਲ ਜਾਵੇ ਤਾਂ ਪਾਰਟੀਆਂ ਨੂੰ ਵੱਡਾ ਵੋਟ ਬੈਂਕ ਹਾਸਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਡੇਰਾ ਬਿਆਸ ਤੇ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੋਣ ਪਹੁੰਚੇ ਸਨ। ਹਾਲਾਂਕਿ ਇਨ੍ਹਾਂ ਚੋਂ ਕੋਈ ਵੀ ਨੇਤਾ ਇਸ ਵਾਰ ਹੁਣ ਤਕ ਕੋਈ ਡੇਰਾ ਸੱਚਾ ਸੌਦਾ ਨਹੀਂ ਗਿਆ।