ਝਾੜੋਂ ਦੀ ਪੰਚਾਇਤ ਨੇ ਜਾਰੀ ਕੀਤਾ ਫਰਮਾਨ ਨਹੀਂ ਵੇਚਣ ਦਿਆਂਗੇ ਬੀੜੀ-ਜ਼ਰਦਾ

ਝਾੜੋਂ ਦੀ ਪੰਚਾਇਤ ਨੇ ਜਾਰੀ ਕੀਤਾ ਫਰਮਾਨ ਨਹੀਂ ਵੇਚਣ ਦਿਆਂਗੇ ਬੀੜੀ-ਜ਼ਰਦਾ

  ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਪੰਜ ਹਜ਼ਾਰ ਰੁਪਏ ਦਾ ਹੋਵੇਗਾ ਜੁਰਮਾਨਾ                                   

 ਅੰਮ੍ਰਿਤਸਰ ਟਾਈਮਜ਼ ਬਿਊਰੋ                       

ਸੰਗਰੂਰ: ਵਿਧਾਨ ਸਭਾ ਖੇਤਰ ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ ਤੇ ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਪਿੰਡ ਵਿਚ ਨਸ਼ੇ ਦੀ ਵਿਕਰੀ ਤੇ ਨਸ਼ੇ ਦੇ ਸੇਵਨ ’ਤੇ ਲਗਾਮ ਕੱਸਣ ਲਈ ਨਵੀਂ ਪਹਿਲ ਕੀਤੀ ਹੈ। ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ ਕਿ ਪਹਿਲੀ ਜਨਵਰੀ ਤੋਂ ਪਿੰਡ ਵਿਚ ਕੋਈ ਵੀ ਦੁਕਾਨਦਾਰ ਬੀੜੀ-ਸਿਗਰਟ, ਜ਼ਰਦਾ, ਤੰਬਾਕੂ ਆਦਿ ਨਹੀਂ ਵੇਚੇਗਾ। ਕੋਈ ਵਿਅਕਤੀ ਨਸ਼ਾ ਨਹੀਂ ਕਰੇਗਾ, ਨਾ ਵੇਚੇਗਾ ਅਤੇ ਨਾ ਹੀ ਖਰੀਦੇਗਾ। ਜੇ ਕੋਈ ਇਸ ਫਰਮਾਨ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਥੇ ਸੱਤ ਦਿਨ ਤਕ ਦੁਕਾਨ ਬੰਦ ਰੱਖੀ ਜਾਵੇਗੀ। ਨਾਲ ਹੀ ਪੰਚਾਇਤ ਤੇ ਨੌਜਵਾਨਾਂ ਨੇ ਸੁਨਾਮ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਪੀਲ ਕੀਤੀ ਕਿ ਸੁਨਾਮ ਦੇ ਰੇਲਵੇ ਲਾਈਨ ਪਾਰ ਬਸਤੀ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ। ਉਥੋਂ ਪਿੰਡ ਦੇ ਨੌਜਵਾਨ ਨਸ਼ਾ ਲੈ ਕੇ ਆਉਂਦੇ ਹਨ ਜਿਸ ਨੂੰ ਬੰਦ ਕਰਵਾਇਆ ਜਾਵੇ, ਨਹੀਂ ਤਾਂ ਇਸ ਦੇ ਵਿਰੁੱਧ ਵੀ ਸਖ਼ਤ ਕਦਮ ਚੁੱਕਿਆ ਜਾਵੇਗਾ।ਇਸ ਸਬੰਧੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਇਸ ਸਬੰਧੀ ਪੋਸਟਰ ਪਿੰਡ ਦੀਆਂ ਦੁਕਾਨਾਂ ਤੇ ਜਨਤਕ ਥਾਵਾਂ ’ਤੇ ਲਗਾਏ ਹਨ। ਗੁਰਦੁਆਰੇ ’ਵਿਚ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਕੋਈ ਵੀ ਦੁਕਾਨਦਾਰ ਨਸ਼ੀਲੇ ਪਦਾਰਥ ਨਾ ਵੇਚੇ। ਜੇ ਕੋਈ ਵੇਚਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਪੰਚਾਇਤ ਵੱਲੋਂ ਕੀਤੀ ਜਾਵੇਗੀ।

ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਤੀਨਿਧੀ ਅਵਤਾਰ ਸਿੰਘ ਤੇ ਜੱਸੀ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਹਰੀ ਇਲਾਕਿਆਂ ਵਿਚ ਕਈ ਜਗ੍ਹਾ ਪਿੰਡ ਦੇ ਨੌਜਵਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਤੇ ਚਿੱਟੇ ਦੇ ਟੀਕੇ ਲਗਾਉਂਦੇ ਪਾਏ ਗਏ ਹਨ। ਇਨ੍ਹਾਂ ਨੂੰ ਨਸ਼ਾ ਨਾ ਕਰਨ ਲਈ ਜਾਗਰੂਕ ਕੀਤਾ ਗਿਆ ਹੈ। ਪਿੰਡ ਤਕ ਨਸ਼ੇ ਦੀ ਸਪਲਾਈ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਿਚ ਦੁਕਾਨਾਂ ’ਤੇ ਵੇਚਣ ਵਾਲੇ ਤੰਬਾਕੂ ਦੇ ਪਦਾਰਥਾਂ ਦੀ ਵਿਕਰੀ ਪੂਰਨ ਤੌਰ ’ਤੇ ਬੰਦ ਕਰਵਾਉਣ ਹਿੱਤ ਲਿਖਤੀ ਮਤਾ ਪੰਚਾਇਤ ਦੇ ਸਹਿਯੋਗ ਨਾਲ ਪਾਇਆ ਹੈ।ਸਰਪੰਚ ਚਰਨਜੀਤ ਕੌਰ ਦੇ ਪਤੀ ਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨਸ਼ੇ ਦੇ ਖ਼ਿਲਾਫ਼ ਹੈ। ਨੌਜਵਾਨ ਪੀੜ੍ਹੀ ਤੋਂ ਲੈ ਕੇ ਹੋਰ ਵਿਅਕਤੀ ਤੰਬਾਕੂ, ਬੀੜੀ, ਸਿਗਰਟ, ਜ਼ਰਦਾ ਆਦਿ ਸਿੰਥੈਟਿਕ ਨਸ਼ੇ ਦੀ ਗਿ੍ਰਫਤ ਵਿਚ ਹਨ। ਇਨ੍ਹਾਂ ਨੌਜਵਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਤੰਬਾਕੂ ਪਦਾਰਥ ਨਾ ਵੇਚਣ। ਸਾਰੇ ਦੁਕਾਨਦਾਰਾਂ ਨੇ ਸਹਿਮਤੀ ਜ਼ਾਹਰ ਕੀਤੀ ਹੈ। ਉਨ੍ਹਾਂ ਨੂੰ ਲਿਖਤੀ ਲਿਆ ਗਿਆ ਹੈ। ਬਾਹਰੋਂ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।