ਪ੍ਰਵਾਸੀ ਪੰਜਾਬਣ  ਨਾਲ ਲੱਖਾਂ ਠੱਗਣ ਦੇ ਮਾਮਲੇ ਵਿਚ ਸਬ ਪੋਸਟ ਮਾਸਟਰ ਸਸਪੈਂਡ

ਪ੍ਰਵਾਸੀ ਪੰਜਾਬਣ  ਨਾਲ ਲੱਖਾਂ ਠੱਗਣ ਦੇ ਮਾਮਲੇ ਵਿਚ ਸਬ ਪੋਸਟ ਮਾਸਟਰ ਸਸਪੈਂਡ

ਅੰਮ੍ਰਿਤਸਰ ਟਾਈਮਜ਼ 

 ਸੁਲਤਾਨਪੁਰ ਲੋਧੀ: ਐੱਨਆਰਆਈ ਬੀਬੀ ਦੇ ਨਾਲ ਪੈਸੇ ਜਮ੍ਹਾਂ ਕਰਵਾਉਣ ਦੇ ਮਾਮਲੇ ਵਿਚ ਲੱਖਾਂ ਰੁਪਏ ਦੀ ਹੇਰਾ-ਫੇਰੀ ਕਰਨ ਵਾਲੇ ਡਾਕਖਾਨੇ ਵਿਚ ਤਾਇਨਾਤ ਇਕ ਸਬ ਪੋਸਟ ਮਾਸਟਰ ਦਾ ਮਾਮਲਾ ਸਾਹਮਣੇ ਆਉਣ 'ਤੇ ਡਾਕਖਾਨੇ 'ਚ ਜਮ੍ਹਾਂ ਖਾਤਾ ਧਾਰਕਾਂ ਵਿਚ ਤੜਥਲੀ  ਮਚ ਗਈ ਹੈ। ਹਾਲਾਂਕਿ ਇਸ ਸਬ ਪੋਸਟ ਮਾਸਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਸੁਲਤਾਨਪੁਰ ਲੋਧੀ ਦੇ ਮੁੱਖ ਡਾਕ ਘਰ ਵਿਚ ਤਾਇਨਾਤ ਇਕ ਸਬ ਪੋਸਟ ਮਾਸਟਰ ਸੁਰਜੀਤ ਸਿੰਘ ਵੱਲੋਂ ਇਕ ਐੱਨਆਰਆਈ, ਜਿਸ ਅਨੁਸਾਰ ਉਸ ਦੀ ਰਿਸ਼ਤੇਦਾਰ ਨੀਲਮ ਨਾਹਰ, ਜੋ ਕੈਨੇਡਾ 'ਚ ਰਹਿੰਦੀ ਹੈ, ਵੱਲੋਂ ਡਾਕਖਾਨੇ ਵਿਚ ਐੱਫਡੀ ਵਜੋਂ ਜਮ੍ਹਾਂ ਕਰਵਾਉਣ ਲਈ ਕੈਨੇਡਾ ਤੋਂ ਪਿਛਲੇ ਲੰਮੇ ਸਮੇਂ ਤੋਂ ਪੈਸੇ ਭੇਜੇ ਜਾ ਰਹੇ ਸਨ ਪਰ ਸਬ ਪੋਸਟਮਾਸਟਰ ਵੱਲੋਂ ਉਸ ਰਕਮ ਨੂੰ ਡਾਕਖਾਨੇ ਵਿਚ ਨਹੀਂ ਜਮ੍ਹਾਂ ਕਰਵਾਇਆ ਜਾਂਦਾ ਸੀ। ਜਦੋਂ ਉਕਤ ਐੱਨਆਰਆਈ ਔਰਤ ਨੇ ਵਾਰ-ਵਾਰ ਆਪਣੇ ਜਮ੍ਹਾਂ ਖਾਤੇ ਬਾਰੇ ਪੁੱਛਿਆ ਅਤੇ ਪੋਸਟ ਮਾਸਟਰ ਨੂੰ ਡਾਕਖਾਨੇ ਦੀ ਕਾਪੀ ਭੇਜਣ ਲਈ ਕਿਹਾ ਤਾਂ ਪੋਸਟਮਾਸਟਰ ਸੁਰਜੀਤ ਸਿੰਘ ਵੱਲੋਂ ਐੱਨਆਰਆਈ ਬੀਬੀ ਨੂੰ ਕੰਪਿਊਟਰਾਈਜ਼ਡ ਕਾਪੀ ਭੇਜਣ ਦੀ ਥਾਂ ਹੱਥ ਨਾਲ ਲਿਖੀ ਹੋਈ ਇਕ ਜਮ੍ਹਾਂ ਕਾਪੀ ਭੇਜ ਦਿੱਤੀ, ਜਿਸ 'ਤੇ ਉਸ ਨੂੰ ਸ਼ੱਕ ਹੋਇਆ ਕਿਉਂਕਿ ਭਾਰਤ ਸਰਕਾਰ ਦੇ ਹਰੇਕ ਵਿਭਾਗ ਵਿਚ ਹੁਣ ਕੰਮ ਆਨਲਾਈਨ ਤੇ ਕੰਪਿਊਟਰਾਈਜ਼ਡ ਹੋਣ 'ਤੇ ਕੋਈ ਵੀ ਕਾਪੀ ਹੱਥ ਨਾਲ ਲਿਖੀ ਹੋਈ  ਟਰਾਂਜੈਕਸ਼ਨ ਸਵੀਕਾਰ ਨਹੀਂ ਹੁੰਦੀ। ਇਸ ਉਪਰੰਤ ਐੱਨਆਰਆਈ ਬੀਬੀ ਵੱਲੋਂ ਇਸ ਸਬੰਧੀ ਕਪੂਰਥਲਾ ਪੋਸਟ ਆਫਿਸ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਤੇ ਹੇਰਾਫੇਰੀ ਸਬੰਧੀ ਸੂਚਨਾ ਦਿੱਤੀ ਗਈ। ਸ਼ਿਕਾਇਤ ਮਿਲਣ 'ਤੇ ਤੁਰੰਤ ਵਿਭਾਗ ਨੇ ਹਰਕਤ 'ਚ ਆਉਂਦਿਆਂ ਜ਼ਿਲ੍ਹਾ ਸੁਪਰਡੈਂਟ ਪੋਸਟ ਆਫਿਸ ਰਵੀ ਕੁਮਾਰ ਨੇ ਸੁਲਤਾਨਪੁਰ ਲੋਧੀ ਪੋਸਟ ਆਫਿਸ 'ਤੇ ਰੇਡ ਕੀਤੀ ਅਤੇ ਸਾਰੇ ਖਾਤਾ ਧਾਰਕਾਂ ਦੇ ਨਾਮ, ਪਤਾ ਤੇ ਜਮ੍ਹਾਂ ਕਾਪੀਆਂ ਦੀ ਵੀ ਛਾਣਬੀਣ ਕੀਤੀ।

ਇਸ ਮੌਕੇ ਸੁਪਰਡੈਂਟ ਰਵੀ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਇਸ ਬਾਰੇ ਹਾਲੇ ਹੋਰ ਜਾਂਚ ਕਰ ਰਿਹਾ ਹੈ ਕਿ ਇਹ ਹੇਰਾਫੇਰੀ ਸਿਰਫ਼ ਇਕ ਐੱਨਆਰਆਈ ਬੀਬੀ ਨਾਲ ਹੀ ਹੋਈ ਹੈ ਜਾਂ ਹੋਰ ਖਾਤਾਧਾਰਕਾਂ ਨਾਲ ਵੀ। ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਏਐੱਸਪੀ ਵਿਵੇਕ ਕਰ ਰਹੇ ਹਨ, ਜਿਨ੍ਹਾਂ ਦੀ ਜਾਂਚ ਉਪਰੰਤ ਸਬੰਧਤ ਥਾਣੇ ਵਿਚ ਉਕਤ ਸਬ ਪੋਸਟ ਮਾਸਟਰ ਖਿਲਾਫ਼ ਵਿਭਾਗ ਵੱਲੋਂ ਐੱਫਆਈਆਰ ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਨੇ ਉਕਤ ਸਭ ਪੋਸਟ ਮਾਸਟਰ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਜਲਦੀ ਉਸ ਦਾ ਪਾਸਪੋਰਟ ਜ਼ਬਤ ਕਰਵਾ ਕੇ ਏਅਰ ਪੋਰਟ ਤੋਂ ਵੀ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਜਾਵੇਗਾ ਤਾਂ ਕਿ ਉਹ ਵਿਦੇਸ਼ ਦੌੜਨ ਵਿਚ ਕਾਮਯਾਬ ਨਾ ਹੋ ਸਕੇ।