ਕਰਤਾਰਪੁਰ ਸਾਹਿਬ ਤੋਂ ਪਰਤੇ ਸਿੱਧੂ, ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਿਹਾ

* ਰਾਸ਼ਟਰਵਾਦੀ ਫਿਰਕੂ ਫੁਕਰੇ ਲੀਡਰ ਭੜਕੇ
*ਸੁਖਬੀਰ ਨੇ ਦਿੱਤਾ ਪ੍ਰਤੀਕਰਮ, ਕਿਹਾ- ਅਜਿਹੀਆਂ ਗਤੀਵਿਧੀਆਂ ਪੰਜਾਬ ਲਈ ਖ਼ਤਰਾ ਬਣ ਸਕਦੀਆਂ ਹਨ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗਏ। ਬਾਅਦ ਵਿੱਚ ਉਨ੍ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਦਰਸ਼ਨ ਕਰਕੇ ਡੇਰਾ ਬਾਬਾ ਨਾਨਕ ਪਰਤ ਆਏ ਹਨ। ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਫੇਰੀ ਤੇ ਪਾਕਿਸਤਾਨ ਵਿਚ ਦਿੱਤੇ ਆਪਣੇ ਬਿਆਨ 'ਤੇ ਪੱਖ ਰੱਖਿਆ। ਕਰਤਾਰਪੁਰ ਸਾਹਿਬ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਹੀ ਇਕੋ-ਇਕ ਰਸਤਾ ਹੈ। ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕੋ ਜਿਹਾ ਹੈ ਤੇ ਇਸ ਲਈ ਅਮਨ-ਸ਼ਾਂਤੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਮੇਰੀਆਂ ਗੱਲ ਦਾ ਕੋਈ ਬਤੰਗੜ ਬਣਾ ਲਏ, ਇਸ ਦੀ ਕੋਈ ਪਰਵਾਹ ਨਹੀਂ ਪਰ ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ। ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ। ਭਾਜਪਾ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਕਹਿਣ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ, 'ਭਾਜਪਾ ਨੇ ਜੋ ਕਹਿਣਾ ਹੈ, ਉਹ ਕਹਿੰਦੀ ਰਹੇ। ਮੈਂ ਸ਼ਾਂਤੀ ਤੇ ਦੋਸਤੀ ਦਾ ਹਮਾਇਤੀ ਹਾਂ। ' ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਸਦਕਾ ਹੀ ਪੂਰਾ ਹੋਇਆ ਹੈ।
ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕਰਮ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਗਾਤਾਰ ਵਡਿਆਈ ਕਰ ਕੇ ਪਾਕਿਸਤਾਨ ਨਾਲ ਲੱਗਦੀਆਂ ਸਾਡੇ ਦੇਸ਼ ਦੀਆਂ ਸਰਹਦਾਂ ਦੀ ਰਾਖੀ ਕਰਦੇ ਸਾਡੇ ਬਹਾਦਰ ਸੈਨਿਕਾਂ ਦਾ ਵਾਰ-ਵਾਰ ਅਪਮਾਨ ਕਰ ਰਹੇ ਹਨ ਤੇ ਨਾਲ ਹੀ ਉਹਨਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਹਨ ਜੋ ਪਾਕਿਸਤਾਨ ਦੀ ਆਈ ਐਸ ਆਈ ਦੀ ਨਸ਼ਿਆਂ ਦੇ ਅਤਿਵਾਦ ਦੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਧੂ ਨੇ ਇਮਰਾਨ ਖਾਨ, ਜਿਸਨੂੰ ਪਾਕਿਸਤਾਨੀ ਫੌਜ ਨੇ ਰਾਜ ਸੱਤਾ ’ਤੇ ਬਿਠਾਇਆ ਤੇ ਜੋ ਆਈ ਐਸ ਆਈ ਦਾ ਏਜੰਟ ਹੈ, ਨੂੰ ਵੱਡਾ ਭਰਾ ਆਖ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਆਈਐਸਆਈ ਨਾਲ ਘੁਲਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਆਪਣੇ ਪਾਕਿਸਤਾਨ ਦੌਰੇ ਵੇਲੇ ਉਹਨਾਂ ਦੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਬਾਜਵਾ ਹੀ ਕਸ਼ਮੀਰ ਵਿਚ ਭਾਰਤ ਖਿਲਾਫ ਅਸਿੱਧੀ ਜੰਗ ਚਲਾ ਰਿਹਾ ਜਿਸ ਵਿਚ ਸੈਂਕੜੇ ਪੰਜਾਬੀ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਸਿੱਧੂ ਇਕ ਵਾਰ ਫਿਰ ਤੋਂ ਦੋ ਕਦਮ ਅੱਗੇ ਜਾ ਕੇ ਇਮਰਾਨ ਖਾਨ ਦੀ ਵਡਿਆਈ ਕਰ ਰਹੇ ਹਨ ਜਿਸਦੀ ਸਰਕਾਰ ਪੰਜਾਬ ਵਿਚ ਬੇਚੈਨੀ ਫੈਲਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਤੇ ਇਹ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਬਣਦੀਆਂ ਹੋਣ।
ਮਨੀਸ਼ ਤਿਵਾੜੀ ਵਲੋਂ ਵਿਰੋਧ
ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ‘ਇਮਰਾਨ’ ਪ੍ਰੇਮ ’ਤੇ ਸਿਆਸਤ ਗਰਮਾ ਗਈ ਹੈ। ਸਿੱਧੂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ’ਤੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਕਰਾਰ ਹਮਲਾ ਬੋਲਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਲਈ ਇਮਰਾਨ ਖਾਨ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਦੇ ਉਸ ਗਠਜੋੜ ਦਾ ਮੋਹਰਾ ਹੈ, ਜੋ ਮੁਲਕ ’ਚ ਹਥਿਆਰ, ਡਰੱਗਜ਼ ਅਤੇ ਅੱਤਵਾਦੀਆਂ ਨੂੰ ਭੇਜਦਾ ਹੈ। ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਸਵਾਲ ਕੀਤਾ ਕਿ ਕੀ ਅਸੀਂ ਆਪਣੇ ਫ਼ੌਜੀਆਂ ਦੀ ਸ਼ਹਾਦਤ ਇੰਨੀ ਜਲਦੀ ਭੁੱਲ ਗਏ...?
Comments (0)