ਵਿਆਹ ਦੀਆਂ ਅਲੋਪ ਹੋ ਚੁੱਕੀਆਂ ਰਸਮਾਂ-ਸਿਹਰਾ ਅਤੇ ਸਿੱਖਿਆ

ਵਿਆਹ ਦੀਆਂ ਅਲੋਪ ਹੋ ਚੁੱਕੀਆਂ ਰਸਮਾਂ-ਸਿਹਰਾ ਅਤੇ ਸਿੱਖਿਆ

ਪੁਰਾਤਨ ਸਮੇਂ ਪੰਜਾਬ ਵਿਚ ਵਿਆਹ ਦੀਆਂ ਅਨੇਕਾਂ ਰਸਮਾਂ ਹੁੰਦੀਆਂ ਸਨ, ਜਿਨ੍ਹਾਂ ਵਿਚੋਂ ਵਿਆਹ ਤੋਂ ਪਹਿਲਾਂ ਆਂਢਣਾਂ-ਗੁਆਂਢਣਾਂ ਵਲੋਂ ਵਿਆਂਹਦੜ ਮੁੰਡੇ ਦੇ ਘਰ ਜਾ ਕੇ ਗੀਤ ਗਾਉਣੇ, ਮਾਈਆਂ ਦੇਣੀਆਂ, ਮੌਲੀ ਬੰਨ੍ਹਣੀ, ਸਾਹਿ-ਚਿੱਠੀ, ਵਿਆਹ ਬੰਨ੍ਹਣਾ, ਵਿਆਂਹਦੜ (ਮੁੰਡਾ ਜਾਂ ਕੁੜੀ) ਦੀ ਨਹਾਈ-ਧੋਈ, ਬਟਨਾ ਮਲਣਾ, ਸਿਹਰਾ ਬੰਨ੍ਹਣਾ, ਜੰਨ ਬੰਨ੍ਹਣੀ, ਜੰਨ ਛਡਾਉਣੀ, ਲਾੜੇ ਦਾ ਵਾਰ ਰੋਕਣਾ, ਲਾੜੇ ਦੀ ਜੁੱਤੀ ਚੁੱਕਣੀ, ਸਿਹਰਾ ਪੜ੍ਹਨਾ, ਸਿੱਖਿਆ ਪੜ੍ਹਨੀ, ਆਟੇ ਪਾਣੀ ਪਾਉਣਾ, ਫੇਰੇ ਜਾਂ ਆਨੰਦ ਕਾਰਜ, ਜੰਡੀ ਵੱਢਣੀ, ਜੋੜੀ ਉਤੋਂ ਪਾਣੀ ਵਾਰ ਕੇ ਪੀਣਾ ਆਦਿ ਪ੍ਰਮੁੱਖ ਸਨ।

ਅੱਜ ਅਸੀਂ ਉਨ੍ਹਾਂ ਦੋ ਰਸਮਾਂ ਦਾ ਜ਼ਿਕਰ ਕਰ ਰਹੇ ਹਾਂ, ਜੋ ਵਿਆਹ ਸਮਾਗਮਾਂ ਵਿਚੋਂ ਮਨਫ਼ੀ ਹੋ ਚੁੱਕੀਆਂ ਹਨ। ਉਹ ਹਨ ਪਹਿਲੀ ਸਿੱਖਿਆ ਅਤੇ ਦੂਸਰਾ ਸਿਹਰਾ।ਪੁਰਾਤਨ ਸਮਾਂ ਘਰੇਲੂ ਰੁਝੇਵਿਆਂ, ਪੈਸੇ ਦੀ ਘਾਟ, ਸਾਧਨਾਂ ਦੀ ਅਣਹੋਂਦ ਦਾ ਸਮਾਂ ਸੀ। ਕਈ ਵਾਰ ਜੋ ਰਿਸ਼ਤੇਦਾਰ ਲਾੜੇ-ਲਾੜੀ ਦੇ ਵਿਆਹ ਵਿਚ ਪਹੁੰਚਦੇ ਉਨ੍ਹਾਂ ਕਦੇ ਉਸ ਲੜਕੇ-ਲੜਕੀ ਨੂੰ ਤੱਕਿਆ ਨਹੀਂ ਸੀ ਹੁੰਦਾ। ਸਿਹਰੇ ਦੇ ਬੋਲ ਉਸ ਲੜਕੇ ਦੀ ਦੂਰ ਦੇ ਰਿਸ਼ਤੇਦਾਰਾਂ ਨਾਲ ਜਾਣ-ਪਹਿਚਾਣ ਕਰਵਾਉਂਦੇ ਸਨ। ਇਸ ਵਿਚ ਮਾਮਿਆਂ-ਮਾਮੀਆਂ, ਮਾਸੜ-ਮਾਸੀਆਂ, ਭੂਆ-ਫੁੱਫੜਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਂਅ ਤੁੱਕਬੰਦੀ ਕਰਕੇ ਜੋੜੇ ਹੁੰਦੇ। ਇਥੇ ਇਹ ਵੀ ਦੱਸਣਯੋਗ ਹੈ ਕਿ ਸਿਹਰੇ ਦੇ ਨਾਲ ਕਈ ਵਾਰ ਲਾੜੇ ਦੇ ਕਲਗੀ ਵੀ ਲਗਾ ਦਿੱਤੀ ਜਾਂਦੀ ਸੀ। ਕਲਗੀ ਉਸ ਨੂੰ ਦਸਮੇਸ਼ ਪਿਤਾ ਦਾ ਪੁੱਤਰ ਹੋਣ ਦਾ ਅਹਿਸਾਸ ਕਰਵਾਉਂਦੀ ਸੀ। ਆਪਣੀ ਵਹੁਟੀ ਅਤੇ ਕਬੀਲਦਾਰੀ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਹੱਲਾਸ਼ੇਰੀ ਵੀ ਦਿੰਦੀ ਸੀ। ਸਿਹਰਾ ਪੰਜਾਬ ਦੇ ਵੱਖ-ਵੱਖ ਖ਼ੇਤਰਾਂ ਵਿਚ ਵੱਖ-ਵੱਖ ਸਮੇਂ ਪੜ੍ਹਿਆ ਜਾਂਦਾ। ਕਿਤੇ ਜੰਨ (ਜੰਞ) ਚੜ੍ਹਨ ਤੋਂ ਪਹਿਲਾਂ, ਕਿਸੇ ਖਿੱਤੇ ਵਿਚ ਫੇਰਿਆਂ ਜਾਂ ਅਨੰਦ ਕਾਰਜ ਤੋਂ ਬਾਅਦ।

ਸਿਹਰਾ ਪੜ੍ਹਨ ਵਾਲਾ ਵਿਅਕਤੀ ਆਮ ਤੌਰ 'ਤੇ ਸਧਾਰਨ ਵਿਅਕਤੀ ਨਹੀਂ ਹੁੰਦਾ ਸੀ। ਉਹ ਪੂਰੇ ਆਤਮ-ਵਿਸ਼ਵਾਸ ਵਾਲਾ ਮਾਈਕ 'ਤੇ ਖੜ੍ਹ ਕੇ ਬੇਝਿਜਕ ਹੋ ਕੇ ਸਿਹਰਾ ਪੜ੍ਹਨ ਵਿਚ ਮਾਹਿਰ ਹੁੰਦਾ ਸੀ। ਕਈ ਧਨਾਢ ਵਿਅਕਤੀ ਕਿੱਸੇ ਗਵੱਈਏ ਜਾਂ ਪ੍ਰਸਿੱਧ ਵਿਅਕਤੀ ਨੂੰ ਸਿਹਰਾ ਪੜ੍ਹਨ ਲਈ ਵਿਸ਼ੇਸ਼ ਤੌਰ 'ਤੇ ਬਰਾਤ ਵਿਚ ਲੈ ਕੇ ਜਾਂਦੇ। ਪ੍ਰਸਿੱਧ ਕਾਲਮਨਵੀਸ ਗੁਲਜ਼ਾਰ ਸਿੰਘ ਸੰਧੂ ਦੇ ਅਨੰਦ ਕਾਰਜ ਮੌਕੇ ਸ਼ਿਵ ਕੁਮਾਰ ਬਟਾਲਵੀ ਨੇ ਸਿਹਰੇ ਦੀ ਥਾਂ ਕਵਿਤਾ ਪੜ੍ਹ ਕੇ ਔਰਤਾਂ ਨੂੰ ਰੋਣ ਲਾ ਦਿੱਤਾ ਸੀ। ਪੱਤਰਕਾਰ ਅਵਤਾਰ ਸਿੰਘ ਅਣਖੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਦੇ ਵਿਆਹ ਮੌਕੇ ਪ੍ਰਸਿੱਧ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਨੇ ਸਿਹਰਾ ਪੜ੍ਹ ਕੇ ਵਾਹ-ਵਾਹ ਖੱਟੀ ਸੀ। ਪਿੰਡ ਬਖ਼ਤਗੜ੍ਹ ਦੇ ਮੁੱਖ ਅਧਿਆਪਕ ਕਰਨੈਲ ਸਿੰਘ ਦੇ ਵਿਆਹ ਮੌਕੇ ਸਿਹਰਾ ਮਾਸਟਰ ਬੰਤ ਸਿੰਘ ਸ਼ਹਿਣਾ ਨੇ ਪੜ੍ਹਿਅ ਸੀ।

ਸਿਹਰੇ ਦੇ ਦੋ ਬੋਲ ਪਾਠਕਾਂ ਦੇ ਸਨਮੁੱਖ ਹਨ:

ਵਕਤ ਵਿਆਹ ਦੇ ਸਿਹਰੇ ਦੀ ਪਵੇ ਕੀਮਤ,

ਹੁੰਦਾ ਵਿਆਹ ਵਿਚ ਸ਼ਗਨਾਂ ਦੀ ਰੀਤ ਸਿਹਰਾ।

ਪਿਆਰ, ਮੁਹੱਬਤ ਦੇ ਖਿੜ ਪਏ ਫੁੱਲ ਸੋਹਣੇ,

ਬੰਨ੍ਹਿਆ ਲਾੜੇ ਦੇ ਜਦੋਂ ਪ੍ਰੀਤ ਸਿਹਰਾ।

-0-

ਲੈ ਮੇਰੀ ਮਾਲਣ ਬੰਨ੍ਹ ਨੀ ਸਿਹਰਾ,

ਬੰਨ੍ਹ ਨੀ ਲਾਲ ਜੀ ਦੇ ਮੱਥੇ।

ਹਰਿਆ ਨੀ ਮਾਲਣ, ਭਰਿਆ ਨੀ ਮਾਲਣ,

ਹਰਿਆ ਤੇ ਭਾਗੀਂ ਭਰਿਆ ਜੀ।

ਪੰਜਾਬ ਦੇ ਕੁਝ ਕੁ ਲੋਕ ਜੋ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਪਿਆਰ ਕਰਦੇ ਹਨ, ਉਨ੍ਹਾਂ ਦੇ ਘਰਾਂ ਦੀਆਂ ਬੈਠਕਾਂ ਜਾਂ ਅਜੋਕੇ ਡਰਾਇੰਗ ਰੂਮਾਂ ਵਿਚ ਪੁਰਾਤਨ ਸਿਹਰੇ ਸ਼ੀਸ਼ਿਆਂ ਵਿਚ ਜੜਾ ਕੇ ਰੱਖੇ ਹੋਏ ਹਨ।

ਸਿੱਖਿਆ : ਸਿੱਖਿਆ ਸਿਹਰੇ ਦੀ ਸਕੀ ਭੈਣ ਸੀ। ਇਸ ਦਾ ਜਨਮ ਸਮਾਜਿਕ ਮਜਬੂਰੀ ਵਿਚੋਂ ਹੋਇਆ। ਪੁਰਾਣੇ ਸਮਿਆਂ ਵਿਚ ਧੀਆਂ ਨੂੰ ਪਰਾਇਆ ਧਨ ਜਾਂਦਾ ਸੀ। ਬੱਚਿਆਂ ਦੀ ਬਹੁਤਾਤ ਹੋਣ ਕਰਕੇ ਬੇਟੀਆਂ ਦਾ ਵਿਆਹ ਛੋਟੀ ਉਮਰ ਵਿਚ ਕਰਕੇ ਮਾਪੇ ਆਪਣੇ-ਆਪ ਨੂੰ ਫਾਰਗ ਸਮਝਦੇ ਸਨ। ਸੂਝਵਾਨ ਲੋਕਾਂ ਨੇ ਸਿੱਖਿਆ ਦੀ ਸਿਰਜਣਾ ਕੀਤੀ, ਤਾਂ ਜੋ ਬਾਲ ਵਰੇਸ ਦੀ ਉਮਰੇ ਬੇਗਾਨੇ ਘਰੇ ਜਾ ਰਹੀ ਧੀ ਨੂੰ ਆਪਣੀਆਂ ਜ਼ਿੰਮੇਵਾਰੀਆਂ, ਅਧਿਕਾਰਾਂ, ਫ਼ਰਜ਼ਾਂ ਦੀ ਜਾਣਕਾਰੀ ਸਿੱਖਿਆ ਰਾਹੀਂ ਦਿੱਤੀ ਜਾ ਸਕੇ। ਫੇਰਿਆਂ ਜਾਂ ਅਨੰਦ ਕਾਰਜ ਤੋਂ ਬਾਅਦ ਇਕ ਆਤਮ-ਵਿਸ਼ਵਾਸ ਨਾਲ ਭਰੀ ਲੜਕੀ ਸਿੱਖਿਆ ਪੜ੍ਹਦੀ ਸੀ। ਬਰਨਾਲੇ ਦੀ ਅਧਿਆਪਕਾ ਮਨਰਾਜ ਕੌਰ ਧਾਲੀਵਾਲ ਸਿੱਖਿਆ ਪੜ੍ਹਨ ਵਿਚ ਮਾਹਿਰ ਸੀ। ਉਸ ਨੇ ਕਰੀਬ ਦੋ ਦਰਜਨ ਧੀਆਂ ਦੇ ਅਨੰਦ ਕਾਰਜਾਂ 'ਤੇ ਸਿੱਖਿਆ ਪੜ੍ਹੀ ਸੀ। ਉਸ ਕੋਲ ਆਪਣੀ ਨਿੱਜੀ ਡਾਇਰੀ ਵਿਚ 15 ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਸਿੱਖਿਆਵਾਂ ਮੌਜੂਦ ਹਨ। ਸਿੱਖਿਆ ਵਿਚ ਧੀ ਆਪਣੀ ਮਾਂ ਨੂੰ ਆਪਣੇ ਘਰ ਰੱਖਣ ਦੀ ਜੋਦੜੀ ਕਰਦੀ ਹੈ:

ਧੀ ਆਖਦੀ ਅੰਮੜੀਏ ਤਰਸ ਕਰ ਨੀ,

ਕਾਹਤੋਂ ਨੌਹਾਂ ਤੋਂ ਮਾਸ ਵਿਛੋੜਨੀ ਏਂ।

ਪਾਲ ਪੋਸ ਕੇ ਪਹਿਲਾਂ ਜੁਆਨ ਕੀਤਾ,

ਹੁਣ ਕਿਉਂ ਡੋਰ ਮਮਤਾ ਦੀ ਤੋੜਨੀ ਏਂ।

ਮੇਰਾ ਦਸ ਖਾਂ ਕੋਈ ਕਸੂਰ ਮਾਏ,

ਕਾਹਤੋਂ ਨਦੀ ਵਿਯੋਗ ਦੀ ਰੋਹੜਨੀ ਏਂ।

ਕਦੀ ਪਲ ਨਾ ਅੱਖਾਂ ਤੋਂ ਪਰੇ ਕੀਤਾ,

ਹੁਣ ਕਿਉਂ ਲਾਡਲੀ ਤੋਂ ਮੁੱਖ ਮੋੜਨੀ ਏਂ।

ਬਰਨਾਲਾ ਸ਼ਹਿਰ ਲਾਗਲੇ ਘੁੱਗ ਵਸਦੇ ਪਿੰਡ ਸ਼ੇਰ ਸਿੰਘ ਪੁਰਾ ਵਿਚ ਜਥੇਦਾਰ ਪ੍ਰਗਟ ਸਿੰਘ ਯਾਦਗਾਰੀ ਸੰਗੀਤਕ ਲਾਇਬਰੇਰੀ ਹੈ। ਉਸ ਵਿਚ ਸਿਹਰੇ ਅਤੇ ਸਿੱਖਿਆ ਨਾਲ ਸੰਬੰਧਿਤ ਪੁਰਾਤਨ ਤਵੇ ਸਾਂਭੇ ਹੋਏ ਹਨ। ਜਿਨ੍ਹਾਂ ਤੋਂ ਸਾਨੂੰ ਵਿਆਹ ਦੀਆਂ ਅਲੋਪ ਹੋ ਚੁੱਕੀਆਂ ਇਹ ਦੋ ਉਪਰੋਕਤ ਰਸਮਾਂ ਸੰਬੰਧੀ ਦੋ ਸ਼ਬਦ ਲਿਖਣ ਦੀ ਪ੍ਰੇਰਨਾ ਮਿਲੀ ਹੈ। ਸੰਨ 1965 ਵਿਚ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿਚ ਕੋਲੰਬੀਆ ਕੰਪਨੀ ਵਿਚ ਰਿਕਾਰਡ ਹੋਈ ਇਕ ਸਿੱਖਿਆ ਮਿਲਦੀ ਹੈ, ਜਿਸ ਦੇ ਬੋਲ ਸਨ, 'ਲਾਡਾਂ ਪਾਲੀਏ ਚੰਬੇ ਦੀਏ ਡਾਲੀਏ, ਦੇਵਾਂ ਸਿੱਖਿਆ ਨਾਲ ਪਿਆਰ ਤੈਨੂੰ', ਇਹ ਸਿੱਖਿਆ ਪ੍ਰਸਿੱਧ ਪੰਜਾਬੀ ਸਾਹਿਤਕਾਰ ਨਾਨਕ ਸਿੰਘ ਨੇ ਲਿਖੀ ਸੀ। ਪ੍ਰਸਿੱਧ ਗਾਇਕ ਅਤੇ ਮਿਆਰੀ ਗੀਤ ਸਰੋਤਿਆਂ ਦੇ ਕੰਨੀਂ ਪਾਉਣ ਵਾਲੇ ਸਾਈਂ ਦੀਵਾਨਾ ਜੀ ਦੀ ਐਚ.ਐਮ.ਵੀ. ਦਾ ਟਵਿਨ ਮਾਰਕਾ ਕੰਪਨੀ ਵਿਚ ਸਿੱਖਿਆ ਮਿਲਦੀ ਹੈ, ਜਿਸ ਦੀ ਭੂਮਿਕਾ ਵਿਚ ਦੀਵਾਨਾ ਜੀ ਆਖਦੇ ਹਨ ਕਿ 'ਇਹ ਪਿਆਰ ਭਰੀ ਸਿੱਖਿਆ, ਸਹੁਰੇ ਤੁਰਦੀ ਬੀਬੀ ਨੂੰ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਵਲੋਂ ਦਿੱਤੀ ਜਾਂਦੀ ਹੈ, ਬੋਲ ਹਨ, 'ਲਾਡਾਂ ਪਾਲੀਏ ਚੰਬੇ ਦੀਏ ਡਾਲੀਏ ਨੀ, ਦੇਵਾਂ ਸਿੱਖਿਆ ਨਾਲ ਪਿਆਰ ਧੀਏ, ਘੜੀ ਇਕ ਨਾ ਅੱਖੀਓਂ ਦੂਰ ਹੋਈਓਂ ਤੱਕ ਜੀਂਵਦਾ ਰਿਹਾ ਪਰਿਵਾਰ ਧੀਏ'

ਇਥੇ ਇਕ ਹੋਰ ਗੱਲ ਧਿਆਨ ਗੋਚਰੇ ਹੈ। ਕਈ ਵਾਰ ਲੜਕੀ ਵਾਲਿਆਂ ਕੋਲ ਕੋਈ ਐਸੀ ਕੁੜੀ ਮੌਜੂਦ ਨਹੀਂ ਹੁੰਦੀ ਸੀ, ਜਿਹੜੀ ਸਿੱਖਿਆ ਪੜ੍ਹ ਸਕੇ। ਉਸ ਜ਼ਮਾਨੇ 'ਚ ਧੀਆਂ ਸ਼ਰਮਾਕਲ ਸੁਭਾਅ ਦੀਆਂ ਹੁੰਦੀਆਂ ਸਨ, ਮਾਈਕ ਮੂਹਰੇ ਖੜ੍ਹ ਜ਼ਰੂਰ ਜਾਂਦੀਆਂ ਸਨ ਪਰ ਇਕ ਦੋ ਫਿਕਰੇ ਪੜ੍ਹ ਕੇ ਸੰਗਦੀਆਂ ਬੈਠ ਜਾਂਦੀਆਂ ਸਨ। ਮੁੰਡੇ ਵਾਲਿਆਂ ਦਾ ਇਕ ਵਿਅਕਤੀ ਸਿਹਰਾ ਪੜ੍ਹ ਦਿੰਦਾ। ਇਸ ਦੇ ਜਵਾਬ ਵਲੋਂ ਲੜਕੀ ਵਾਲੇ ਸਪੀਕਰ 'ਤੇ ਤਵਾ ਵਜਾ ਦਿੰਦੇ। ਅਕਸਰ ਇਹ ਤਵਾ ਨਰਿੰਦਰ ਬੀਬਾ ਦੀ ਆਵਾਜ਼ 'ਚ ਹੁੰਦਾ ਗੀਤ 'ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ', ਦੂਜਾ ਗੀਤ ਗਾਇਕ ਸਿਰੀ ਰਾਮ ਦਰਦ ਦੀ ਆਵਾਜ਼ ਵਿਚ 'ਧੀਆਂ ਹੁੰਦੀਆਂ ਨੇ ਦੌਲਤਾਂ, ਬੇਗਾਨੀਆਂ ਵੇ, ਹੱਸ ਹੱਸ ਤੋਰੀਂ ਬਾਬਲਾ' ਹੁੰਦਾ। ਤੀਜੇ ਗੀਤ 'ਛੱਡ ਕੇ ਪੇਕੇ ਸਹੁਰੇ ਚੱਲੀ, ਗਲੀਆਂ ਹੋਣ ਪਰਾਈਆਂ' ਗਾਇਕਾ ਨਰਿੰਦਰ ਬੀਬਾ ਹੁੰਦੀ। 'ਨਾਨਕ ਦੁਖੀਆ ਸਭ ਸੰਸਾਰ' (1971) ਦੇ ਇਕ ਵਿਦਾਈ ਗੀਤ ਜਿਸ ਦੇ ਬੋਲ 'ਜਾਹ ਵੀਰਾਂ ਦੀਏ ਲਾਡਲੀਏ' ਵੀ ਵਜਾ ਦਿੱਤਾ ਜਾਂਦਾ। ਇਕ ਫ਼ਿਲਮ 1962 ਵਿਚ 'ਚੌਧਰੀ ਕਰਨੈਲ ਸਿੰਘ' ਬਣੀ ਸੀ, ਉਸ ਵਿਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਦਾ ਗਾਇਆ ਗੀਤ 'ਘਰ ਬਾਬਲ ਦਾ ਛੱਡ ਕੇ ਧੀਏ, ਹੋਈ ਐਂ ਅੱਜ ਪਰਾਈ' ਵੀ ਸਪੀਕਰ ਵਾਲੇ ਚਲਾ ਕੇ ਮਾਹੌਲ ਨੂੰ ਵੈਰਾਗਮਈ ਬਣਾ ਦਿੰਦੇ ਅਤੇ ਸਿਹਰੇ ਵਾਲੀ ਭਾਜੀ ਵੀ ਮੋੜ ਦਿੰਦੇ ਸਨ।

 

ਗੁਰਮਖ ਸਿੰਘ ਲਾਲੀ