ਬਾਗੀ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਨੂੰ ਬਣਾ ਸਕਦੇ ਨੇ ਅਕਾਲੀ ਦਲ ਦਾ ਪ੍ਰਧਾਨ

ਬਾਗੀ ਅਕਾਲੀ  ਗਿਆਨੀ ਹਰਪ੍ਰੀਤ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਨੂੰ ਬਣਾ ਸਕਦੇ ਨੇ ਅਕਾਲੀ ਦਲ ਦਾ ਪ੍ਰਧਾਨ

ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਅਹਦੇ ਤੋਂ ਹਟਾਇਆ ਜਾ ਸਕਦਾ ਏ

*ਬਾਦਲ ਲੀਡਰਸ਼ਿਪ ਬਗਾਵਤ ਪਿਛੇ ਗਿਆਨੀ ਹਰਪ੍ਰੀਤ ਸਿੰਘ ਦਾ ਹਥ ਸਮਝ ਰਹੀ ਏ

 ਅਕਾਲੀ ਦਲ ਦੀ ਬਗਾਵਤ ਵਿੱਚ ਇੱਕ ਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਮਝਿਆ ਜਾਂਦਾ ਹੈ ਕਿ ਅਕਾਲੀ ਦਲ ਦਾ ਬਾਗ਼ੀ ਧੜਾ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੁੰਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇਕਰ ਸਮੁੱਚੀ ਪਾਰਟੀ ਇਸ ‘ਤੇ ਰਾਜ਼ੀ ਹੁੰਦੀ ਹੈ ਤਾਂ ਵਿਚਾਰ ਕੀਤਾ ਜਾ ਸਕਦਾ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਵੀ ਅਕਾਲੀ ਧੜੇ ਨੇ ਉਨ੍ਹਾਂ ਤੱਕ ਕੋਈ ਪਹੁੰਚ ਨਹੀਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਬਣੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਪੁਰਾਤਨ ਸਿਆਸੀ ਜਥੇਬੰਦੀ ਹੈ ਅਤੇ ਇਸ ਵਿੱਚ ਦੋਫਾੜ ਨਹੀਂ ਹੋਣਾ ਚਾਹੀਦਾ। ਜੇਕਰ ਦੋਵਾਂ ਧਿਰਾਂ ਵਿਚਾਲੇ ਕੋਈ ਮਤਭੇਦ ਹਨ ਤਾਂ ਉਹ ਆਪਸ ਵਿੱਚ ਮਿਲ ਬੈਠ ਕੇ ਇਸ ਨੂੰ ਦੂਰ ਕਰ ਲੈਣ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਇੱਕ ਕਮਰੇ ਵਿੱਚ ਬੈਠ ਕੇ ਅਜਿਹੇ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ ਪਰ ਪਾਰਟੀ ਦੋਫਾੜ ਨਹੀਂ ਹੋਣੀ ਚਾਹੀਦੀ। ਪਰ ਵੱਡਾ ਸਵਾਲ ਇਹ ਹੈ ਕੀ ਅਜਿਹਾ ਹੋ ਸਕਦਾ ਹੈ? ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਦੋਵੇ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਰੇਸ ਵਿੱਚ ਕਿਸੇ ਤਖਤ ਦੇ ਜਥੇਦਾਰ ਦਾ ਨਾਂ ਸਾਹਮਣੇ ਆਇਆ ਹੋਵੇ। 44 ਸਾਲ ਪਹਿਲਾਂ ਅਜਿਹਾ ਹੋ ਚੁੱਕਾ ਹੈ। ਪਹਿਲਾਂ ਵੀ ਇਤਿਹਾਸ ਵਿੱਚ ਮੌਕਾ ਆਇਆ ਸੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਵੇਲੇ ਅਕਾਲੀ ਦਲ ਵਿੱਚ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਸੀ, ਉਸ ਸਾਰੀ ਸਿਆਸੀ ਖੇਡ ਵਿੱਚ ਬਾਦਲ ਪਰਿਵਾਰ ਦਾ ਵੱਡਾ ਹੱਥ ਸੀ।

1980 ਵਿੱਚ ਲੌਂਗੋਵਾਲ ਨੂੰ ਪ੍ਰਧਾਨ ਬਣਾਇਆ ਗਿਆ

1980 ਦਾ ਹੀ ਉਹ ਸਮਾਂ ਸੀ ਜਦੋਂ ਸਿੱਖ ਪੰਥ ਵਿੱਚ ਮੋਰਚਿਆ ਦਾ ਦੌਰ ਸੀ, ਦੂਜੇ ਪਾਸੇ ਅਕਾਲੀ ਦਲ ਵਿੱਚ ਪਾਵਰ ਦੀ ਲੜਾਈ ਚੱਲ ਰਹੀ ਸੀ ਤੀਜੇ ਪਾਸੇ ਕੇਂਦਰ ਖਿਲਾਫ ਖਿਚੋਤਾਣ ਸੀ। 1978 ਵਿੱਚ ਜਿਸ ਜਗਦੇਵ ਸਿੰਘ ਤਲਵੰਡੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਉਸੇ ਨੇ ਜਦੋਂ ਬਾਗ਼ੀ ਅੱਖ ਵਿਖਾਉਣੀ ਸ਼ੁਰੂ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਸੰਤ ਲੌਂਗੋਵਾਲ 1962 ਵਿਚ ਤਖ਼ਤ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਥਾਪੇ ਗਏ ਸਨ। ਪਰ 1964 ਵਿਚ ਉਨ੍ਹਾਂ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਨੂੰ ਸਰਕਾਰੀ ਕਬਜੇ ਵਿਚੋਂ ਛੁਡਾਉਣ ਲਈ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਮੋਰਚਾ ਲਾਇਆ। ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਕਈ ਮੋਰਚਿਆਂ ਵਿੱਚ ਸ਼ਾਮਲ ਹੋਏ ਅਤੇ ਸਿੱਖ ਸਿਆਸਤ ਦੇ ਮੋਢੀ ਬਣੇ ਸਨ। ਪਰ ਵੱਡਾ ਸਵਾਲ ਇਹ ਹੈ ਕਿ ਹੁਣ ਜਦੋਂ ਅਕਾਲੀ ਦਲ ਆਪਣੀ ਸਭ ਤੋਂ ਵੱਡੀ ਬਗਾਵਤ ਤੋਂ ਗੁਜ਼ਰ ਰਿਹਾ ਹੈ ਤਾਂ ਕੀ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਨੂੰ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ? 

ਦਰਅਸਲ 70 ਤੋਂ ਲੈਕੇ 90 ਦੇ ਦਹਾਕੇ ਤੱਕ ਅਕਾਲੀ ਦਲ ਵਿੱਚ ਕਈ ਵੱਡੇ ਚਿਹਰੇ ਸਨ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿੰਗ ਬਣਨ ਦੀ ਥਾਂ ਕਿੰਗ ਮੇਕਰ ਦੀ ਭੂਮਿਕਾ ਵਿੱਚ ਨਜ਼ਰ ਆਏ। ਪਾਰਟੀ ਦੇ ਹਰ ਇੱਕ ਫੈਸਲੇ ਪਿੱਛੇ ਉਨ੍ਹਾਂ ਦਾ ਦਿਮਾਗ਼ ਅਤੇ ਅਸਰ ਵਿਖਾਈ ਦਿੰਦਾ ਸੀ। ਉਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਲਈ ਅੱਗੇ ਕੀਤਾ, ਕਿਉਂਕਿ ਉਹ ਉਨ੍ਹਾਂ ਦੇ ਭਰੋਸੇਮੰਦ ਸਨ। ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਜਿਹਾ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਹਿੰਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਕਈ ਵਾਰ ਨਸੀਹਤਾਂ ਦਿੱਤੀਆਂ ਸਨ। ਪਾਰਟੀ ਦੇ ਅੰਦਰ ਇਹ ਅਵਾਜ਼ ਵੀ ਦਬੀ ਜ਼ਬਾਨ ਵਿੱਚ ਉਠਦੀ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਬੀਜੇਪੀ ਨਾਲ ਨਜ਼ਦੀਕੀਆਂ ਹਨ।

 ਹਾਲਾਂਕਿ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਅਸਿੱਧੇ ਤੌਰ ‘ਤੇ ਕਾਰਵਾਈ ਦਾ ਮੌਕਾ ਪਾਰਟੀ ਨੂੰ ਉਸ ਵੇਲੇ ਮਿਲਿਆ ਜਦੋਂ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਦੀ ਮੰਗਣੀ ‘ਤੇ ਪਹੁੰਚ ਗਏ। ਜਥੇਦਾਰ ਹਰਪ੍ਰੀਤ ਸਿੰਘ ਦੀ ਮੌਜੂਦਗੀ ਨੂੰ ਲੈਕੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅੱਗੇ ਕੀਤਾ ਗਿਆ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਲਗਾਇਆ, ਇਸ ‘ਤੇ ਨਾ ਤਾਂ ਸ੍ਰੋਮਣੀ ਕਮੇਟੀ ਬੋਲੀ ਨਾ ਹੀ ਅਕਾਲੀ ਦਲ ਦੇ ਅੰਦਰੋ ਕੁਝ ਅਵਾਜ਼ ਉੱਠੀ। ਮੌਕਾ ਵੇਖ ਦੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਵਿਦੇਸ਼ੀ ਦੌਰੇ ‘ਤੇ ਗਏ ਤਾਂ ਸ੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਸੱਦੀ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪ ਕੇ ਗਿਆਨੀ ਰਘੁਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ। ਸਾਫ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਸੁਖਬੀਰ ਸਿੰਘ ਬਾਦਲ ਦਾ ਧੜਾ ਕਿਸੇ ਵੀ ਕੀਮਤ ‘ਤੇ ਤਿਆਰ ਨਹੀਂ ਹੋਵੇਗਾ।ਸੂਤਰਾਂ ਤੋਂ ਪਤਾ ਲਗਾ ਹੈ ਕਿ ਬਾਦਲ ਲੀਡਰਸ਼ਿਪ ਜਥੇਦਾਰ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਤੋਂ ਹਟਾਉਣ ਦੀਆਂ ਤਿਆਰੀਆਂ ਕਰ ਰਹੀ ਹੈ ,ਕਿਉਂਕਿ ਇਸ ਬਗਾਵਤ ਪਿਛੇ ਗਿਆਨੀ ਹਰਪ੍ਰੀਤ ਸਿੰਘ ਦਾ ਹਥ ਸਮਝਿਆ ਜਾ ਰਿਹਾ ਹੈ।

ਚੰਦੂਮਾਜਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ

ਸ੍ਰੀ ਅਕਾਲ ਤਖਤ ਦੇ ਮੁਆਫ਼ੀਨਾਮਾ ਦੇਣ ਤੋਂ ਪਹਿਲਾਂ ਬਾਗੀ ਗੁੱਟ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਯਾਨੀ ਬਾਗੀ ਗੁੱਟ ਦੇ ਦਿਮਾਗ ਵਿੱਚ ਦੂਸਰਾ ਪਲਾਨ ਵੀ ਚੱਲ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਬਾਗ਼ੀ ਗੁੱਟ ਅੰਮ੍ਰਿਤਪਾਲ ਸਿੰਘ ਦੇ ਮੋਢਿਆਂ ‘ਤੇ ਆਪਣੀ ਅਗਲੀ ਸਿਆਸੀ ਪਾਰੀ ਖੇਡ ਸਕਦਾ ਹੈ। ਸੁਖਬੀਰ ਸਿੰਘ ਬਾਦਲ ਦਾ ਗੁੱਟ ਵੀ ਇਸ ਤੋਂ ਜਾਣੂ ਹੈ। ਇਸੇ ਲ਼ਈ ਜਦੋਂ ਅੰਮ੍ਰਿਤਪਾਲ ਸਿੰਘ ਦੇ ਘਰ ਜਦੋਂ ਬਾਗੀ ਗੁੱਟ ਗਿਆ ਤਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕਦੇ ਹੋਏ ਕਿਹਾ ਵਿਰੋਧੀ ਧਿਰ ਦੇ ਦਿਮਾਗ ਵਿੱਚ ਪਹਿਲਾਂ ਸਿਆਸਤ ਸੀ ਫਿਰ ਧਰਮ ।

 ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੇਂ ਅਕਾਲੀ ਦਲ ਦੀ ਅਗਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬ ਦੇ 3 ਹਲਕਿਆਂ ਦੀ ਜ਼ਿਮਨੀ ਚੋਣ ਨੂੰ ਲੈਕੇ ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਜੇਲ੍ਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜੇਕਰ ਬਾਗ਼ੀ ਗੁੱਟ ਇਸ ਨੂੰ ਹਮਾਇਤ ਦਿੰਦਾ ਹੈ ਅਤੇ ਜਿੱਤ ਹਾਸਲ ਹੁੰਦੀ ਹੈ ਤਾਂ ਸਾਫ ਹੈ ਕਿ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ ਵਿਚ ਵੱਡਾ ਬਦਲਾਅ ਆ ਸਕਦਾ ਹੈ, ਫਿਰ ਸੁਖਬੀਰ ਸਿੰਘ ਬਾਦਲ ਲਈ ਸਿਆਸਤ ਵਿਚ ਵਾਪਸੀ ਦਾ ਰਸਤਾ ਮੁਸ਼ਕਿਲ ਹੋ ਸਕਦਾ ਹੈ।