ਅਮਰਜੀਤ ਸਾਹੀਵਾਲ ਦੀ ਕਾਫੀ ਟੇਬਲ ਬੁੱਕ 'ਖੁਦਾਈ ਖ਼ਿਦਮਤਗਾਰ: ਹਰਬੰਸ ਸਿੰਘ ਆਹੂਜਾ' ਲੋਕ ਅਰਪਣ

ਅਮਰਜੀਤ ਸਾਹੀਵਾਲ ਦੀ ਕਾਫੀ ਟੇਬਲ ਬੁੱਕ 'ਖੁਦਾਈ ਖ਼ਿਦਮਤਗਾਰ: ਹਰਬੰਸ ਸਿੰਘ ਆਹੂਜਾ' ਲੋਕ ਅਰਪਣ

ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋ ਲੋਕ ਅਰਪਣ ਦੀ ਰਸਮ ਨਿਭਾਈ ਗਈ 

ਅੰਮ੍ਰਿਤਸਰ ਟਾਈਮਜ਼

ਪਟਿਆਲਾ:  "ਕੁਝ ਪੁਸਤਕਾਂ ਦੇਖਣ ਵਾਲੀਆਂ ਹੀ ਹੁੰਦੀਆਂ ਹਨ, ਕੁਝ ਪੁਸਤਕਾਂ ਪੜ੍ਹਨ ਵਾਲੀਆਂ ਅਤੇ ਕੁਝ ਪੜ੍ਹਨ ਤੋਂ ਬਾਅਦ ਸਾਂਭਣਯੋਗ ਵੀ ਹੁੰਦੀਆਂ ਹਨ। ਪੰਜਾਬੀ ਦੀਆਂ ਸਾਂਭਣਯੋਗ ਪੁਸਤਕਾਂ ਵਿਚ ਇਕ ਨਿਘਰ ਵਾਧਾ ਉਘੇ ਸਮਾਜ ਸੇਵੀ ਮਰਹੂਮ ਹਰਬੰਸ ਸਿੰਘ ਆਹੂਜਾ ਦੇ ਜੀਵਨ ਬਿਰਤਾਂਤ ਨੂੰ ਬਿਆਨ ਕਰਦੀ ਕਾਫੀ ਟੇਬਲ ਬੁੱਕ 'ਖੁਦਾਈ ਖ਼ਿਦਮਤਗਾਰ: ਹਰਬੰਸ ਸਿੰਘ ਆਹੂਜਾ' ਨਾਲ ਹੋਇਆ ਹੈ ਜਿਸ ਨੂੰ ਅਮਰਜੀਤ ਸਾਹੀਵਾਲ ਨੇ ਬੜੀ ਮਿਹਨਤ ਨਾਲ ਸੰਪਾਦਿਤ ਕੀਤਾ ਹੈ।" ਇਹ ਵਿਚਾਰ ਪੰਜਾਬੀ ਨਾਟਕਕਾਰ ਅਤੇ ਭਾਸ਼ਾ ਵਿਭਾਗ ਦੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਸਰਦਾਰ ਸਤਿੰਦਰ ਸਿੰਘ ਨੰਦਾ ਨੇ ਪ੍ਰਗਟਾਏ। ਇਹ ਪੁਸਤਕ ਪਿਛਲੇ ਦਿਨੀ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਵੱਲੋਂ ਲੋਕ ਅਰਪਣ ਕੀਤੀ ਗਈ। ਪੁਸਤਕ ਸੰਬੰਧੀ ਆਪਣੇ ਵਿਚਾਰ ਪ੍ਰਗਟਾਉੰਦੇ ਹੋਏ ਮੁੱਖ ਮਹਿਮਾਨ ਨੇ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਣ ਦੇ ਨਾਲ ਨਾਲ ਚਾਨਣ ਮੁਨਾਰੇ ਦਾ ਕੰਮ ਵੀ ਕਰਦੀਆਂ ਹਨ। ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਸਮਾਜ ਸੇਵਕ ਹਰਬੰਸ ਸਿੰਘ ਆਹੂਜਾ ਨੇ ਆਪਣਾ ਜੀਵਨ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਸਮਰਪਿਤ ਕੀਤਾ ਹੋਇਆ ਸੀ। ਅਜਿਹੀ ਘਾਲਣਾ ਘਾਲਣ ਵਾਲੇ ਹੀ ਦੂਸਰਿਆਂ ਲਈ ਰੋਲ ਮਾਡਲ ਹੁੰਦੇ ਹਨ। ਇਸ ਮੌਕੇ ਤੇ ਡਵੀਜ਼ਨਲ ਕਮਿਸ਼ਨਰ ਮਾਨਯੋਗ ਗੈਂਦ ਸਾਹਿਬ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਆਮ ਨਾਗਰਿਕਾਂ ਅਤੇ ਦਾਨਸ਼ਵਰਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਸ਼ਹਿਰ ਦੇ ਲੋਕ ਖੁੱਲ੍ਹੇ  ਦਿਲ ਵਾਲੇ, ਮਿਲਣਸਾਰ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਮੇਸ਼ਾਂ ਹੀ ਤੱਤਪਰ ਰਹਿੰਦੇ ਹਨ। ਉਹਨਾਂ ਨੇ ਇਸ ਪੁਸਤਕ ਦੀ ਸੰਪਾਦਿਕਾ ਅਮਰਜੀਤ ਸਾਹੀਵਾਲ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਸਾਡੇ ਸਮਾਜ ਨੂੰ ਨਰੋਈ ਸੇਧ ਦੇਣ ਲਈ ਆਪਣੀ ਕਲਮ ਦਾ ਜਾਦੂ ਬਿਖੇਰਦੇ ਰਹਿਣ ਗੇ। ਅਮਰਜੀਤ ਸਾਹੀਵਾਲ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਵਰਗੀ ਹਰਬੰਸ ਸਿੰਘ ਆਹੂਜਾ ਉਹਨਾਂ ਦੇ ਵੱਡੇ ਭਰਾ ਸਨ ਅਤੇ ਉਹਨਾਂ ਦਾ ਜੀਵਨ ਉਹਨਾਂ ਲਈ ਅਤੇ ਹੋਰ ਕਈਆਂ ਲਈ ਇਕ ਚਾਨਣ ਮੁਨਾਰਾ ਹੈ। ਉਹਨਾਂ ਨੇ ਆਪਣੇ ਭਰਾ ਦੀ ਸਦੀਵੀ ਯਾਦ ਨੂੰ ਬਰਕਰਾਰ ਰੱਖਣ ਲਈ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ। ਇਥੇ ਇਹ ਜਿਕਰਯੋਗ ਹੈ ਕਿ ਅਮਰਜੀਤ ਸਾਹੀਵਾਲ ਪੱਤਰਕਾਰਿਤਾ, ਰੇਡੀਓ ਸਟੇਸ਼ਨ,  ਦੂਰਦਰਸ਼ਨ ਤੋਂ ਉੱਚੇ ਅਹੁਦਿਆਂ ਦੀ ਜਿਮੇਦਾਰੀਆਂ ਤੋਂ ਸੇਵਾ ਮੁਕਤ ਹੋਣ ਉਪਰੰਤ ਆਪਣੇ ਸਵਰਗਵਾਸੀ ਜੀਵਨ ਸਾਥੀ ਸਰਦਾਰ ਮਨਜੀਤ ਸਿੰਘ ਸਾਹੀਵਾਲ ਦੀ ਉੱਚੀ ਅਤੇ ਸੁੱਚੀ ਸੋਚ ਤੋਂ ਪ੍ਰੇਰਿਤ ਹੋ ਕੇ ਸਮਾਜ ਸੇਵਾ ਨੂੰ ਸਮਰਪਿਤ ਹੋਏ ਹਨ।

ਪੁਸਤਕ ਲੋਕ ਅਰਪਣ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਤੋਂ ਇਲਾਵਾ ਨਾਮੀ ਕਾਰੋਬਾਰੀ ਗੁਰਜੀਤ ਸਿੰਘ ਸਾਹਨੀ, ਲੇਖਕ, ਕਵੀ ਅਤੇ ਅੰਗਰੇਜੀ ਦੇ ਵਿਦਵਾਨ ਪ੍ਰੋ. ਸੁਭਾਸ਼ ਸ਼ਰਮਾ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਅਤੇ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਦੇ ਪ੍ਰਧਾਨ ਡਾ. ਮਦਨ ਲਾਲ ਹਸੀਜਾ, ਲੇਖਕ ਅਤੇ ਵਿਸ਼ਲੇਸ਼ਕ ਐਸ.ਐਸ.ਨੰਦਾ, ਜਨਹਿੱਤ ਸੰਮਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ, ਸ਼ਵਿੰਦਰ ਸਿੰਘ ਛਾਬੜਾ, ਮਹਾਰਾਣੀ ਕਲੱਬ ਦੀ ਪ੍ਰਧਾਨ ਪਿੰਕੀ ਚੰਨੀ, ਸ਼ੁਭਚਿੰਤ ਸੋਢੀ, ਕੰਦਬਰੀ ਮਿੱਤਲ,  ਰੂਬੀ ਸਾਹਨੀ, ਮਦਨ ਲਾਲ ਵਰਮਾ, ਨੀਲਮ ਵਰਮਾ, ਡਾ.ਅਮਰਜੀਤ ਰੇਖੀ, ਡਾ.ਸੁਭਾਸ਼ ਆਨੰਦ, ਡਾ.ਰੇਖਾ ਆਨੰਦ, ਸਾਹਿਬ ਸਿੰਘ,  ਨਰਿੰਦਰ ਸਿੰਘ ਨਾਗਪਾਲ,  ਬਲਜਿੰਦਰ ਸ਼ਰਮਾ, ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਤੋਂ ਇਲਾਵਾ ਹੋਰ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਹਾਜ਼ਰ ਸਨ। ਸਾਰਿਆਂ ਨੇ ਅਮਰਜੀਤ ਸਾਹੀਵਾਲ ਦੀ ਘਾਲਣਾ ਦੀ ਤਾਰੀਫ ਕੀਤੀ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਲਿੰਕ:  ਡਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਪੁਸਤਕ ਲੋਕ ਅਰਪਣ ਕਰਦੇ ਹੋਏ। 

ਅਮਰਜੀਤ ਸਾਹੀਵਾਲ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ 

https://photos.app.goo.gl/HcN6piD9qiN7xQuਅਰਪਣ