ਬੀਬੀ ਜਗੀਰ ਕੌਰ ਨੇ ਕਾਨਫਰੰਸ ਕਰਕੇ ਸੁਖਬੀਰ ਬਾਦਲ ਵਿਰੁੱਧ ਮੋਰਚਾ ਖੋਲਿਆ

ਬੀਬੀ ਜਗੀਰ ਕੌਰ ਨੇ  ਕਾਨਫਰੰਸ ਕਰਕੇ ਸੁਖਬੀਰ ਬਾਦਲ ਵਿਰੁੱਧ ਮੋਰਚਾ ਖੋਲਿਆ

 *ਬਾਦਲਾਂ ’ਤੇ ਵਰ੍ਹੇ ਬੀਬੀ ਜਗੀਰ ਕੌਰ

*ਸਵਾਂਗ ਰਚਣ ਦੇ ਮਾਮਲੇ ’ਵਿਚ ਡੇਰਾ ਮੁਖੀ ਨੂੰ ਛੱਡਣ ’ਤੇ ਚੁੱਕੇ ਸਵਾਲ

*ਚੋਣਾਂ ਦੌਰਾਨ ਬਾਦਲਾਂ ਦੇ ਨਾਂਅ ’ਤੇ ਵੋਟਾਂ ਨਹੀਂ ਪੈਣਗੀਆਂ-ਬੀਬੀ ਜਗੀਰ ਕੌਰ

*ਬੀਬੀ ਜਗੀਰ ਕੌਰ ਦੀ ਸਿਧਾਂਤਕ ਲੜਾਈ 'ਵਿਚ ਡਟ ਕੇ ਸਾਥ ਦੇਵਾਂਗਾ-ਬਰਾੜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਲਕਾ ਭੁਲੱਥ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬਾਦਲਾਂ ’ਤੇ ਤਿੱਖੇ ਸ਼ਬਦੀ ਵਾਰ ਕੀਤੇ। ਹਲਕੇ ਵਿਚ ਵਡੀ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬਾਦਲ ਪੰਥ ਨੂੰ ਦੱਸਣ ਕਿ ਉਨ੍ਹਾਂ ਨੇ 2007 ਵਿਚ ਡੇਰਾ ਸਿਰਸਾ ਮੁਖੀ ਨੂੰ ਸਵਾਂਗ ਰਚਣ ਦੇ ਮਾਮਲੇ ਵਿੱਚ ਕਿਉਂ ਛੱਡਿਆ? ਉਨ੍ਹਾਂ  ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਏਨੀ ਪਤਲੀ ਹੋ ਗਈ ਹੈ ਕਿ ਕੋਈ ਵੀ ਅਕਾਲੀ ਆਗੂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ’ਤੇ ਚੋਣ ਲੜਨ ਲਈ ਤਿਆਰ ਨਹੀਂ ਹੈ ਤੇ ਪਾਰਟੀ ਆਗੂ ਮੰਨ ਰਹੇ ਹਨ ਚੋਣਾਂ ਦੌਰਾਨ ਬਾਦਲਾਂ ਦੇ ਨਾਂਅ ’ਤੇ ਵੋਟਾਂ ਨਹੀਂ ਪੈਣਗੀਆਂ।

 

ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਇੱਕ ਪਰਿਵਾਰ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਅਕਾਲੀ ਦਲ ’ਤੇ ਨਸ਼ੇ ਫੈਲਾਉਣ ਦੇ ਦੋਸ਼ ਲੱਗੇ। ਉਨ੍ਹਾਂ ਆਖਿਆ ਕਿ ਜਦੋਂ ਪਾਰਟੀ ’ਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਦੋਸ਼ ਲੱਗੇ ਤਾਂ ਪਾਰਟੀ ਨੇ ਲੋਕਾਂ ਦੇ ਸ਼ੰਕੇ ਦੂਰ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਰਟੀ ਪ੍ਰਧਾਨ (ਸੁਖਬੀਰ ਬਾਦਲ) ਨੂੰ ਸਲਾਹ ਵੀ ਦਿੱਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾਣ ਅਤੇ ਆਪਣੀਆਂ ਗ਼ਲਤੀਆਂ ਮੰਨ ਲੈਣ। ਉਨ੍ਹਾਂ ਇਹ ਵੀ ਕਿਹਾ ਬਾਦਲ ਨਾਨਕਸ਼ਾਹੀ ਕਲੈਡੰਰ ਲਾਗੂ ਕਰਨ ਤੋਂ ਰੋਕਦੇ ਰਹੇ ਸਨ। ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ ਅਤੇ ਜਦੋਂ ਅਕਾਲੀ ਆਗੂ ਸਵਾਲ ਉਠਾਉਂਦੇ ਸਨ ਤਾਂ ਉਨ੍ਹਾਂ ਨੂੰ ਟਾਲ ਦਿੱਤਾ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੁਖਬੀਰ ਦੀ ਭੈਣ ਪ੍ਰਨੀਤ ਕੌਰ ਉਨ੍ਹਾਂ ਨੂੰ ਮਿਲਣ ਲਈ ਬੇਗੋਵਾਲ ਆਏ ਸਨ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ (ਬੀਬੀ) ਨੂੰ ਪਾਰਟੀ ਵਿੱਚੋਂ ਕੱਢ ਕੇ ਸੁਖਬੀਰ ਨੇ ਗ਼ਲਤ ਕੀਤਾ ਹੈ। ਇਸ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 80 ਫੀਸਦੀ ਨੇਤਾ ਅੰਦਰੂਨੀ ਤੌਰ ’ਤੇ ਉਸ ਨਾਲ ਸਹਿਮਤ ਹਨ ਅਤੇ ਉਹ ਖੁਸ਼ ਹਨ ਕਿ ਉਸ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ। 

  ਬੀਬੀ ਜਗੀਰ ਕੌਰ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ। ‘ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਡਿਊਟੀ ਹੈ ਕਿ ਉਹ ਮਿੱਥੇ ਸਮੇ ਮੁਤਾਬਕ ਇਹ ਚੋਣਾਂ ਕਰਵਾਏ ਪਰ ਅਫ਼ਸੋਸ ਕਿ ਸਿੱਖਾਂ ਨੂੰ ਵਾਰ ਵਾਰ ਮੰਗ ਕਰਨੀ ਪੈਂਦੀ ਹੈ ਕਿ ਇਹ ਚੋਣਾਂ ਕਰਾਈਆਂ ਜਾਣ। ਉਨ੍ਹਾਂ ਕਿਹਾ ਹਰ 5 ਸਾਲਾਂ ਬਾਅਦ ਇਹ ਚੋਣਾਂ ਹੋਣੀਆਂ ਜਰੂਰੀ ਹਨ ਪਰ ਹੁਣ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਚੋਣਾਂ ਨਹੀ ਕਰਵਾਈਆਂ ਜਾਂਦੀਆਂ, ਜਿਸ ਕਰ ਕੇ ਸਿੱਖ ਸੰਗਤਾਂ ਦੇ ਅੰਦਰ ਰੋਸ ਹੈ।

ਕਾਬਿਲੇ ਜ਼ਿਕਰ ਹੈ ਕਿ ਦੇਸ਼ ਆਜ਼ਾਦ ਹੋਣ ਪਿੱਛੋਂ ਕਦੇ ਵੀ ਮਿੱਥੇ ਸਮੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀ ਹੋਈਆਂ। ਅੰਗਰੇਜੀ ਰਾਜ ਵਿਚ ਜਨਰਲ ਹਾਊਸ ਦੀ ਮਿਆਦ 3 ਸਾਲ ਹੁੰਦੀ ਸੀ ਤੇ ਚੋਣਾਂ ਵੀ ਸਮੇਂ ਸਿਰ ਹੁੰਦੀਆਂ ਸਨ। ਅੰਗਰੇਜੀ ਰਾਜ ਦੇ 21 ਸਾਲਾਂ ਵਿਚ ਇਹ ਚੋਣਾਂ 7 ਵਾਰ ਹੋਈਆਂ। ਅਜ਼ਾਦ ਭਾਰਤ ਵਿਚ 75 ਸਾਲਾਂ ਦੇ ਇਤਿਹਾਸ ਵਿਚ 5 ਵਾਰ ਇਹ ਚੋਣਾਂ ਹੋਈਆਂ। ਸੰਨ 1944 ਵਿਚ ਅਕਾਲੀ ਦਲ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਦਾ ਸਮਾਂ 3 ਤੋਂ 5 ਸਾਲ ਕਰ ਦਿਤਾ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤਕ ਇਹ ਚੋਣਾਂ ਕਦੇ ਵੀ ਸਮੇਂ ਸਿਰ ਨਹੀਂ ਹੋ ਸਕੀਆਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਭੁਲੱਥ ਹਲਕੇ ਦੇ ਲੋਕ ਸ਼ੋ੍ਮਣੀ ਅਕਾਲੀ ਦਲ ਨਾਲ ਨਹੀਂ ਸਗੋਂ ਉਨ੍ਹਾਂ ਨਾਲ ਖੜ੍ਹੇ ਹਨ ਤੇ ਉਨ੍ਹਾਂ ਵਾਂਗ ਹੀ ਸਿਧਾਂਤਾਂ ਦੀ ਗੱਲ ਕਰਦੇ ਹਨ ।ਉਹਨਾਂ ਨੇ ਕਿਹਾ ਕਿ ਸ਼ੋ੍ਮਣੀ  ਕਮੇਟੀ ਵਿਚ ਸਿਖ ਬਾਦਲਾਂ ਦੀ ਦਖ਼ਲ ਅੰਦਾਜ਼ੀ ਨੂੰ ਚੰਗਾ ਨਹੀਂ ਸੀ ਸਮਝਦੇ, ਜਿਸ ਕਾਰਨ ਸ਼ੋ੍ਮਣੀ ਅਕਾਲੀ ਦਲ ਦੀ ਛਵੀ ਹੁਣ ਖ਼ਤਮ ਹੋਣ ਕਿਨਾਰੇ ਹੈ । ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸੇ ਹੋਰ ਵੀ ਪਾਰਟੀ ਵਿਚ ਨਹੀਂ ਜਾਣਗੇ ਤੇ ਸਿਧਾਂਤਾਂ ਦੀ ਲੜਾਈ ਲੜ ਕੇ ਸ਼ੋ੍ਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਗੇ।ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਥੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਦੀ ਸੁਪਰੀਮ ਅਥਾਰਿਟੀ ਅੱਗੇ ਪੇਸ਼ ਹੋਣ ਤੋਂ ਬਾਅਦ ਉਹ ਹੁਣ ਕਿਸੇ ਦੁਨਿਆਵੀ ਕਮੇਟੀ ਜਾਂ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ । 

ਕਾਨਫਰੰਸ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਬੀਬੀ ਜਗੀਰ ਕੌਰ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਵਲੋਂ ਵਿੱਢੀ ਸਿਧਾਂਤਕ ਲੜਾਈ ਵਿਚ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ । ਉਨ੍ਹਾਂ ਕਿਹਾ ਕਿ ਭਾਵੇਂ ਸ਼ੋ੍ਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਵੀ ਉਹ ਆਪਣੇ ਸਿਧਾਂਤਾਂ ਤੇ ਲੋਕਾਂ ਦੇ ਸਵਾਲਾਂ ਨਾਲ ਖੜ੍ਹੇ ਹਨ ।