ਪੰਜਾਬ ਦੇ ਚਰਚ ’ਚ ਬੇਟੀ ਦੇ ਇਲਾਜ ਲਈ ਇਸਾਈ ਬਣਾਇਆ ਮੁੰਬਈ ਦਾ ਬ੍ਰਾਹਮਣ ਪਰਿਵਾਰ

ਪੰਜਾਬ ਦੇ ਚਰਚ ’ਚ ਬੇਟੀ ਦੇ ਇਲਾਜ ਲਈ ਇਸਾਈ ਬਣਾਇਆ  ਮੁੰਬਈ ਦਾ ਬ੍ਰਾਹਮਣ ਪਰਿਵਾਰ

*  ਮੌਤ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਕਰਵਾਈ ਘਰ ਵਾਪਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ : ਮੁੰਬਈ ਤੋਂ ਗੁੰਮਰਾਹ ਹੋ ਕੇ ਜਲੰਧਰ ਦੇ ਚਰਚ ’ਚ ਬੇਟੀ ਦੇ ਗੰਭੀਰ ਰੋਗ ਦਾ ਇਲਾਜ ਕਰਵਾਉਣ ਪਹੁੰਚਿਆ ਬ੍ਰਾਹਮਣ ਪਰਿਵਾਰ ਆਪਣੀ ਬੇਟੀ ਨੂੰ ਤਾਂ ਨਹੀਂ ਬਚਾ ਸਕਿਆ, ਪਰ ਜ਼ਿਲ੍ਹੇ ਦੇ ਹਿੰਦੂ ਸੰਗਠਨਾਂ ਨੇ ਧਰਮ ਪਰਿਵਰਤਨ ਨਾਲ ਇਸਾਈ ਬਣੇ ਇਸ ਪਰਿਵਾਰ ਦੀ ਘਰ ਵਾਪਸੀ ਕਰਵਾ ਲਈ। ਸ਼ਨਿਚਰਵਾਰ ਨੂੰ ਸ਼੍ਰੀ ਕ੍ਰਿਸ਼ਨ ਮੁਰਾਰੀ ਗੋਪਾਲ ਨਗਰ ’ਚ ਬ੍ਰਾਹਮਣ ਪਰਿਵਾਰ ਨੂੰ ਜਨੇਊ ਪਵਾਉਣ ਦੇ ਨਾਲ-ਨਾਲ ਰੁਦਰਾਕਸ਼ ਦੀ ਮਾਲਾ ਤੋਂ ਲੈ ਕੇ ਕਈ ਰਸਮਾਂ ਪੂਰੀਆਂ ਕੀਤੀਆਂ ਗਈਆਂ।

ਕੁੜੀ ਦੇ ਭਰਾ ਸ਼ੂਭਮ ਨੇ ਦੱਸਿਆ ਕਿ ਮੁੰਬਈ ਦੇ ਟਾਟਾ ਹਸਪਤਾਲ ’ਚ ਇਲਾਜ ਕਰਵਾ ਰਹੀ ਉਸ ਦੀ ਭੈਣ ਨੰਦਿਨੀ ਨੂੰ ਇਕ ਔਰਤ ਨੇ ਗੁੰਮਰਾਹ ਕਰਕੇ ਜਲੰਧਰ ਦੇ ਚਰਚ ’ਚ ਪ੍ਰਾਰਥਨਾ ਦੇ ਨਾਲ ਉਸ ਦੀ ਬਿਮਾਰੀ ਦੂਰ ਕਰਨ ਦਾ ਦਾਅਵਾ ਕਰਦੇ ਹੋਏ ਜਲੰਧਰ ਭੇਜ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਚਰਚ ਦੇ ਸੰਚਾਲਕਾਂ ਨੇ ਪਹਿਲਾਂ 5000 ਤੇ ਬਾਅਦ ’ਚ 40000 ਰੁਪਏ ਲੈ ਲਏ। ਇਲਾਜ ’ਤੇ ਇਕ ਲੱਖ ਖਰਚ ਹੋਣ ਦਾ ਦਾਅਵਾ ਕਰਦੇ ਹੋਏ ਬ੍ਰਾਹਮਣ ਤੋਂ ਇਸਾਈ ਬਣਾ ਕੇ ਏਨੇ ਹੀ ਪੈਸਿਆਂ ’ਚ ਇਲਾਜ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਸ ਦੇ ਨਾਲ ਹੀ ਬ੍ਰਾਹਮਣ ਪਰਿਵਾਰ ਦੀ ਚੋਟੀ ਕਟਵਾ ਕੇ ਤੇ ਰੁਦਰਾਕਸ਼ ਦੀ ਮਾਲਾ ਵਾਪਸ ਲੈ ਲਈ।

ਸ਼ੂਭਮ ਨੇ ਦਾਅਵਾ ਕੀਤਾ ਕਿ ਚਰਚ ਦੇ ਪਾਦਰੀ ਨੇ ਵੀਡੀਓ ਕਾਲਿੰਗ ਦੇ ਨਾਲ ਉਨ੍ਹਾਂ ਦੇ ਨਾਲ ਸੰਪਰਕ ਕੀਤਾ। ਆਖਿਰਕਾਰ ਨੰਦਿਨੀ ਇਸ ਅੰਧਵਿਸ਼ਵਾਸ ਦੀ ਭੇਟ ਚੜ੍ਹ ਗਈ। ਇਸ ਤੋਂ ਬਾਅਦ ਵੀ ਨੰਦਿਨੀ ਨੂੰ ਜੀਵਤ ਕਰਨ ਲਈ ਇਕ ਲੱਖ ਦੀ ਮੰਗ ਕੀਤੀ ਜਾਂਦੀ ਰਹੀ। ਜਦੋਂ ਕਲੀਨਕਲੀ ਨੰਦਿਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਪਰਿਵਾਰ ਨੇ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਉਨ੍ਹਾਂ ਨੂੰ ਚਰਚ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਨੰਦਿਨੀ ਦੇ ਸੰਸਕਾਰ ਤੋਂ ਲੈ ਕੇ ਕਈ ਰਸਮਾਂ ਪੂਰੀਆਂ ਕੀਤੀਆਂ।

ਉਥੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਵਿਧੀਪੂਰਵਕ ਹਿੰਦੂ ਧਰਮ ਵਿਚ ਮੁਡ਼ ਲਿਆਂਦਾ ਗਿਆ। ਮੰਦਰ ਵਿਚ ਵਿਧੀ ਪੂਰਵਕ ਮੰਤਰ ਉਚਾਰਣ ਕਰਕੇ ਹਵਨ ਯੱਗ ਦੇ ਨਾਲ ਸੰਪੰਨ ਕਰਵਾਇਆ ਗਿਆ। ਇਸ ਮੌਕੇ ਹਿੰਦੂ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨ੍ਹਾ, ਕੁਣਾਲ ਕੋਹਲੀ, ਹਿੰਦੂ ਨੇਤਾ ਆਸ਼ੀਸ਼ ਅਰੋਡ਼ਾ ਤੇ ਸੰਜੀਵ ਸ਼ਰਮਾ ਸਣੇ ਵੱਖ ਵੱਖ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।