ਮੁੱਖ ਮੰਤਰੀ ਦੇ ਦਬਕੇ ਮੰਤਰੀਆਂ ਨੂੰ ਤੇ ਮੰਤਰੀਆਂ ਦੇ ਦਬਕੇ ਪੱਤਰਕਾਰਾਂ ਨੂੰ

ਮੁੱਖ ਮੰਤਰੀ ਦੇ ਦਬਕੇ ਮੰਤਰੀਆਂ ਨੂੰ ਤੇ ਮੰਤਰੀਆਂ ਦੇ ਦਬਕੇ ਪੱਤਰਕਾਰਾਂ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕਤੰਤਰੀ ਅਵਾਜ਼ਾਂ ਨੂੰ ਦਬਾਉਣ ਦੀ ਰਾਜਨੀਤੀ ਖਿਲਾਫ ਲਗਾਤਾਰ ਬੋਲਣ ਵਾਲੀ ਕਾਂਗਰਸ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਦਾ ਰਵੱਈਆ ਵੀ ਲੋਕਤੰਤਰ ਦੀਆਂ ਭਾਵਨਾਵਾਂ ਦੇ ਕਤਲ ਵਾਲਾ ਹੀ ਹੈ। ਜਿੱਥੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿਚ ਅਫਸਰਸ਼ਾਹੀ ਅਤੇ ਮੰਤਰੀਆਂ ਦਰਮਿਆਨ ਚੱਲ ਰਹੇ ਟਕਰਾਅ ਬਾਰੇ ਇਕ ਮੰਤਰੀ ਨੂੰ ਦਬਕਾਉਣ ਦੀਆਂ ਖਬਰਾਂ ਨਸ਼ਰ ਹੋਈਆਂ ਸਨ, ਹੁਣ ਉਸੇ ਮੰਤਰੀ 'ਤੇ ਉਸ ਬਾਰੇ ਇਕ ਖਬਰ ਛਾਪਣ ਵਾਲੇ ਪੱਤਰਕਾਰ ਨੂੰ ਦਬਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦਬਕਾ ਅੱਗੇ ਪੁਲਸ ਤੋਂ ਵਜਵਾਇਆ ਗਿਆ ਹੈ। 

ਦਰਅਸਲ ਪੱਤਰਕਾਰ ਜੈ ਸਿੰਘ ਛਿੱਬੜ ਵੱਲੋਂ ਬੀਤੇ ਕੱਲ੍ਹ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਲਿਖੀ ਖਬਰ ਜਾਗਰਣ ਅਖਬਾਰ ਵਿਚ ਛਪੀ ਸੀ, ਜਿਸ ਦੇ ਸਬੰਧ ਵਿਚ ਚਮਕੌਰ ਸਾਹਿਬ ਪੁਲਸ ਨੇ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਮੰਨੇ ਜਾਂਦੇ ਇਕ ਸਰਪੰਚ ਦੇ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਹੈ। ਆਮ ਤੌਰ 'ਤੇ ਨਸ਼ੇ ਦੇ ਸਮਗਲਰਾਂ, ਚੋਰਾਂ, ਲੁਟੇਰਿਆਂ ਖਿਲਾਫ ਕਾਰਵਾਈ ਮੌਕੇ ਸੁੱਤੀ ਰਹਿਣ ਵਾਲੀ ਪੰਜਾਬ ਪੁਲਸ ਨੇ ਹੈਰਾਨੀ ਜਨਕ ਫੁਰਤੀ ਵਖਾਉਂਦਿਆਂ ਅਗਲੀ ਸਵੇਰ ਤੜਕਸਾਰ ਹੀ ਪੱਤਰਕਾਰ ਦੇ ਘਰ ਉਸਨੂੰ ਫੜ੍ਹਨ ਲਈ ਛਾਪਾ ਮਾਰ ਦਿੱਤਾ। ਘਰ ਨਾ ਹੋਣ ਕਰਕੇ ਪੱਤਰਕਾਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ। 

ਪੱਤਰਕਾਰ ਜੈ ਸਿੰਘ ਛਿੱਬੜ ਨੇ ਦੱਸਿਆ ਕਿ ਉਸਦੀ ਕੱਲ੍ਹ ਛਪੀ ਖਬਰ ਦੇ ਸਬੰਧ ਵਿਚ ਰਾਤ ਦਰਜ ਹੋਈ ਦੱਸੀ ਜਾਂਦੀ ਐਫ.ਆਈ.ਆਰ ਤੋਂ ਬਾਅਦ ਸਵੇਰੇ 08.30 ਵਜੇ ਹੀ ਚਮਕੌਰ ਸਾਹਿਬ ਪੁਲਸ ਦੇ 6 ਅਫਸਰ ਅਤੇ ਮੁਲਾਜ਼ਮ ਉਸਦੇ ਘਰ ਛਾਪੇਮਾਰੀ ਕਰਨ ਪੁੱਜ ਗਏ ਅਤੇ ਜਦ ਉਹਨਾਂ ਦੇ ਘਰ ਮੋਜੂਦ ਉਹਨਾਂ ਦੀ ਧੀ ਨੇ ਪੁਲਸ ਦੇ ਕਹਿਣ 'ਤੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਨੂੰ ਦਬਕਾਇਆ ਗਿਆ। ਇੰਨੇ ਵਿਚ ਗੁਆਂਢੀ ਇਕੱਠੇ ਹੋਣ ਲੱਗੇ ਤਾਂ ਪੁਲਸ ਪਾਰਟੀ ਨੇ ਉੱਥੋਂ ਹੀ ਕਾਗਜ਼ 'ਤੇ ਰੁੱਕਾ ਲਿਖ ਕੇ ਮੋਹਰ ਲਾਈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਉਹ 7 ਦਿਨਾਂ ਦੇ ਅੰਦਰ ਚਮਕੌਰ ਸਾਹਿਬ ਥਾਣੇ ਵਿਚ ਪੇਸ਼ ਹੋਵੇ। 

ਪਤਾ ਲੱਗਿਆ ਹੈ ਕਿ ਮੰਤਰੀ ਚੰਨੀ ਬਾਰੇ ਛਪੀ ਖਬਰ ਦੇ ਅਧਾਰ 'ਤੇ ਚਮਕੌਰ ਸਾਹਿਬ ਥਾਣੇ ਵਿਚ ਆਈਪੀਸੀ ਦੀ ਧਾਰਾ 188, 505 ਅਤੇ ਆਈ.ਟੀ ਕਾਨੂੰਨ ਦੀ ਧਾਰਾ 67-ਏ ਅਧੀਨ ਐਫਆਈਆਰ ਨੰ. 82 ਕੱਟੀ ਗਈ ਹੈ। 

ਅਖਬਾਰੀ ਰਿਪੋਰਟਾਂ ਮੁਤਾਬਕ ਮੰਤਰੀ ਚੰਨੀ ਨੇ ਇਸ ਮਾਮਲੇ ਨੂੰ ਜਸਟੀਫਾਈ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਬਾਰੇ ਛਾਪੀ ਗਈ ਖਬਰ ਬੇਅਧਾਰ ਹੈ। ਉਹਨਾਂ ਕਿਹਾ ਕਿ ਖਬਰ ਵਿਚ ਲਿਖਿਆ ਗਿਆ ਸੀ ਕਿ ਮੰਤਰੀ ਆਪਣੇ 'ਤੇ ਆਈ ਮੁਸੀਬਲ ਨੂੰ ਟਾਲਣ ਲਈ ਬੱਕਰੇ ਦਾਨ ਕਰੇਗਾ। ਉਹਨਾਂ ਕਿਹਾ ਕਿ ਜੇ ਬੱਕਰਾ ਦਾਨ ਕੀਤਾ ਹੁੰਦਾ ਤਾਂ ਖਬਰ ਬਣਦੀ ਸੀ, ਦਾਨ ਕਰਨ ਤੋਂ ਪਹਿਲਾਂ ਖਬਰ ਨਹੀਂ ਬਣਦੀ ਤੇ ਕਿਹਾ ਕਿ ਇਹ ਖਬਰ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।

ਮੰਤਰੀ ਦੀ ਇਸ ਕਾਰਵਾਈ ਦੇ ਸੰਬੰਧ ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੰਜਾਬ ਪੁਲਸ ਵੱਲੋਂ ਮੀਡੀਆ ਦੀ ਆਵਾਜ਼ ਬੰਦ ਕਰਨ ਲਈ ਸੀਨੀਅਰ ਪੱਤਰਕਾਰ ਛਿੱਬੜ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਸਖਤ ਨਿਖੇਧੀ ਕਰਦਿਆਂ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਦੋਸ਼ ਲਾਇਆ ਕਿ ਪੁਲਸ ਨੇ ਇਹ ਕੇਸ ਇਕ ਮੰਤਰੀ ਦੇ ਦਬਾਅ ਹੇਠ ਦਰਜ ਕੀਤਾ ਹੈ। 

ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸਕੱਤਰ ਜਨਰਲ ਪ੍ਰੀਤਮ ਸਿੰਘ ਰੂਪਾਲ, ਨਲਿਨ ਅਚਾਰੀਆ, ਸਕੱਤਰ ਬਲਵਿੰਦਰ ਸਿੰਘ ਸਿਪਰੇ, ਚੰਡੀਗੜ੍ਹ ਦੀ ਜਨਰਲ ਸਕੱਤਰ ਬਿੰਦੂ ਸਿੰਘ ਅਤੇ ਹੋਰ ਆਗੂਆਂ ਨੇ ਕੇਸ ਦਰਜ ਕਰਨ ਦੀ ਸਖਤ ਨਿੰਦਾ ਕਰਦਿਆਂ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। 

ਸੂਤਰਾਂ ਦੇ ਹਵਾਲੇ ਨਾਲ ਖਬਰ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦਾ ਇੱਕ ਵਫ਼ਦ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਤੇ ਚੰਨੀ ਨੇ ਭਰੋਸਾ ਦਿੱਤਾ ਕੇਸ ਵਾਪਸ ਲੈ ਲਿਆ ਜਾਵੇਗਾ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।