ਪੀਟੀਆਈ ਵਰਕਰਾਂ ਤੇ ਪੁਲੀਸ ਵਿਚਾਲੇ ਹਿੰਸਕ ਝੜਪਾਂ

ਪੀਟੀਆਈ ਵਰਕਰਾਂ ਤੇ ਪੁਲੀਸ ਵਿਚਾਲੇ ਹਿੰਸਕ ਝੜਪਾਂ

ਅੰਮ੍ਰਿਤਸਰ ਟਾਈਮਜ਼

ਇਸਲਾਮਾਬਾਦ: ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਵੱਲੋਂ ਤੋਸ਼ਾਖਾਨਾ ਕੇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪਾਂ ਕਾਰਨ ਦੇਸ਼ ਵਿੱਚ ਹਿੰਸਾ ਭੜਕ ਗਈ। ਏਆਰਵਾਈ ਨਿਊਜ਼ ਮੁਤਾਬਕ ਚੋਣ ਕਮਿਸ਼ਨ ਦੇ ਫ਼ੈਸਲੇ ਦੇ ਤੁਰੰਤ ਬਾਅਦ ਪੀਟੀਆਈ ਕਾਰਕੁਨਾਂ ਅਤੇ ਪੁਲੀਸ ਟੁਕੜੀਆਂ ਦੇ ਆਹਮੋ-ਸਾਹਮਣੇ ਹੋਣ ਕਾਰਨ ਹਿੰਸਾ ਭੜਕ ਗਈ। ਪ੍ਰਦਰਸ਼ਨ ਦੌਰਾਨ ਪੁਲੀਸ ਨੇ ਪੀਟੀਆਈ ਨੇਤਾ ਸਾਲੇਹ ਮੁਹੰਮਦ ਤੇ ਉਨ੍ਹਾਂ ਦੇ ਅੰਗ ਰੱਖਿਅਕ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਅੱਗਿਓਂ ਗ੍ਰਿਫ਼ਤਾਰ ਕਰ ਲਿਆ। ਰਿਪੋਰਟ ਮੁਤਾਬਕ ਪੁਲੀਸ ਨੇ ਈਸੀਪੀ ਦਫ਼ਤਰ ਅੱਗੇ ਸਥਿਤੀ ਕਾਬੂ ਹੇਠ ਕਰਨ ਲਈ ਚਲਾਈਆਂ ਪਰ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਇਲਾਵਾ ਪੀਟੀਆਈ ਵਰਕਰਾਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਰਸਤੇ ਅਤੇ ਸੜਕਾਂ ਰੋਕ ਕੇ ਪ੍ਰਦਰਸ਼ਨ ਕੀਤਾ।

ਸਥਾਨਕ ਮੀਡੀਆ ਮੁਤਾਬਕ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਇਸਲਾਮਾਬਾਦ, ਰਾਵਲਪਿੰਡੀ ਅਤੇ ਹੋਰ ਸ਼ਹਿਰਾਂ ਵਿੱਚ ਟਾਇਰ ਸਾੜ ਕੇ ਆਵਾਜਾਈ ਰੋਕੀ। ਪ੍ਰਦਰਸ਼ਨਕਾਰੀਆਂ ਨੇ ਪੀਟੀਆਈ ਚੇਅਰਮੈਨ ਇਮਰਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।