ਆਓ! ਤੇਲ ਦੀਆਂ ਘਟੀਆਂ ਕੀਮਤਾਂ ਦੀ ਬੁਝਾਰਤ ਬੁੱਝੀਏ

ਆਓ! ਤੇਲ ਦੀਆਂ ਘਟੀਆਂ ਕੀਮਤਾਂ ਦੀ ਬੁਝਾਰਤ ਬੁੱਝੀਏ

ਅੰਮ੍ਰਿਤਸਰ ਟਾਈਮਜ਼ ਬਿਊਰੋ
ਵਿਸ਼ਵ ਵਿਆਪੀ ਲਾਕਡਾਊਨ ਦੇ ਚਲਦਿਆਂ ਤੇਲ ਦੀ ਖਪਤ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਮੂੰਧੇ ਮੂੰਹ ਡਿਗ ਰਹੀਆਂ ਹਨ। ਅਮਰੀਕੀ ਖੇਤਰ ਵਿਚ ਤੇਲ ਕੀਮਤਾਂ ਨਿਰਧਾਰਤ ਕਰਨ ਵਾਲੇ ਅਦਾਰੇ ਵੈਸਟ ਟੈਕਸਸ ਇੰਟਰਮਿਡੀਏਟ (WTI) ਵੱਲੋਂ ਮਹੀ ਮਹੀਨੇ ਦੇ ਤੇਲ ਸੌਦਿਆਂ ਦੀ ਐਲਾਨੀ ਕੀਮਤ ਸਿਫਰ ਤੋਂ ਵੀ ਹੇਠ ਪ੍ਰਤੀ ਬੈਰਲ ਨੈਗੇਟਿਵ37.63 ਡਾਲਰ ਦਰਜ ਕੀਤੀ ਗਈ। ਪਰ ਇਹ ਖੇਡ ਇਉਂ ਸਿੱਧੀ ਨਹੀਂ ਜਿਵੇਂ ਨਜ਼ਰ ਆ ਰਹੀ ਹੈ। ਆਓ ਇਸ ਕੀਮਤਾਂ ਦੇ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਕਿਉਂ ਡਿਗੀ ਕੀਮਤ?
ਤੇਲ ਦੀਆਂ ਕੀਮਤਾਂ ਡਿਗਸ ਦਾ ਮੁੱਖ ਕਾਰਨ ਇਹ ਹੈ ਕਿ ਕੋਰੋਨਾਵਾਇਰਸ ਕਾਰਨ ਵਿਸ਼ਵ ਭਰ ਵਿਚ ਕੰਮ ਕਾਰ ਅਤੇ ਸਫਰ ਬੰਦ ਹੋਣ ਨਾਲ ਤੇਲ ਦੀ ਖਪਤ ਇਕ ਦਮ ਡਿਗ ਗਈ ਹੈ। ਤੇਲ ਦੀ ਖਪਤ ਡਿਗਣ ਨਾਲ ਦੂਜੇ ਪਾਸੇ ਤੇਲ ਭੰਡਾਰ ਵਾਲੀਆਂ ਥਾਵਾਂ ਵਿਚ ਤੇਲ ਨੂੰ ਸਾਂਭਣ ਦੀ ਥਾਂ ਨਹੀਂ ਰਹੀ। ਇਸ ਦੇ ਚਲਦਿਆਂ ਤੇਲ ਖਰੀਦਣ ਵਾਲੇ ਅਦਾਰਿਆਂ ਨੇ ਤੇਲ ਵੇਚਣ ਵਾਲੇ ਅਦਾਰਿਆਂ ਤੋਂ ਮਈ ਮਹੀਨੇ ਲਈ ਤੈਅ ਕੀਤੇ ਤੇਲ ਚੁੱਕਣ ਦੇ ਕੰਟਰੈਕਟ ਖਤਮ ਕਰ ਦਿੱਤੇ ਹਨ। ਭਾਵ ਕਿ ਉਹਨਾਂ ਤੇਲ ਖ੍ਰੀਦਣ ਤੋਂ ਨਾਹ ਕਰ ਦਿੱਤੀ ਹੈ। ਖਰੀਦਦਾਰ ਆਪਣੇ ਸੌਦੇ ਨੂੰ ਸੌਦਾ ਖਤਮ ਹੋਣ ਦੀ ਆਖਰੀ ਤਰੀਕ ਤਕ ਖਤਮ ਕਰ ਸਕਦਾ ਹੈ। ਇਸ ਵਾਰ ਲਾਕਡਾਊਨ ਕਰਕੇ ਤੇਲ ਦੀ ਖਪਤ ਘਟਣ ਕਾਰਨ ਖਰੀਦਦਾਰਾਂ ਨੇ ਸੌਦੇ ਰੱਦ ਕਰ ਦਿੱਤੇ ਜਿਸ ਕਰਕੇ ਮਈ ਮਹੀਨੇ ਦੇ ਇਹ ਰੇਟ ਇਕ ਦਮ ਹੇਠ ਡਿਗ ਗਏ ਹਨ। ਪਰ ਜੂਨ ਮਹੀਨੇ ਦੇ ਰੇਟ ਜੋ ਕਿ ਸੌਦਿਆਂ ਮੁਤਾਬਕ ਅਜੇ ਖੜ੍ਹੇ ਹਨ ਉਹਨਾਂ ਦੀ ਕੀਮਤ ਅਜੇ ਵੀ ਪ੍ਰਤੀ ਬੈਰਲ 20.43 ਡਾਲਰ ਹੈ। ਇਸ ਦਾ ਭਾਵ ਹੈ ਕਿ ਖਰੀਦਦਾਰਾਂ ਨੂੰ ਆਸ ਹੈ ਕਿ ਜੂਨ ਮਹੀਨੇ ਤਕ ਇਹ ਪਾਬੰਦੀਆਂ ਖੁੱਲ੍ਹ ਜਾਣਗੀਆਂ ਤੇ ਉਹ ਮੁੜ ਆਪਣੇ ਤੈਅ ਸੌਦਿਆਂ ਮੁਤਾਬਕ ਤੇਲ ਦੀ ਸਪਲਾਈ ਸ਼ੁਰੂ ਕਰ ਲੈਣਗੇ। 

(WIT) ਅਤੇ ਬ੍ਰੈਂਟ ਗ੍ਰੇਡ ਦੀ ਕੀਮਤ ਦਾ ਫਰਕ ਕਿਉਂ?
ਬ੍ਰੈਂਟ ਗ੍ਰੇਡ ਦੇ ਕੱਚੇ ਤੇਲ ਦੀ ਕੀਮਤ ਹਮੇਸ਼ਾ ਹੀ (WTI) ਨਾਲੋਂ ਵੱਧ ਰਹਿੰਦੀ ਹੈ ਤੇ ਮਈ ਦੇ ਸੌਦਿਆਂ ਲਈ ਵੀ ਬ੍ਰੈਂਟ ਗ੍ਰੇਡ ਦੇ ਤੇਲ ਦੀ ਕੀਮਤ ਪ੍ਰਤੀ ਬੈਰਲ 25.70 ਡਾਲਰ ਹੀ ਰਹੀ। ਬ੍ਰੈਂਟ ਗ੍ਰੇਡ ਤੇਲ ਬਰਤਾਨਵੀ ਤੱਟ ਦੇ ਉੱਤਰੀ ਸਮੁੰਦਰੀ ਵਿਚ ਨਿੱਕਲਦਾ ਹੈ ਤੇ ਇਸ ਦੀ ਮੰਡੀ ਅਮਰੀਕੀ ਤੇਲ ਦੀ ਮੰਡੀ ਨਾਲੋਂ ਬਹੁਤ ਵੱਡੀ ਹੈ। ਅਮਰੀਕਾ ਤੋਂ ਏਸ਼ੀਆ ਨੂੰ ਤੇਲ ਸਪਲਾਈ ਕਰਨਾ ਮਹਿੰਗਾ ਵੀ ਪੈਂਦਾ ਹੈ ਇਸ ਲਈ ਏਸ਼ੀਆ ਨੂੰ ਇਸ ਦੀ ਸਪਲਾਈ ਲੌਟ ਬੈਠਦੀ ਹੈ ਜਿਸ ਕਾਰਨ ਇਸ ਦੀ ਸਪਲਾਈ ਅਮਰੀਕੀ ਤੇਲ ਮੁਕਾਬਲੇ ਵੱਧ ਰਹਿੰਦੀ ਹੈ। ਯੂਰਪ ਦੀਆਂ ਰਿਫਾਇਨਰੀਆਂ ਵੀ ਬਰੈਂਟ ਦੇ ਅਨੁਸਾਰੀ ਚਲਦੀਆਂ ਹਨ। 

ਜ਼ਮਾਖੋਰਾਂ ਦੀ ਚਾਂਦੀ
ਅਜਿਹੇ ਸਮੇਂ ਜਦੋਂ ਤੇਲ ਦੀ ਮੰਗ ਕੁਝ ਸਮੇਂ ਲਈ ਘਟਦੀ ਹੈ ਅਤੇ ਉਸਦਾ ਮੁੜ ਵਧਣਾ ਤੈਅ ਹੈ ਤਾਂ ਵਪਾਰ ਨਾਲ ਜੁੜੇ ਲੋਕ ਕੀਮਤਾਂ ਸੁੱਟ ਕੇ ਤੇਲ ਨੂੰ ਘੱਟ ਰੇਟ 'ਤੇ ਜਮ੍ਹਾ ਕਰ ਲੈਂਦੇ ਹਨ। ਇਹ ਹੁਣ ਵੀ ਹੋ ਰਿਹਾ ਹੈ। ਸਮੁੰਦਰਾਂ 'ਤੇ ਤੈਰਨ ਵਾਲੇ ਵੱਡੇ ਭਾਰੀ ਤੇਲ ਟੈਂਕਰਾਂ ਦੇ ਕਿਰਾਏ ਵਿਚ ਮਣਾ ਮੂੰਹੀ ਵਾਧਾ ਹੋਇਆ ਹੈ। ਇਹ ਇਸ ਲਈ ਕਿਉਂਕਿ ਇਹਨਾਂ ਤੇਲ ਟੈਂਕਰਾਂ ਦੀ ਮੰਗ ਵਧ ਗਈ ਹੈ। ਅਜਿਹੀ ਜ਼ਮਾਖੋਰੀ ਇਰਾਕ ਜੰਗ ਤੋਂ ਪਹਿਲਾਂ ਵੀ ਅਮਰੀਕਾ ਵਿਚ ਦੇਖਣ ਨੂੰ ਮਿਲੀ ਸੀ, ਜਦੋਂ ਜੰਗ ਤੋਂ ਪਹਿਲਾਂ ਘੱਟ ਰੇਟਾਂ 'ਤੇ ਜਮ੍ਹਾ ਕੀਤਾ ਤੇਲ ਜੰਗ ਲੱਗਣ ਮਗਰੋਂ ਵੱਧ ਰੇਟਾਂ 'ਤੇ ਵੇਚਿਆ ਗਿਆ ਸੀ। ਇਹ ਜ਼ਮਾਖੋਰੀ ਕੋਈ ਛੋਟੇ ਵਪਾਰੀਆਂ ਵੱਲੋਂ ਨਹੀਂ, ਬਲਕਿ ਵੱਡੀਆਂ ਕੰਪਨੀਆਂ ਦੇ ਅਰਬਾਂਪਤੀ ਮਾਲਕਾਂ ਵੱਲੋਂ ਕੀਤੀ ਜਾਵੇਗੀ। ਇਸ ਕੰਮ ਵਿਚ ਸਰਕਾਰਾਂ ਵੀ ਆਪਣੀ ਬਣਦੀ ਹਿੱਸੇਦਾਰੀ ਨਿਭਾਉਂਦੀਆਂ ਹਨ। 


ਸਮੁੰਦਰ ਵਿਚ ਤੈਰਦਾ ਤੇਲ ਜਮ੍ਹਾ ਕਰਨ ਵਾਲਾ ਜਹਾਜ਼ 

ਭਾਰਤ ਲਈ ਚੰਗੀ ਖਬਰ
ਭਾਰਤ ਦੀ ਵੱਡੀ ਰਕਮ ਵਿਦੇਸ਼ ਤੋਂ ਤੇਲ ਖਰੀਦਣ 'ਤੇ ਲਗਦੀ ਹੈ। ਤੇਲ ਦੀਆਂ ਕੀਮਤਾਂ ਘਟਣ ਨਾਲ ਭਾਰਤ ਨੂੰ ਫਾਇਦਾ ਹੀ ਫਾਇਦਾ ਹੈ। ਭਾਰਤ ਸਰਕਾਰ ਨੂੰ ਹੋਣ ਵਾਲਾ ਇਹ ਫਾਇਦਾ ਲੋਕਾਂ ਤਕ ਪਹੁੰਚੇਗਾ ਜਾਂ ਨਹੀਂ, ਇਸ ਦਾ ਕੁੱਝ ਨਹੀਂ ਪਤਾ। ਪਰ ਭਾਰਤ ਸਰਕਾਰ ਤੇਲ ਦੀਆਂ ਘਟੀਆਂ ਕੀਮਤਾਂ 'ਤੇ ਟੈਕਸ ਵਧਾ ਕੇ ਆਪਣਾ ਖਜ਼ਾਨਾ ਜ਼ਰੂਰ ਹਰਾ ਕਰ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਨੂੰ ਵਿਦੇਸ਼ੀ ਲੈਣ ਦੇਣ ਵਿਚ ਪੈ ਰਿਹਾ ਘਾਟਾ ਵੀ ਕੁੱਝ ਘੱਟ ਹੋ ਸਕਦਾ ਹੈ। ਪਰ ਇਹ ਦੋ ਧਾਰੀ ਤਲਵਾਰ ਵਾਂਗ ਹੈ, ਕਿਉਂਕਿ ਭਾਰਤ ਦੀ ਬਹੁਤੀ ਆਰਥਿਕਤਾ ਵਿਦੇਸ਼ੀ ਨਿਵੇਸ਼ 'ਤੇ ਖੜ੍ਹੀ ਹੈ ਅਤੇ ਤੇਲ ਦੀਆਂ ਘਟੀਆਂ ਕੀਮਤਾਂ ਇੱਧਰੋਂ ਕੁੱਝ ਸੱਟ ਮਾਰ ਸਕਦੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।