ਕਮੇਟੀ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਫ਼ੈਸਲਾ-ਸਿਰਸਾ
ਮਾਮਲਾ ਦਿੱਲੀ 'ਚ ਚੋਣਵੇਂ ਗੁਰਦੁਆਰਿਆਂ 'ਚ ਸ਼ਰਧਾਲੂਆਂ ਦੀ ਪਾਬੰਦੀ ਦਾ
ਸਰਨਾ ਦਾ ਦਾਅਵਾ ਕਿ ਦਿੱਲੀ ਗੁਰਦੁਆਰਿਆਂ ਵਾਲੀ ਉਸ ਨੇ ਕੇਜਰੀਵਾਲ ਨੂੰ ਲਿਖੀ ਸੀ ਚਿੱਠੀ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ-ਐਸ. ਡੀ. ਐਮ. ਵਸੰਤ ਵਿਹਾਰ ਵਲੋਂ ਕੋਰੋਨਾ ਦਿਸ਼ਾ ਨਿਰਦੇਸ਼ਾਂ ਤਹਿਤ ਦੱਖਣੀ ਦਿੱਲੀ 'ਚ ਚੋਣਵੇਂ ਸਥਾਨਕ ਗੁਰਦੁਆਰਿਆਂ 'ਚ ਸ਼ਰਧਾਲੂਆਂ ਦੀ ਰੋਕ ਸਬੰਧੀ ਜਾਰੀ ਵਿਵਾਦਿਤ ਫ਼ੈਸਲੇ ਨੂੰ ਸਿੱਖ ਧਿਰਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ । ਹਾਲਾਂਕਿ ਉਕਤ ਵਿਵਾਦਿਤ ਫ਼ੈਸਲਾ ਰੱਦ ਹੋਣ ਉਪਰੰਤ ਦਿੱਲੀ ਦੀਆਂ ਤਕਰੀਬਨ ਸਾਰੀਆਂ ਮੁੱਖ ਧਿਰਾਂ ਵਲੋਂ ਆਪਣੀ-ਆਪਣੀ ਪਿੱਠ ਥਾਪੀ ਜਾ ਰਹੀ ਹੈ । ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬੀਤੇ ਕੱਲ੍ਹ ਐਸ.ਡੀ.ਐਮ. ਅੰਕੁਰ ਪ੍ਰਕਾਸ਼ ਮੇਸ਼ਰਾਮ ਨੇ ਡੀ.ਡੀ.ਐਮ.ਏ., ਐਕਟ ਤੇ ਸਰਕੂਲਰ ਦਾ ਹਵਾਲਾ ਦੇ ਕੇ ਦੱਖਣੀ ਦਿੱਲੀ ਦੇ ਕੁਝ ਸਥਾਨਕ ਗੁਰਦੁਆਰਿਆਂ 'ਚ ਸ਼ਰਧਾਲੂਆਂ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਸੀ ਪਰ ਕਮੇਟੀ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਆਦੇਸ਼ ਵਾਪਸ ਲੈਣਾ ਪਿਆ ।ਇਸੇ ਤਰ੍ਹਾਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਵਿਵਾਦਿਤ ਆਦੇਸ਼ ਰੱਦ ਕੀਤੇ ਜਾਣ 'ਤੇ ਸੰਤੁਸ਼ਟੀ ਜਤਾਈ ਅਤੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਹੀ ਆਪਣੀ ਟੀਮ ਨੂੰ ਐਮ.ਡੀ.ਐਮ. ਨੂੰ ਮਿਲਣ ਭੇਜਿਆ ਸੀ ਅਤੇ ਆਦੇਸ਼ ਵਾਪਸ ਨਾ ਲੈਣ ਦੀ ਸੂਰਤ 'ਚ ਅਦਾਲਤ ਜਾਣ ਦੀ ਚਿਤਾਵਨੀ ਵੀ ਦਿੱਤੀ ਸੀ । ਇਸੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵਲੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਵਿਵਾਦਿਤ ਆਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ । ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਦੱਖਣੀ ਦਿੱਲੀ ਦੇ ਚੋਣਵੇਂ ਗੁਰਦੁਆਰਿਆਂ 'ਚ ਦਾਖਲੇ 'ਤੇ ਲਾਈ ਰੋਕ ਦੇ ਫ਼ੈਸਲੇ ਖ਼ਿਲਾਫ਼ ਵਿਰੋਧ ਜਤਾਇਆ ਸੀ । ਸਰਨਾ ਨੇ ਅਪੀਲ ਕੀਤੀ ਸੀ ਕਿ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਉਪਰੋਕਤ ਹੁਕਮਾਂ 'ਤੇ ਤੁਰੰਤ ਰੋਕ ਲਗਾਈ ਜਾਵੇ | ਸਰਨਾ ਨੇ ਕਿਹਾ ਕਿ ਅਜਿਹੇ ਆਦੇਸ਼ਾਂ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ।
Comments (0)