ਪੁਲਿਸ ਮੁੱਖੀ ਨੇ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਦਿੱਤੀ ਗਵਾਹੀ

ਪੁਲਿਸ ਮੁੱਖੀ ਨੇ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਦਿੱਤੀ ਗਵਾਹੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਮਿਨੀਪੋਲਿਸ ਦੇ ਪੁਲਿਸ ਮੁੱਖੀ ਮੇਡਾਰੀਆ ਅਰਾਡੋਨਡੋ ਨੇ ਪਿਛਲੇ ਸਾਲ ਮਈ ਵਿਚ ਜਾਰਜ ਫਲਾਇਡ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਅਧਿਕਾਰੀ ਡੈਰਕ ਸ਼ੌਵਿਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਵਿਭਾਗ ਦੀ ਨੀਤੀ ਦੇ ਵਿਰੁੱਧ ਕਰਾਰ ਦਿੱਤਾ ਹੈ। ਸ਼ੌਵਿਨ ਵਿਰੁੱਧ ਫਲਾਇਡ ਦੀ ਹੱਤਿਆ ਕਰਨ ਦੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਆਪਣੀ ਗਵਾਹੀ ਦਿੰਦਿਆਂ ਅਰਾਡੋਨਡੋ ਨੇ ਕਿਹਾ ਕਿ ਜਦੋਂ ਫਲਾਇਡ ਨੇ ਵਿਰੋਧ ਕਰਨਾ ਬੰਦ ਕਰ ਦਿੱਤਾ ਸੀ ਤੇ ਯਕੀਨਨ ਉਹ ਦਬਾਅ ਵਿਚ ਸੀ ਤੇ ਛੱਡਣ ਲਈ ਬੇਨਤੀ ਕਰ ਰਿਹਾ ਸੀ ਤਾਂ ਉਸ ਉਪਰ ਤਾਕਤ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਸੀ। ਉਨਾਂ ਕਿਹਾ ਕਿ ਇਕ ਵਿਅਕਤੀ ਜਿਸ ਦੇ ਹੱਥ ਪਿਛੇ ਬੰਨੇ ਹੋਏ ਸਨ ਤੇ ਉਹ ਉਲਟਾ ਜਮੀਨ ਉਪਰ ਲੇਟਿਆ ਹੋਇਆ ਸੀ ਤੇ ਉਸ ਨੇ ਵਿਰੋਧ ਕਰਨਾ ਬੰਦ ਕਰ ਦਿੱਤਾ ਸੀ ਤਾਂ ਅਜਿਹੇ ਵਿਚ ਤਾਕਤ ਦੀ ਵਰਤੋਂ ਸਮਝ ਤੋਂ ਬਾਹਰ ਦੀ ਗੱਲ ਹੈ।

ਇਹ ਸਾਡੀ ਸਿਖਲਾਈ ਦਾ ਹਿੱਸਾ ਨਹੀਂ ਹੈ ਤੇ ਨਾ ਹੀ ਸਾਡੀਆਂ ਕਦਰਾਂ ਕੀਮਤਾਂ ਇਸ ਦੀ ਇਜਾਜ਼ਤ ਦਿੰਦੀਆਂ ਹਨ। ਅਰਾਡੋਨਡੋ ਨੇ ਹੋਰ ਕਿਹਾ ਸ਼ੌਵਿਨ ਵੱਲੋਂ 9 ਮਿੰਟ 29 ਸੈਕੰਡ ਫਲਾਇਡ ਦੀ ਧੌਨ  ਉਪਰ ਗੋਡਾ ਰਖਕੇ ਦਬਾਈ ਰਖਣ ਸਿੱਧੇ ਤੌਰ 'ਤੇ ਪੁਲਿਸ ਵਿਭਾਗ ਦੀ ਨੀਤੀ ਦੀ ਉਲੰਘਣਾ ਹੈ ਜਦ ਕਿ ਉਸ ਸਮੇਂ ਫਲਾਇਡ ਨੂੰ ਸਹਾਇਤਾ ਦੀ ਲੋੜ ਸੀ।