ਭਾਰਤ ਵਿਚ ਮੰਕੀਪਾਕਸ ਨਾਲ ਪਹਿਲੀ ਮੌਤ, ਯੂਏਈ ਤੋਂ ਕੇਰਲ ਪਰਤਿਆ ਸੀ ਨੌਜਵਾਨ

ਭਾਰਤ ਵਿਚ ਮੰਕੀਪਾਕਸ ਨਾਲ ਪਹਿਲੀ ਮੌਤ, ਯੂਏਈ ਤੋਂ ਕੇਰਲ ਪਰਤਿਆ ਸੀ ਨੌਜਵਾਨ

ਅੰਮ੍ਰਿਤਸਰ ਟਾਈਮਜ਼

ਕੋਚੀ  : ਭਾਰਤ ਵਿਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੇਰਲ ਪਰਤੇ ਨੌਜਵਾਨ ਦੀ ਮੌਤ ਹੋਈ ਹੈ। ਕੇਂਦਰ ਸਰਕਾਰ ਨੇ ਮੰਕੀਪਾਕਸ ਦੇ ਮਾਮਲਿਆਂ ’ਤੇ ਨਿਗਰਾਨੀ ਰੱਖਣ ਤੇ ਉਸ ਦੀ ਰੋਕਥਾਮ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ।

ਮੰਕੀਪਾਕਸ ਨਾਲ ਮੌਤ ਦਾ ਇਹ ਏਸ਼ੀਆ ਦਾ ਪਹਿਲਾ ਮਾਮਲਾ ਹੈ। ਇਸ ਨੂੰ ਮਿਲਾ ਕੇ ਦੁਨੀਆ ਵਿਚ ਹੁਣ ਤੱਕ ਇਸ ਬਿਮਾਰੀ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।ਸਪੇਨ ਵਿਚ ਦੋ ਤੇ ਬ੍ਰਾਜ਼ੀਲ ’ਵਿਚ ਇਕ ਮੌਤ ਸ਼ਾਮਿਲ ਹੈ। ਹੁਣ ਤੱਕ 78 ਦੇਸ਼ਾਂ ਵਿਚ ਇਸ ਦੇ 18,000 ਤੋਂ ਵੱਧ ਮਾਮਲੇ ਮਿਲ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਇਸ ਬਾਰੇ 23 ਜੁਲਾਈ ਨੂੰ ਆਲਮੀ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ।ਕੇਰਲ ਦੇ ਮਾਲੀਆ ਮੰਤਰੀ ਕੇ. ਰਾਜਨ ਨੇ  ਕਿਹਾ ਕਿ 22 ਸਾਲਾ ਨੌਜਵਾਨ 21 ਜੁਲਾਈ ਨੂੰ ਯੂਏਈ ਤੋਂ ਕੇਰਲ ਪਰਤਿਆ ਸੀ। ਥਕਾਨ ਤੇ ਬੁਖ਼ਾਰ ਆਉਣ ’ਤੇ ਉਹ ਤ੍ਰਿਸੂਰ ਦੇ ਇਕ ਹਸਪਤਾਲ ’ਚ ਗਿਆ ਸੀ, ਜਿੱਥੇ 27 ਜੁਲਾਈ ਨੂੰ ਉਸ ਨੂੰ ਭਰਤੀ ਕਰ ਲਿਆ ਗਿਆ ਸੀ। 30 ਜੁਲਾਈ ਨੂੰ ਉਸਦੀ ਮੌਤ ਹੋ ਗਈ। 

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ  ਦੱਸਿਆ ਕਿ ਨੌਜਵਾਨ ਦੇ ਪਰਿਵਾਰ ਨੇ ਇਕ ਦਿਨ ਪਹਿਲਾਂ ਹੀ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਭਾਰਤ ਪਰਤਣ ਤੋਂ ਪਹਿਲਾਂ ਯੂਏਈ ’ਵਿਚ ਹੀ ਉਸ ਨੂੰ ਇਨਫੈਕਟਿਡ ਪਾਇਆ ਗਿਆ ਸੀ। 

ਸਮਲਿੰਗੀਆਂ ’ਚ ਹੀ ਨਹੀਂ, ਕਿਸੇ ਵੀ ਫੈਲ ਸਕਦਾ ਹੈ ਮੰਕੀਪਾਕਸ

ਡਬਲਯੂਐੱਚਓ ਨੇ ਇਕ ਅਫ਼ਵਾਹ ਖਾਰਜ ਕੀਤੀ ਹੈ ਕਿ ਮੰਕੀਪਾਕਸ ਸਮਲਿੰਗੀ ਭਾਈਚਾਰੇ ਜਾਂ ਮਰਦਾਂ ਵਿਚਾਰ ਜਿਨਸੀ ਸਬੰਧਾਂ ਨਾਲ ਫੈਲਦਾ ਹੈ। ਸੰਗਠਨ ਦਾ ਕਹਿਣਾ ਹੈ ਕਿ ਇਨਫੈਕਟਿਡ ਦੇ ਸਿੱਧੇ ਸੰਪਰਕ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਕ ਇਨਫੈਕਸ਼ਨ ਆਪਣੀ ਚਪੇਟ ’ਵਿਚ ਲੈ ਸਕਦਾ ਹੈ। ਮੰਕੀਪਾਕਸ ਦਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ’ਵਿਚ ਆਉਂਦਾ ਹੈ। ਇਸ ਦੇ ਲੱਛਣ ਸਮਾਲਪਾਕਸ (ਛੋਟੀ ਚੇਚਕ) ਵਰਗੇ ਹੁੰਦੇ ਹਨ, ਜਿਵੇਂ ਸਰੀਰ ’ਤੇ ਲਾਲ ਦਾਣੇ ਨਿਕਲਣੇ। ਹਾਲਾਂਕਿ ਇਹ ਸਮਾਲਪਾਕਸ ਵਾਂਗ ਜ਼ਿਆਦਾ ਖ਼ਤਰਨਾਕ ਨਹੀਂ ਹੈ। ਹੁਣ ਤੱਕ ਇਸ ਦੇ ਮਾਰੂ ਪ੍ਰਭਾਵ ਨਹੀਂ ਦਿਖਾਈ ਦਿੱਤੇ, ਪਰ ਸੰਗਠਨ ਨੇ ਇਸ ਤੋਂ ਵੱਧ ਮੌਤਾਂ ਦੇ ਖ਼ਦਸ਼ੇ ਨੂੰ ਵੀ ਖਾਰਜ ਨਹੀਂ ਕੀਤਾ।