ਭਾਰਤ ਦੀ ਸਿਆਸਤ ਵਿਚ ਆਖਿਰ ਮੋਦੀ ਕਿਉਂ ਛਾਏ?

ਭਾਰਤ ਦੀ ਸਿਆਸਤ ਵਿਚ ਆਖਿਰ ਮੋਦੀ ਕਿਉਂ ਛਾਏ?

*ਹੁਣ ਪ੍ਰਧਾਨ ਮੰਤਰੀ  ਮੋਦੀ ਦੀਆਂ ਨਜ਼ਰਾਂ 2029 'ਤੇ

*ਕਾਂਗਰਸ ਦਾ ਪਰਿਵਾਰਵਾਦ ਤੇ ਰਾਜਨੀਤਕ ਜੇਤੂ ਹੋਣ ਦਾ ਹੰਕਾਰ ਲੈ ਬੈਠਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹ ਆਮ ਧਾਰਨਾ ਹੈ ਕਿ ਉਹ ਹਮੇਸ਼ਾ ਚੋਣਾਵੀ ਮੋਡ ਵਿਚ ਰਹਿੰਦੇ ਹਨ ਅਤੇ ਇਕ ਚੋਣ ਜਿੱਤਦਿਆਂ ਹੀ ਆਪਣੀ ਟੀਮ ਦੇ ਨਾਲ ਦੂਜੀ ਚੋਣ ਦੀ ਤਿਆਰੀ ਵਿਚ ਜੁਟ ਜਾਂਦੇ ਹਨ। ਹੁਣ ਇਹੀ ਗੱਲ ਭਾਜਪਾ ਦੇ ਸਹਿਯੋਗੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਰਸਮੀ ਤੌਰ 'ਤੇ ਕਹਿ ਦਿੱਤੀ ਹੈ। ਉਨ੍ਹਾਂ ਨੇ ਇਕ ਮੀਡੀਆ ਸਮੂਹ ਦੇ ਪ੍ਰੋਗਰਾਮ ਵਿਚ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਸਮਾਪਤ ਹੋਣ ਅਤੇ ਨਵੀਂ ਸਰਕਾਰ ਬਣਨ ਦੇ ਨਾਲ ਹੀ ਮੋਦੀ ਅਗਲੀਆਂ ਚੋਣਾਂ ਭਾਵ 2029 ਦੀਆਂ ਚੋਣਾਂ ਲਈ ਤਿਆਰੀ ਵਿਚ ਜੁਟ ਗਏ ਹਨ। ਨਾਇਡੂ ਦੇ ਮੁਤਾਬਿਕ ਮੋਦੀ ਨੇ ਅਗਲੀਆਂ ਚੋਣਾਂ ਜਿੱਤਣ ਦੀ ਯੋਜਨਾ ਬਣਾ ਲਈ ਹੈ। ਨਾਇਡੂ ਦੀ ਮੰਨੀਏ ਤਾਂ ਭਾਜਪਾ ਅਤੇ ਮੋਦੀ ਦੀ ਰਾਜਨੀਤੀ ਦੇ ਮੁਕਾਬਲੇ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਰਾਜਨੀਤੀ ਵਿਚ ਫ਼ਰਕ ਸਾਫ਼ ਦਿਖਾਈ ਦੇਵੇਗਾ। 

ਕਾਂਗਰਸ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵੀ ਠੀਕ ਢੰਗ ਨਾਲ ਨਹੀਂ ਕਰ ਸਕੀ ਅਤੇ ਨਾ ਹੀ ਇਨ੍ਹਾਂ ਚੋਣਾਂ ਵਿਚ ਉਸ ਨੇ ਪ੍ਰਚਾਰ ਠੀਕ ਢੰਗ ਨਾਲ ਕੀਤਾ।

ਹਿਮਾਚਲ, ਕਰਨਾਟਕ, ਤਿਲੰਗਾਨਾ ਅਸੰਬਲੀ ਚੋਣਾਂ ਜਿੱਤ ਲੈਣ ਅਤੇ ਲੋਕ ਸਭਾ ਚੋਣਾਂ ਵਿੱਚ ਕੁਝ ਸੀਟਾਂ ਵਧਾ ਲੈਣ ਤੋਂ ਬਾਅਦ ਇਸ ਨੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਯੋਗਦਾਨ ਨੂੰ ਭੁਲਾ ਕੇ ਇਕੱਲਿਆਂ ਹੀ ਭਾਜਪਾ ਨੂੰ ਢਾਹ ਲੈਣ ਦਾ ਵਹਿਮ ਪਾਲ ਲਿਆ।ਝਾਰਖੰਡ ਵਿਚ ਅਸੰਬਲੀ ਚੋਣਾਂ ਵਿੱਚ ਗੱਠਜੋੜ ਇਸ ਕਰਕੇ ਮੁੜ ਸੱਤਾ ਵਿਚ ਆ ਗਿਆ, ਕਿਉਕਿ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚੇ ਨੇ ਇੰਡੀਆ ਗੱਠਜੋੜ ਦਾ ਧਰਮ ਨਿਭਾਉਦਿਆਂ ਕਾਂਗਰਸ, ਰਾਸ਼ਟਰੀ ਜਨਤਾ ਦਲ ਤੇ ਸੀ ਪੀ ਆਈ (ਐੱਮ ਐੱਲ) ਨੂੰ ਲੋੜੀਂਦੀਆਂ ਸੀਟਾਂ ਛੱਡ ਕੇ ਇਕਜੁੱਟਤਾ ਨਾਲ ਚੋਣ ਲੜੀ। ਮਹਾਰਾਸ਼ਟਰ ਵਿਚ ਕਾਂਗਰਸ ਨੇ ਖੱਬੀਆਂ ਪਾਰਟੀਆਂ ਦੀ ਪਰਵਾਹ ਨਹੀਂ ਕੀਤੀ। ਹੋਰਨਾਂ ਰਾਜਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਖੱਬੀਆਂ, ਸੈਕੂਲਰ ਤੇ ਆਦਿਵਾਸੀ ਪਾਰਟੀਆਂ ਨਾਲ ਤਾਲਮੇਲ ਬਿਠਾਉਣ ਦੀ ਜ਼ਹਿਮਤ ਨਹੀਂ ਉਠਾਈ। 

ਪੰਜਾਬ ਵਿੱਚ ਪਰਿਵਾਰਵਾਦ ਤੇ ਆਪਸੀ ਫੁਟ ਲੈ ਬੈਠੀ। ਨਤੀਜੇ ਵਜੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਗਿੱਦੜਬਾਹਾ ਅਸੰਬਲੀ ਹਲਕੇ ਦੀ ਜ਼ਿਮਨੀ ਚੋਣ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਹਾਰ ਗਈਆਂ। ਬਰਨਾਲਾ ਵਿਚ ਕਾਂਗਰਸ ਦਾ ਉਮੀਦਵਾਰ ਕੁਲਦੀਪ ਸਿੰਘ ਉਰਫ ਕਾਲਾ ਢਿੱਲੋਂ 2157 ਵੋਟਾਂ ਨਾਲ ਹੀ ਜਿੱਤ ਸਕਿਆ। 

ਲਗਪਗ ਢਾਈ ਦਰਜਨ ਆਪੋਜ਼ੀਸ਼ਨ ਪਾਰਟੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਵਜੋਂ ਬੇਂਗਲੁਰੂ ਦੀ ਮੀਟਿੰਗ ’ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ-ਇੰਡੀਆ (ਭਾਰਤੀ ਰਾਸ਼ਟਰੀ ਵਿਕਾਸਸ਼ੀਲ ਸਮਾਵੇਸ਼ੀ ਗੱਠਬੰਧਨ) ਦਾ ਗਠਨ ਕੀਤਾ ਸੀ। ਉਦੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਗੱਠਬੰਧਨ ਦੀ ਵਿਚਾਰਧਾਰਾ ਵਿਕਾਸਵਾਦ, ਸਮਾਵੇਸ਼ਿਤਾ ਤੇ ਸਮਾਜੀ ਨਿਆਂ ਦੇ ਸਿਧਾਂਤਾਂ ਦੁਆਲੇ ਘੁੰਮਦੀ ਹੈ। ਆਪਣੇ ਜਤਨਾਂ ਨੂੰ ਮਿਲਾ ਕੇ ਮੈਂਬਰ ਪਾਰਟੀਆਂ ਦਾ ਉਦੇਸ਼ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ, ਭਲਾਈ ਤੇ ਪ੍ਰਗਤੀ ਨੂੰ ਬੜ੍ਹਾਵਾ ਦੇਣਾ ਤੇ ਉਸ ਵਿਚਾਰਧਾਰਾ ਦਾ ਮੁਕਾਬਲਾ ਕਰਨਾ ਹੈ, ਜਿਹੜੀ ਭਾਰਤ ਦੇ ਵਿਚਾਰ ਨੂੰ ਖਤਰੇ ਵਿੱਚ ਪਾਉਦੀ ਹੈ। ਲੋਕ ਸਭਾ ਚੋਣਾਂ ਵਿੱਚ ਇਸ ਗੱਠਬੰਧਨ ਨੇ ਭਾਜਪਾ ਨੂੰ ਸਪੱਸ਼ਟ ਬਹੁਮਤ ਹਾਸਲ ਕਰਨ ਤੋਂ ਰੋਕ ਦਿੱਤਾ। ਕਾਂਗਰਸ ਦੀਆਂ ਸੀਟਾਂ ਵਧ ਕੇ 99 ਤੱਕ ਪੁੱਜ ਗਈਆਂ। ਹਾਲਾਂਕਿ ਗੱਠਬੰਧਨ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਨਹੀਂ ਸਕਿਆ ਪਰ ਕਾਂਗਰਸ ਨੇ ਅਗਲੀਆਂ ਚੋਣਾਂ ਵਿੱਚ ਗੱਠਬੰਧਨ ਦੀਆਂ ਪਾਰਟੀਆਂ ਨਾਲ ਸਮਾਵੇਸ਼ੀ ਵਾਲਾ ਸਿਧਾਂਤ ਨਿਭਾਉਣ ਦੀ ਥਾਂ ਇਕੱਲੇ ਭਾਜਪਾ ਨੂੰ ਢਾਹ ਲੈਣ ਦਾ ਵਹਿਮ ਪਾਲ ਲਿਆ। ਹਰਿਆਣਾ ਅਸੰਬਲੀ ਚੋਣਾਂ ਦੀ ਹਾਰ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ‘ਇੰਡੀਆ ਧਰਮ’ ਨਿਭਾਏਗੀ ਪਰ ਉਹ ਵਹਿਮ ਵਿੱਚੋਂ ਨਿਕਲ ਨਹੀਂ ਸਕੀ। ਜੋ ਉਸ ਨੇ ਮਹਾਰਾਸ਼ਟਰ ਵਿੱਚ ਦੁਰਗਤ ਕਰਾਈ ਹੈ, ਉਹ ਸਭ ਦੇ ਸਾਹਮਣੇ ਹੈ।

 ਜਦੋਂ ਕਿ ਮੋਦੀ ਨੇ 2029 ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਮੋਦੀ ਦੀ ਸੱਤਾ ਦੀ ਭੁੱਖ ਤਾਂ ਜ਼ਾਹਿਰ ਹੁੰਦੀ ਹੀ ਹੈ, ਇਹ ਵੀ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਚੋਣ ਲੜਨ ਦੀ ਮਸ਼ੀਨਰੀ ਬਣਾ ਦਿੱਤਾ ਹੈ। ਸਰਕਾਰ ਦੇ ਫ਼ੈਸਲੇ ਵੀ ਚੋਣਾਂ ਦੇ ਹਿਸਾਬ ਨਾਲ ਹੁੰਦੇ ਹਨ। ਇਸ ਲਿਹਾਜ਼ ਨਾਲ ਕਹਿ ਸਕਦੇ ਹਾਂ ਕਿ ਭਾਜਪਾ ਉਸ ਵਿਦਿਆਰਥੀ ਦੀ ਤਰ੍ਹਾਂ ਹੈ, ਜੋ ਇਕ ਪ੍ਰੀਖਿਆ ਖ਼ਤਮ ਹੁੰਦਿਆਂ ਹੀ ਅਗਲੀ ਪ੍ਰੀਖਿਆ ਦੀਆਂ ਤਿਆਰੀਆਂ ਵਿਚ ਜੁਟ ਜਾਂਦਾ ਹੈ ਅਤੇ ਕਾਂਗਰਸ ਉਸ ਵਿਦਿਆਰਥੀ ਵਾਂਗ ਹੈ, ਜਿਸ ਦੀ ਪੜ੍ਹਾਈ ਪ੍ਰੀਖਿਆ ਦਾ ਟਾਈਮ ਟੇਬਲ ਆਉਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਚੋਣਾਂ ਲੜਨ ਵਾਲੀ ਭਾਜਪਾ ਨੂੰ ਹਰਾਉਣਾ ਉਸ ਦੇ ਵੱਸ ਦਾ ਰੋਗ ਨਹੀਂ। ਹਰ ਰਾਜ ਦੀ ਨਿੱਕੀ ਤੋਂ ਨਿੱਕੀ ਪਾਰਟੀ ਅਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਹੀ ਮੋਦੀ ਰਾਜ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ।