ਮਿੰਨੀ ਕਹਾਣੀ : ਨਵੀਂ ਅਮੀਸ਼ਾ

ਮਿੰਨੀ ਕਹਾਣੀ : ਨਵੀਂ ਅਮੀਸ਼ਾ


ਅਮੀਸ਼ਾ ਤੇ ਹਮਜ਼ਾ ਅਚਨਚੇਤ ਮਿਲਦੇ ਤੇ ਇੱਕ ਅਜੀਬ ਖਿੱਚ ਮਹਿਸੂਸ ਹੁੰਦੀ ਤੇ ਹੌਲੀ ਹੌਲੀ ਬਹੁਤ ਕਰੀਬ ਆ ਜਾਂਦੇ। ਅਮੀਸ਼ਾ ਆਪਣਾ ਸੱਭ ਕੁੱਝ ਦੱਸਣ ਲੱਗ ਜਾਂਦੀ ਤੇ ਹਮਜ਼ਾ ਵੀ ਆਪਣਾ ਦਿੱਲ ਖੋਲਣ ਲੱਗਦਾ। ਹਰ ਰੋਜ਼ ਘੰਟਿਆਂ ਬੱਧੀ ਗੱਲਾਂ ਕਰਦੇ ਤੇ ਵੱਕਤ ਕਿਵੇਂ ਲੰਘ ਜਾਂਦਾ ਪਤਾ ਈ ਨਾਂ ਲੱਗਦਾ। ਸਵੇਰੇ ਇੱਕ ਦੂਜੇ ਦੇ ਉੱਠਣ ਦੀ ਉਡੀਕ ਕਰਦੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਬੀਤੇ ਦਿਨ ਦੀ ਕਹਾਣੀ ਇੱਕ ਦੂਜੇ ਨੂੰ ਸੁਣਾਉਂਦੇ।ਕੋਈ ਚੰਗੀ ਖ਼ਬਰ ਇੱਕ ਦੂਜੇ ਨੂੰ ਸੁਨਾਉਣ ਲਈ ਕਾਹਲੇ ਰਹਿੰਦੇ। ਇੱਕ ਦੂਜੇ ਦਾ ਫਿਕਰ ਵੀ ਬਹੁਤ ਕਰਦੇ। 
ਇਉਂ ਲੱਗਦਾ ਇਹ ਸੱਭ ਕੁੱਝ ਸਾਰੀ ਉਮਰ ਹੀ ਚੱਲਣਾ ਪਰ ਅਚਾਨਕ ਅਮੀਸ਼ਾ ਕਹਿੰਦੀ ਮੈਂ ਤੇਰੇ ਨਾਲ ਰਿਸ਼ਤਾ ਨਹੀਂ ਰੱਖਣਾ ਕਿਉਂ ਕਿ ਇਹ ਰਿਸ਼ਤਾ ਮੈਨੂੰ ਤੰਗ ਪ੍ਰੇਸ਼ਾਨ ਕਰਦਾ। ਹਮਜ਼ੇ ਦੀ ਸਮਝ ਤੋਂ ਬਾਹਰ ਇਹ ਪਹਾੜ ਆ ਡਿੱਗਦਾ। ਉਹ ਪਹਿਲਾਂ ਪਹਿਲ ਆਪਣੇ ਆਪ ਨੂੰ ਦੋਸ਼ ਦਿੰਦਾ ਕਿ ਜ਼ਰੂਰ ਉਸੇ ਨੇ ਕੋਈ ਗਲਤੀ ਕੀਤੀ ਹੋਣੀ ਨਹੀਂ ਤਾਂ ਅਮੀਸ਼ਾ ਨੇ ਇਹ ਨਹੀਂ ਸੀ ਕਹਿਣਾ। ਅਮੀਸ਼ਾ ਪਹਿਲਾਂ ਹੀ ਕਿਸੇ ਪ੍ਰੇਸ਼ਾਨੀ ਵਿੱਚ ਘਿਰੀ ਹੋਣ ਕਰਕੇ ਹਮਜ਼ਾ ਉਹਨੂੰ ਜ਼ੋਰ ਪਾਕੇ ਵੀ ਨਾਂ ਪੁੱਛਦਾ ਪਰ ਸੋਚਾਂ ਵਿੱਚ ਘਿਰਿਆ ਬੀਤਿਆ ਯਾਦ ਕਰਦਾ।ਉਹਨੂੰ ਬਹੁਤ ਕੁੱਝ ਅਜਿਹਾ ਯਾਦ ਆਉਂਣ ਲੱਗਾ ਜੋ ਅਮੀਸ਼ਾ ਕਰਦੀ ਪਰ ਉਹਦੇ ਮੋਹ ਵਿੱਚ ਉਹਨੂੰ ਉਸ ਵੇਲੇ ਦਿੱਸਦਾ ਨਹੀਂ ਸੀ। ਅਮੀਸ਼ਾ ਪਿੱਛਲੇ ਸਮੇਂ ਵਿੱਚ ਚਲੀ ਗਈ ਸੀ ਤੇ ਉਹਨੂੰ ਹਮਜ਼ੇ ਨਾਲ ਮੋਹ ਜੇ ਸੀ ਤਾਂ ਸਿਰਫ ਹਮਦਰਦੀ ਵਾਲਾ ਸੀ ਜੋ ਹਮਜ਼ੇ ਨੂੰ ਕਬੂਲ ਨਹੀਂ ਸੀ। ਹਮਜ਼ੇ ਕਿਸੇ ਦੀ ਹਮਦਰਦੀ ਜਾਂ ਤਰਸ ਦਾ ਪਾਤਰ ਬਣਕੇ ਨਹੀਂ ਸੀ ਜਿਊਂਇਆ ਸਗੋਂ ਆਪਣੇ ਤੇ ਮਾਣ ਕਰਕੇ ਜਿਉਣ ਵਾਲਾ ਸੀ। ਹਮਜ਼ੇ ਨੂੰ ਹਲੇ ਵੀ ਸੱਚ ਨਹੀਂ ਸੀ ਆਉਂਦਾ ਕਿ ਕਿਵੇਂ ਕੋਈ ਆਪਣਾ ਸੱਭ ਕੁੱਝ ਅਰਪਣ ਕਰਕੇ ਛਲ ਕਰ ਸਕਦਾ ਸੀ। ਅਮੀਸ਼ਾ ਨੂੰ ਸ਼ਾਇਦ ਹਮਜ਼ੇ ਤੇ ਹਮਦਰਦੀ ਤਾਂ ਸੀ ਪਰ ਉਹਦੇ ਪਿੱਛੇ ਮੁੜਣ ਦਾ ਉਹ ਕਾਰਣ ਨਹੀਂ ਸੀ ਦੱਸਣਾ ਚਾਹੁੰਦੀ। ਹਮਜ਼ਾ ਕਿਸੇ ਦੀ ਹਮਦਰਦੀ ਨਹੀਂ ਪਿਆਰ ਭਾਲਦਾ ਸੀ। 
ਹਮਜ਼ਾ ਰੋਜ਼ ਸੋਚਦਾ, ਕਦੇ ਉਹ ਕਹਿੰਦਾ ਧੋਖੇਬਾਜ਼ ਸੀ ਤਾਂ ਹਮਜ਼ੇ ਦਾ ਦੂਜਾ ਮੰਨ ਕਹਿੰਦਾ ਨਹੀਂ ਕੋਈ ਮਜਬੂਰੀ ਹੋਈ ਹੋਣੀ ਐ। ਅਮੀਸ਼ਾ ਹੁਣ ਸ਼ਾਇਦ ਹਮਜ਼ੇ ਤੇ ਭਰੋਸਾ ਕਰਨੋ ਹੱਟ ਗਈ ਸੀ ਪਰ ਹਮਜ਼ੇ ਨੂੰ ਉਹਦਾ ਫਿਕਰ ਖਾਈ ਜਾਂਦਾ। ਉਹਨੂੰ ਜ਼ੋਰ ਪਾਕੇ ਵੀ ਨਹੀਂ ਪੁੱਛ ਸਕਦਾ ਸੀ ਕਿਉਂ ਕਿ ਅਮੀਸ਼ਾ ਪਹਿਲਾ ਹੀ ਦਿਮਾਗੀ ਬੋਝ ਲਈ ਬੈਠੀ ਸੀ।
ਹਮਜ਼ਾ ਅਮੀਸ਼ਾ ਨੇੜੇ ਕੋਈ ਹੋਰ ਮਰਦ ਦੇਖਣਾ ਬਰਦਾਸ਼ਤ ਨਹੀ ਕਰਦਾ ਸੀ। ਅਮੀਸ਼ਾ ਨੂੰ ਵੀ ਸ਼ਾਇਦ ਲੱਗਣ ਲੱਗ ਗਿਆ ਕਿ ਹਮਜ਼ਾ ਸਰੀਰਕ ਹਵਸ਼ ਦਾ ਹੀ ਭੁੱਖਾ ਸੀ। ਅਮੀਸ਼ਾ ਪਹਿਲਾਂ ਹੀ ਕਿਸੇ ਨੂੰ ਪਿਆਰ ਕਰਦੀ ਸੀ, ਹਮਜ਼ਾ ਤਾਂ ਸ਼ਾਇਦ ਧੱਕੇ ਨਾਲ ਈ ਅਮੀਸ਼ਾ ਨੂੰ ਆਪਣੀ ਬਣਾਈ ਬੈਠਾ ਸੀ। ਅਮੀਸ਼ਾ ਨੇ ਸ਼ਾਇਦ ਕਈ ਕੁੱਝ ਲੁਕੋ ਕੇ ਹਮਜ਼ੇ ਨਾਲ ਦੋਸਤੀ ਵਧਾਈ ਸੀ,  ਹਮਜ਼ਾ ਪਿਛਲੀਆਂ ਯਾਦਾਂ ਵਿੱਚੋਂ ਅਜਿਹੇ ਸੰਕੇਤ ਲੱਭਣ ਲੱਗ ਗਿਆ ਸੀ। ਹਮਜ਼ਾ ਹੁਣ ਸੱਚ ਸੁਨਣ ਨੂੰ ਤਿਆਰ ਸੀ , ਉਹ ਸੱਚ ਭਾਵੇਂ ਅਮੀਸ਼ਾ ਕਹੇ ਕਿ ਉਹਨੇ ਕਦੇ ਹਮਜ਼ੇ ਨੂੰ ਪਸੰਦ ਹੀ ਨਹੀਂ ਕੀਤਾ ਜਾਂ ਕਹੇ ਕਿ ਉਹ ਤਾਂ ਸਮਾਂ ਹੀ ਗੁਜਾਰ ਰਹੀ ਸੀ। ਸੱਚ ਕੁੱਝ ਵੀ ਹੋਵੇ ਅਮੀਸ਼ਾ ਨੂੰ ਦੱਸ ਦੇਣਾ ਚਾਹੀਦਾ ਇਸੇ ਵਿੱਚ ਦੋਹਾਂ ਦੀ ਸ਼ਾਂਤੀ ਲੁਕੀ ਪਈ ਸੀ  ਤੂਫ਼ਾਨ ਤੋਂ ਬਾਅਦ ਦੀ ਸ਼ਾਂਤੀ ਭਾਵੇਂ ਹੁੰਦੀ ਸ਼ੋਕ ਦੀ ਐ ਪਰ ਹੋਰ ਤੂਫ਼ਾਨ ਆਉਣ ਦਾ ਦਿਮਾਗੀ ਡਰ ਲਹਿ ਜਾਂਦਾ ਹੈ। 
ਹਮਜ਼ਾ ਇੱਕ ਗੱਲੋਂ ਦੁਖੀ ਵੀ ਹੈ ਤੇ ਉਹਨੂੰ ਘਿਰਣਾ ਵੀ ਆਉਂਦੀ ਹੈ ਕਿ ਉਹ ਕਿਸੇ ਉਸ ਨਾਲ ਸੁੱਤਾ ਹੈ ਜੋ ਉਹਦੀ ਆਪਣੀ ਨਹੀਂ ਸੀ। 
ਹਮਜ਼ੇ ਨੂੰ ਇੱਕ ਡਰ ਸਤਾਈ ਜਾਂਦਾ ਕਿ ਅਮੀਸ਼ਾ ਕਿਸੇ ਮਜਬੂਰੀ ਵਿੱਚ ਨਾਂ ਹੋਵੇ। ਹਮਜ਼ਾ ਹਲੇ ਵੀ ਸੱਭ ਕੁੱਝ ਬਰਦਾਸ਼ਤ ਕਰਕੇ ਉਹਨੂੰ ਭੁਲਾਨਹੀਂ ਸਕਦਾ  ਮਿਲਣ ਨੂੰ ਤਰਸਦਾ ਹੈ ਤੇ ਨਵੀਂ ਉਮੀਦ ਲਾਈ ਬੈਠਾ ਹੈ ਕਿ ਕਿਸੇ ਦਿਨ ਅਮੀਸ਼ਾ ਉਸਨੂੰ ਸੱਚ ਦੱਸ ਦਏਗੀ ਕਿਉਂ ਕਿ ਉਹ ਉਹਨੂੰ ਜਿਗਰੀ ਯਾਰ ਕਹਿੰਦੀ ਹੈ ਤੇ ਇਸ ਗੱਲ ਨੂੰ ਉਹ ਸੱਚ ਮੰਨਦਾ ਹੈ। ਉਹ ਸੋਚਦਾ ਹੈ ਅਮੀਸ਼ਾ ਕਿੰਨੀ ਵੀ ਗਲਤ ਹੋਵੇ ਉਹ ਫੇਰ ਵੀ ਉਸਨੂੰ ਪਿਆਰ ਕਰਨੋਂ ਨਹੀਂ ਰਹਿ ਸਕਦਾ। ਹੁਣ ਹਮਜ਼ੇ ਨੂੰ ਦੂਜਾ ਮਰਦ ਵੀ ਤੰਗ ਨਹੀਂ ਕਰਦਾ ਸ਼ਾਇਦ ਹੁਣ ਹਮਜ਼ਾ ਉਹ ਨਹੀਂ ਰਿਹਾ ਜਾਂ ਉਹਨੇ ਅਮੀਸ਼ਾ ਨਵੀਂ ਚਿਤਰ ਲਈ ਹੈ। ਹਮਜ਼ਾ ਅਮੀਸ਼ਾ ਤੋਂ ਸੱਚ ਸੁਣ ਕੇ ਹੀ ਮਰਨਾ ਚਾਹੁੰਦਾ ਹੈ ਪਰ ਅਮੀਸ਼ਾ ਨੇ ਸ਼ਾਇਦ ਹਮਜ਼ੇ ਵੱਲ ਸਦਾ ਲਈ ਪਰਦਾ ਕਰ ਲਿਆ ਹੈ।
-ਹਮਜ਼ਾ