ਕੀ ਇਸ਼ਕ ਤੇ ਜੰਗ 'ਚ ਵਾਕਈ ਸਭ ਕੁੱਝ ਜਾਇਜ ਏ ?

ਕੀ ਇਸ਼ਕ ਤੇ ਜੰਗ 'ਚ ਵਾਕਈ ਸਭ ਕੁੱਝ ਜਾਇਜ ਏ ?

 

ਝਾਰਖੰਡ ਦੇ 'ਦੁਮਕਾ' ਕਸਬੇ 'ਚ ਇਕ ਬੇਹੱਦ ਮਿਹਨਤੀ

ਝਾਰਖੰਡ ਦੇ 'ਦੁਮਕਾ' ਕਸਬੇ 'ਚ ਇਕ ਬੇਹੱਦ ਮਿਹਨਤੀ, ਗਰਲਜ਼ ਸਕੂਲ 'ਚ ਬਾਰਵੀਂ 'ਚ ਪੜ੍ਹਦੀ, 17 ਸਾਲਾ ਮਾਸੂਮ ਕੁੜੀ 'ਅੰਕਿਤਾ ਸਿੰਘ' ਜਿਸਦੀ ਮਾਂ ਨੂੰ ਕੈਂਸਰ ਸੀ ਤੇ ਪਿਤਾ ਨੇ ਆਪਣੀ ਜਮੀਨ-ਜਾਇਦਾਦ ਇਲਾਜ਼ ਤੇ ਲਾ ਦਿੱਤੀ ਸੀ ਪਰ ਕੁੱਝ ਸਮਾਂ ਪਹਿਲਾਂ ਮਾਂ ਦੀ ਮੌਤ ਹੋ ਚੁੱਕੀ ਸੀ, ਹੁਣ ਦੋ ਕਮਰਿਆਂ ਦੇ ਘਰ 'ਚ ਅੰਕਿਤਾ ਸਿੰਘ, ਆਪਣੇ ਪਿਤਾ, ਛੋਟੇ ਭਾਈ ਤੇ ਦਾਦਾ-ਦਾਦੀ ਨਾਲ ਰਹਿੰਦੀ, ਪੜ੍ਹਾਈ ਦੇ ਨਾਲ-ਨਾਲ, ਬੱਚਿਆਂ ਨੂੰ ਟਿਊਸ਼ਨ ਪੜ੍ਹਾਕੇ 1000 ਰੁਪਈਆ ਮਹੀਨਾ ਕਮਾਕੇ, 200 ਰੁਪਈਆ ਦਿਹਾੜੀ ਕਮਾਉਣ ਵਾਲੇ ਪਿਉ ਦੇ ਮੋਢੇ ਨਾਲ ਮੋਢਾ ਜੋੜਕੇ ਪੁਲਸ ਅਫ਼ਸਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੰਘਰਸ਼ਸ਼ੀਲ ਸੀ ਪਰ ਇਸੇ ਦੌਰਾਨ ਇਕ ਪੰਜਵੀ ਫੇਲ, ਦਿਹਾੜੀ ਕਰਦੇ, ਸਿਰਫਿਰੇ, ਨਸ਼ੇੜੀ, ਬਦਮਾਸ਼ 'ਸ਼ਾਹਰੁਖ' ਦੀ ਗੰਦੀ ਨਜ਼ਰ ਇਸ ਕੁੜੀ ਤੇ ਪੈ ਗਈ, ਉਹ ਅੰਕਿਤਾ ਦੇ ਮਗਰ ਪੈ ਗਿਆ, ਅੰਕਿਤਾ ਨੇ ਉਸਨੂੰ ਬਹੁਤ ਵਾਰੀ ਨਾਂਹ ਕੀਤੀ, ਪਰਿਵਾਰ ਨੇ ਵੀ ਕੋਸ਼ਿਸ਼ ਕੀਤੀ ਪਰ ਇਸ ਜਾਹਿਲ ਨੇ ਉਸਦਾ ਪਿੱਛਾ ਨਹੀਂ ਛੱਡਿਆ ਤੇ ਮੋਬਾਈਲ ਨੰਬਰ ਹਾਸਲ ਕਰਕੇ, ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਗੱਲ ਕਰਨ ਲਈ ਡਰਾਉਣ ਤੇ ਤੰਗ ਕਰਨ ਲੱਗ ਪਿਆ। 

ਬੀਤੇ 22 ਅਗਸਤ ਨੂੰ ਜਦੋਂ ਅੰਕਿਤਾ ਨੇ ਤੰਗ ਆਕੇ ਇਸਨੂੰ ਸਖਤੀ ਨਾਲ ਇਨਕਾਰ ਕੀਤਾ ਤਾਂ ਇਸ ਸ਼ੈਤਾਨ ਭੇੜੀਏ ਨੇ, ਰਾਤ ਨੂੰ ਫੋਨ ਕਰਕੇ ਅੰਕਿਤਾ ਨੂੰ ਕਿਹਾ ਕਿ ਜਾਂ ਤਾਂ ਮੇਰੀ ਹੋਜਾ ਨਹੀਂ ਤਾਂ ਮੈਂ ਤੈਨੂੰ ਕਿਸੇ ਹੋਰ ਦੀ ਨ੍ਹੀਂ ਹੋਣ ਦਿੰਦਾ, ਅੰਕਿਤਾ ਨੇ ਪਰਿਵਾਰ ਨੂੰ ਦੱਸਿਆ ਪਰ ਸਾਰਿਆਂ ਨੇ ਸੋਚਿਆ ਨਸ਼ੇੜੀ ਹੈ, ਬਕਵਾਸ ਕਰਦਾ ਹੈ ਤੇ ਸਾਰੇ ਦੋ ਕਮਰਿਆਂ ਦੇ ਆਪਣੇ ਘਰ 'ਚ ਸੌਂ ਗਏ ਪਰ ਫੇਰ ਉਸੇ ਦੇਰ ਰਾਤ ਬਾਅਦ 23 ਅਗਸਤ ਦੀ ਸਵੇਰੇ 4 ਵਜੇ ਇਸ ਦਰਿੰਦੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ, ਤੁਸੀਂ ਪੜ੍ਹ ਕੇ ਹੀ ਕੰਬ ਜਾਵੋਗੇ।

ਇਹ ਆਪਣੇ ਸਾਥੀ 'ਛੋਟੂ ਖਾਨ' ਨਾਲ ਅੰਕਿਤਾ ਦੇ ਘਰ 'ਚ ਦਾਖਲ ਹੋਕੇ, ਉਸਤੇ ਬਹੁਤ ਸਾਰਾ ਪੈਟਰੋਲ ਛਿੜਕ ਕੇ ਅੱਗ ਲਾਕੇ ਫਰਾਰ ਹੋ ਜਾਂਦੇ ਨੇ, ਪੂਰੀ ਤਰਾਂ ਨਾਲ ਸੜਦੀ ਹੋਈ ਅੰਕਿਤਾ, ਬਾਹਰ ਭੱਜਕੇ ਆਉਂਦੀ ਏ, ਪਾਣੀ ਦੀ ਬਾਲਟੀ ਪਾਈ ਜਾਂਦੀ ਏ ਪਰ ਅੱਗ ਨ੍ਹੀਂ ਬੁੱਝਦੀ, ਫੇਰ ਕੰਬਲ ਲਪੇਟ ਕੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਅੱਗ ਤਾਂ ਬੁੱਝ ਜਾਂਦੀ ਏ ਪਰ ਅੰਕਿਤਾ 90% ਸੜ ਜਾਂਦੀ ਏ, ਤੁਰੰਤ ਮੈਡੀਕਲ ਕਾਲਜ ਦੁਮਕਾ ਦਾਖਲ ਕਰਵਾਇਆ ਜਾਂਦਾ ਏ ਤੇ ਫੇਰ ਅਗਲੇ ਦਿਨ ਮੈਜਿਸਟ੍ਰੇਟ ਸਾਹਮਣੇ ਅੰਕਿਤਾ ਸਿੰਘ ਆਪ, ਇੰਨਾਂ ਜਾਲਮਾਂ ਦੇ ਕੁਕਰਮ ਦੀ ਕਹਾਣੀ ਬਿਆਨ ਕਰ ਦਿੰਦੀ ਏ।

ਅਗਲੇ ਹੀ ਦਿਨ ਅੰਕਿਤਾ ਦੀ ਹਾਲਤ ਵਿਗੜ ਜਾਂਦੀ ਏ, ਰਾਂਚੀ ਦੇ ਰਿਮਸ 'ਚ ਰੈਫਰ ਕੀਤਾ ਜਾਂਦਾ ਏ ਪਰ ਅਖੀਰ ਲਗਾਤਾਰ ਮੌਤ ਨਾਲ ਲੜਦੀ ਅੰਕਿਤਾ, ਆਖਰ ਬੀਤੇ ਕੱਲ੍ਹ ਹਾਰ ਜਾਂਦੀ ਏ ਤੇ ਇਸ ਸਭ ਵਿਚਕਾਰ ਜਦੋਂ ਇਸ ਜਾਲਮ, ਦਰਿੰਦੇ ਸ਼ਾਹਰੁਖ ਦੀ ਪੁਲਸ ਕਸਟਡੀ 'ਚ ਹੱਸਦੇ ਦੀ ਵੀਡੀਓ ਬਾਹਰ ਆਉਂਦੀ ਏ ਤਾਂ ਅਜਿਹੇ ਵਹਿਸ਼ੀ ਨੂੰ ਇਨਸਾਨ ਮੰਨਣ ਤੋਂ ਵੀ ਅਲਕਤ ਆਉਂਦੀ ਏ, ਇਸ ਮਾਨਸਿਕ ਰੋਗੀ ਨੇ ਆਪਣੀ 'ਈਗੋ' ਸ਼ਾਂਤ ਕਰਨ ਲਈ ਖਤਮ ਕਰ ਦਿੱਤੇ, ਉਸ ਧੀ ਦੇ ਸੁਪਨੇ, ਪਿਓ ਦੇ ਅਰਮਾਨ, ਭਰਾ ਦਾ ਬਚਪਨ, ਦਾਦਾ-ਦਾਦੀ ਦਾ ਬੁਢਾਪਾ ਤੇ ਸਮਾਜ 'ਚ ਮਰਦ-ਔਰਤ ਦੀ ਬਰਾਬਰੀ ਤੇ ਔਰਤਾਂ ਲਈ ਸੁਰੱਖਿਅਤ ਹੋ ਚੁੱਕੇ ਮਾਹੌਲ ਦੇ ਦਾਅਵੇ। ਕੀ ਅਜਿਹਾ ਮਾਹੌਲ ਇਕਦਮ ਬਣਦਾ ਹੈ ਜਾਂ ਸਾਡਾ ਮੀਡੀਆ, ਸਾਡੇ ਅਖ਼ਬਾਰ, ਸਾਡਾ ਪੁਰਸ਼ ਪ੍ਰਧਾਨ ਸਭਿਆਚਾਰ, ਇਸ ਮਾਹੌਲ ਨੂੰ ਸਿਰਜਣ ਦਾ ਕੰਮ ਕਰਦਾ ਹੈ।

ਸਾਡੀਆਂ ਫਿਲਮਾਂ 'ਚ ਜਿਵੇਂ ਅਕਸਰ ਦਿਖਾਇਆ ਜਾਂਦਾ ਹੈ ਕਿ ਹੀਰੋਇਨ ਪਹਿਲਾਂ ਸੜਕਛਾਪ ਤੇ ਸਿਗਰਟ ਸ਼ਰਾਬ ਪੀਂਦੇ, ਬਦਮਾਸ਼ ਟਾਈਪ ਦਬੰਗ ਹੀਰੋ ਨੂੰ ਨਾਂਹ ਕਰਦੀ ਏ, ਫੇਰ ਉਹ ਆਪਹੁਦਰੀਆਂ ਕਰਕੇ, ਹੀਰੋਇਨ ਨੂੰ ਤੰਗ ਕਰਦਾ ਹੈ, ਪਿੱਛਾ ਕਰਦਾ ਏ, ਅਸ਼ਲੀਲ ਦੋਅਰਥੇ ਮਜ਼ਾਕ ਕਰਦਾ ਏ ਜਾਂ ਉਸ ਹੀਰੋਇਨ ਨੂੰ ਸ਼ਰੇਆਮ 'ਕਿਸ' ਤੱਕ ਕਰ ਦਿੰਦਾ ਏ ਤੇ ਫੇਰ ਉਸੇ ਹੀਰੋਇਨ ਨੂੰ ਹੀਰੋ ਦੀਆਂ ਇਹ ਵਾਹਿਯਾਤ ਹਰਕਤਾਂ ਪਸੰਦ ਆ ਜਾਂਦੀਆਂ ਨੇ ਤੇ ਉਹ ਘਰਦਿਆਂ ਤੋਂ ਬਗਾਵਤ ਕਰਕੇ, ਉਸ ਹੀਰੋਇਨ ਨਾਲ ਸੁੱਖ-ਸਾਂਦ ਨਾਲ ਵੱਸ ਜਾਂਦੀ ਏ। ਜਦਕਿ ਵਿਖਾਇਆ ਇਹ ਜਾਣਾ ਚਾਹੀਦਾ ਏ ਕਿ ਨਾਂਹ ਦਾ ਮਤਲਬ ਨਾਂਹ ਹੈ ਭਾਵੇਂ ਉਹ ਕੋਈ ਵੀ ਔਰਤ ਏ ਤੇ ਭਾਵੇਂ ਉਸਦਾ ਕੋਈ ਵੀ ਪੇਸ਼ਾ ਹੋਵੇ। ਸੋਚਣਾ ਤਾਂ ਪੈਣਾ ਏ, ਅੱਜ ਅੰਕਿਤਾ ਏ, ਕੱਲ੍ਹ ਨੂੰ ਮੇਰੀ ਧੀ ਹੋਵੇਗੀ ਜਾਂ ਤੁਹਾਡੀ ਧੀ ਦਾ ਵੀ ਤਾਂ ਨੰਬਰ ਲੱਗ ਸਕਦਾ ਹੈ, ਹੋ ਸਕਦਾ ਹੈ ਕੋਈ ਸਿਰਫਿਰਾ, ਉਸਨੂੰ ਵੀ ਰਾਹ 'ਚ ਰੋਕਕੇ ਸਾੜ ਦੇਵੇ, ਤੇਜ਼ਾਬ ਪਾ ਦੇਵੇ ਜਾਂ ਕੋਈ ਹੋਰ ਕੁਕਰਮ ਕਰ ਦੇਵੇ, ਅਜਿਹੇ ਜ਼ੁਰਮ ਲਈ ਅਦਾਲਤਾਂ ਨੂੰ ਪਹਿਲ ਦੇ ਆਧਾਰ ਤੇ ਜਲਦੀ ਸੁਣਵਾਈ ਕਰਦੇ ਹੋਏ, ਸਖਤ ਫੈਸਲੇ ਦੇਣ ਦੀ ਲੋੜ ਏ ਤਾਂ ਜੋ ਸਮਾਜ ਲਈ, ਨਵੇਂ ਆਦਰਸ਼ ਤੇ ਅਜਿਹੇ ਵਹਿਸ਼ੀਆਂ ਲਈ ਸਬਕ ਸਥਾਪਿਤ ਹੋਵੇ ਕਿ ਇਸ਼ਕ ਤੇ ਜੰਗ ਦੇ ਵੀ ਅਸੂਲ ਹੁੰਦੇ ਨੇ ਤੇ ਅਸਲ ਇਸ਼ਕ ਤੇ ਅਸਲ ਜੰਗ ਹਮੇਸ਼ਾ ਦੋਤਰਫਾ ਹੀ ਹੁੰਦੀ ਏ, ਸ਼ਾਹਰੁਖ ਤੇ ਛੋਟੂ ਖਾਨ ਲਾਹਣਤ ਏ, ਰੱਜ ਕੇ ਲਾਹਣਤ ਏ !

 

ਅਸ਼ੋਕ ਸੋਨੀ, ਕਾਲਮਨਵੀਸ 

ਪਿੰਡ ਖੂਈ ਖੇੜਾ, ਫਾਜ਼ਿਲਕਾ 

9872705078