ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੇ ਇਕ ਗੁਦਾਮ ਨੂੰ ਅੱਗ ਜਾਣ ਬੁਝ ਕੇ ਲਾਈ - ਗਵਰਨਰ ਨਿਊਸਮ

ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੇ ਇਕ ਗੁਦਾਮ ਨੂੰ ਅੱਗ ਜਾਣ ਬੁਝ ਕੇ ਲਾਈ - ਗਵਰਨਰ ਨਿਊਸਮ
ਕੈਪਸ਼ਨ ਲਾਸ ਏਂਜਲਸ ਦੇ ਗੁਦਾਮ ਨੂੰ ਲੱਗੀ ਅੱਗ ਕਾਰਨ ਸੜ ਕੇ ਸਵਾਹ ਹੋਏ ਵਾਹਣ ਤੇ ਹੋਰ ਸਮਾਨ

* ਇੰਟਰਸਟੇਟ 10 ਰੂਟ ਅਣਮਿਥੇ ਸਮੇ ਲਈ ਬੰਦ , ਲੋਕਾਂ ਦੀ ਪ੍ਰੇਸ਼ਾਨੀ ਵਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ ਦੇ ਇਕ ਵੱਡੇ ਗੁਦਾਮ (ਸਟੋਰੇਜ ਯਾਰਡ) ਨੂੰ ਬੀਤੇ ਦਿਨ ਲੱਗੀ ਅੱਗ ਜਾਣ ਬੁਝ ਕੇ ਲਾਈ ਗਈ ਸੀ ਜਿਸ ਬਾਰੇ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੀਤਾ ਹੈ। ਸਟੋਰੇਜ ਯਾਰਡ ਨੂੰ ਲੱਗੀ ਭਿਆਨਕ ਅੱਗ ਕਾਰਨ ਇੰਟਰਸਟੇਟ 10 ਰੂਟ ਅਣਮਿਥੇ ਸਮੇ ਲਈ ਬੰਦ ਕਰ ਦਿੱਤਾ ਹੈ ਜਿਸ ਰੂਟ ਰਾਹੀਂ ਰੋਜ਼ਾਨ 3 ਲੱਖ ਤੋਂ ਵਧ ਲੋਕ ਲੰਘਦੇ ਹਨ। ਨਿਊਸੋਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਵਿਚ ਅੱਗ ਲੱਗਣ ਪਿੱਛੇ ਦੁਰਭਾਵਨਾ ਪਾਈ ਗਈ ਹੈ ਤੇ ਅੱਗ ਸੋਚ ਸਮਝ ਕੇ ਲਾਈ ਗਈ ਹੈ। ਹਾਲਾਂ ਕਿ ਗਵਰਨਰ ਨੇ ਕਿਸੇ ਸ਼ੱਕੀ ਦਾ ਨਾਂ ਨਹੀਂ ਲਿਆ ਤੇ ਕਿਹਾ ਕਿ  ਅਜੇ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮੇਅਰ ਕਾਰੇਨ ਬਾਸ ਨੇ ਪਹਿਲਾਂ ਹੀ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਇੰਟਰਸਟੇਟ ਮਾਰਗ ਬੰਦ ਕਰਨ ਨੂੰ ਇਕ ਸੰਕਟ ਕਰਾਰ ਦਿੱਤਾ ਹੈ। ਉਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੰਟਰਸਟੇਟ ਖੁਲਣ ਤੱਕ ਸਬਰ ਰਖਣ ਤੇ ਬਦਲਵੇਂ ਰਸਤਿਆਂ ਬਾਰੇ ਸੋਚਣ। ਇਥੇ ਜਿਕਰਯੋਗ ਹੈ ਕਿ ਲਾਸ ਏਂਜਲਸ ਦੇ ਡਾਊਨ ਟਾਊਨ ਖੇਤਰ ਵਿਚ ਅਲਾਮੇਡਾ ਨੇੜੇ ਇੰਟਰਸਟੇਟ ਰੂਟ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਅੱਗ ਕਾਰਨ ਭਾਰੀ ਨੁਕਸਾਨ ਪੁੱਜਾ ਹੈ।