ਗੁਰੂ ਬਖਸ਼ੇ ਲੰਗਰ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਸਿੱਖ

ਗੁਰੂ ਬਖਸ਼ੇ ਲੰਗਰ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਸਿੱਖ

ਸਿਡਨੀ: ਉੱਤਰੀ ਸਿਡਨੀ ਵਿਚ ਬੀਤੇ ਦਿਨਾਂ ਦੌਰਾਨ ਆਈਆਂ ਤੇਜ ਤੁਫਾਨੀ ਹਵਾਵਾਂ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਲਈ ਗੁਰੂ ਨਾਨਕ ਗੁਰਦੁਆਰਾ ਸਾਹਬ ਦੀਆਂ ਸੰਗਤਾਂ ਨੇ ਅੱਗੇ ਆਉਂਦਿਆਂ ਲੰਗਰ ਦਾ ਪ੍ਰਬੰਧ ਕੀਤਾ। ਤੇਜ਼ ਤੂਫਾਨ ਕਾਰਨ ਵੱਡੇ ਖੇਤਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 9 ਫਰਵਰੀ ਨੂੰ ਆਏ ਇਸ ਤੇਜ਼ ਤੁਫਾਨ ਨਾਲ 9000 ਦੇ ਕਰੀਬ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਦੀ ਬਿਜ਼ਲੀ ਠੱਪ ਹੋ ਗਈ ਤੇ ਲਗਾਤਾਰ 6 ਰਾਤਾਂ ਬਿਨ੍ਹਾ ਬਿਜ਼ਲੀ ਤੋਂ ਹੀ ਲੰਘੀਆਂ।

ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨੇ ਫੇਸਬੁੱਕ ਇਵੈਂਟ ਰਾਹੀਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਚ ਲੰਗਰ ਦਾ ਸੱਦਾ ਦਿੱਤਾ। ਇਸ ਸੱਦੇ 'ਤੇ ਵੱਡੀ ਗਿਣਤੀ 'ਚ ਲੋਕ ਗੁਰਦੁਆਰਾ ਸਾਹਿਬ ਲੰਗਰ ਛਕਣ ਲਈ ਪਹੁੰਚੇ। ਸਿੱਖਾਂ ਵਿਚ ਸਦੀਆਂ ਤੋਂ ਪ੍ਰਚਲਿਤ ਲੰਗਰ ਦੀ ਇਸ ਪ੍ਰੰਪਰਾ ਤੋਂ ਗੈਰ ਸਿੱਖ ਤੇ ਹੋਰ ਸਮਾਜਾਂ ਦੇ ਲੋਕ ਬਹੁਤ ਪ੍ਰਭਾਵਤ ਹੁੰਦੇ ਹਨ। ਉਹਨਾਂ ਲਈ ਇਹ ਇਕ ਵਿਲੱਖਣ ਵਰਤਾਰਾ ਹੈ। ਇਸ ਤਰ੍ਹਾਂ ਉਹਨਾਂ ਸਮਾਜਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਸਥਾਪਤ ਹੁੰਦੀ ਹੈ ਅਤੇ ਉਹ ਲੋਕ ਸਿੱਖਾਂ ਬਾਰੇ ਹੋਰ ਜਾਣਕਾਰੀ ਲੈਂਦੇ ਹਨ। 

ਇਸ ਤੋਂ ਪਹਿਲਾਂ ਜਦੋਂ ਅਸਟ੍ਰੇਲੀਆ ਵਿਚ ਜੰਗਲ ਦੀ ਅੱਗ ਭਿਆਨਕ ਰੂਪ ਲੈ ਗਈ ਸੀ ਉਸ ਸਮੇਂ ਵੀ ਸਿੱਖੀ ਸੰਗਤਾਂ ਵੱਲੋਂ ਥਾਂ ਪਰ ਥਾਂ ਲੰਗਰ ਲਾ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ।