ਕੋਟਕਪੂਰਾ ਤੇ ਬਹਿਬਲ ਕਾਂਡ ਮਾਮਲਿਆਂ ਵਿੱਚ ਕੇਸ ਡਾਇਰੀਆਂ ਪੇਸ਼ ਕਰਨ ਸਬੰਧੀ ਅਦਾਲਤ ਅੰਦਰ ਤਿੱਖੀ ਬਹਿਸ ਹੋਈ

ਕੋਟਕਪੂਰਾ ਤੇ ਬਹਿਬਲ ਕਾਂਡ ਮਾਮਲਿਆਂ ਵਿੱਚ ਕੇਸ ਡਾਇਰੀਆਂ ਪੇਸ਼ ਕਰਨ ਸਬੰਧੀ ਅਦਾਲਤ ਅੰਦਰ ਤਿੱਖੀ ਬਹਿਸ ਹੋਈ

ਫਰੀਦਕੋਟ: ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਿਤ ਮਾਮਲਿਆਂ ਵਿੱਚ ਬੀਤੇ ਕੱਲ੍ਹ ਫਰੀਦਕੋਟ ਅਦਾਲਤ 'ਚ ਐੱਸਆਈਟੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਤੇ ਬਾਦਲ ਦਲ ਦੇ ਆਗੂ ਮਨਤਾਰ ਸਿੰਘ ਬਰਾੜ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ ਹੋਈ। ਉਮਰਾਨੰਗਲ ਅਤੇ ਮਨਤਾਰ ਸਿੰਘ ਬਰਾੜ ਵੱਲੋਂ ਐਸਆਈਟੀ ਜਾਂਚ ਦੀਆਂ ਕੇਸ ਡਾਇਰੀਆਂ ਦੀ ਮੰਗ ਕੀਤੀ ਗਈ ਸੀ।

ਦੱਸ ਦਈਏ ਕਿ ਕੇਸ ਡਾਇਰੀ ਵਿੱਚ ਜਾਂਚ ਦੀ ਪ੍ਰਤੀ ਦਿਨ ਕਾਰਵਾਈ ਦਾ ਲੇਖਾ ਜੋਖਾ ਦਰਜ ਹੁੰਦਾ ਹੈ। ਇਸ ਅੰਦਰ ਉਹ ਸਮਾਂ ਦਰਜ ਹੁੰਦਾ ਹੈ ਜਦੋਂ ਜਾਂਚ ਅਫਸਰ ਕੋਲ ਜਾਣਕਾਰੀ ਪਹੁੰਚੀ, ਜਦੋਂ ਜਾਂਚ ਸ਼ੁਰੂ ਹੋਈ ਅਤੇ ਬੰਦ ਹੋਈ, ਤੇ ਕਿਹੜੀਆਂ ਕਿਹੜੀਆਂ ਥਾਵਾਂ ਦਾ ਜਾਂਚ ਅਫਸਰ ਵੱਲੋਂ ਦੌਰਾ ਕੀਤਾ ਗਿਆ।

ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਉਮਰਾਨੰਗਲ ਅਤੇ ਬਾਦਲ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਇਹਨਾਂ ਮਾਮਲਿਆਂ ਵਿਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਨੇ ਮੰਗ ਕੀਤੀ ਹੈ ਕਿ ਅਦਾਲਤ ਵਿੱਚ ਚਾਰਜਸ਼ੀਟ ਦੇ ਨਾਲ-ਨਾਲ ਇਹ ਕੇਸ ਡਾਇਰੀਆਂ ਵੀ ਪੇਸ਼ ਕੀਤੀਆਂ ਜਾਣ। ਐੱਸਆਈਟੀ ਇਹਨਾਂ ਮਾਮਲਿਆਂ ਵਿੱਚ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। 

ਇਹਨਾਂ ਨਾਮਜ਼ਦ ਦੋਸ਼ੀਆਂ ਦੇ ਇਸ ਦਾਅਵੇ ਦੇ ਖਿਲਾਫ ਤਰਕ ਦਿੰਦਿਆਂ ਐੱਸਆਈਟੀ ਦੇ ਵਕੀਲ ਨੇ ਕਿਹਾ ਕਿ ਅਜੇ ਇਹਨਾਂ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ ਅਤੇ ਕੇਸ ਡਾਇਰੀਆਂ ਜਨਤਕ ਕਰਨ ਨਾਲ ਜਾਂਚ ਪ੍ਰਭਾਵਿਤ ਹੋਣ ਦਾ ਡਰ ਹੈ। ਉਹਨਾਂ ਕਿਹਾ ਕਿ ਨਾਮਜ਼ਦ ਦੋਸ਼ੀ ਆਪਣੇ ਪ੍ਰਭਾਵ ਨਾਲ ਜਾਂਚ ਵਿੱਚ ਮਦਦ ਕਰ ਰਹੇ ਲੋਕਾਂ ਨੂੰ ਡਰਾ ਸਕਦੇ ਹਨ। 

ਹਲਾਂਕਿ ਨਾਮਜ਼ਦ ਦੋਸ਼ੀਆਂ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਕੇਸ ਡਾਇਰੀਆਂ ਦਾਖਲ ਨਾ ਕਰਕੇ ਐੱਸਆਈਟੀ ਪੰਜਾਬ ਪੁਲਿਸ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ