65 ਮਜ਼ਦੂਰਾਂ ਦੀਆਂ ਜਾਨਾਂ ਬਚਾਉਣ ਵਾਲੇ ਸਿਖ ਨਾਇਕ ਕੈਪਸੂਲ ਗਿੱਲ’ ਜਸਵੰਤ ਸਿੰਘ ਗਿੱਲ

65 ਮਜ਼ਦੂਰਾਂ ਦੀਆਂ ਜਾਨਾਂ ਬਚਾਉਣ ਵਾਲੇ ਸਿਖ ਨਾਇਕ ਕੈਪਸੂਲ ਗਿੱਲ’ ਜਸਵੰਤ ਸਿੰਘ ਗਿੱਲ

*ਗਿੱਲ ਤੇ ਫਿਲਮ ਬਣਨ ਲਗੀ ,ਅਕਸ਼ੈ ਕੁਮਾਰ ਗਿੱਲ ਦਾ ਰੋਲ ਨਿਭਾਵੇਗਾ। 

* ਆਪ੍ਰੇਸ਼ਨ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਲੱਖ ਰੁਪਏ

     ਦਾ ਇਨਾਮ ਦਿੱਤਾ ਜਾਵੇਗਾ ਪਰ ਉਹ ਰਾਸ਼ੀ ਅੱਜ ਤੱਕ ਨਹੀਂ ਮਿਲੀ   

      ਕਵਰ ਸਟੋਰੀ       

 ਕੈਪਸੂਲ ਗਿੱਲ’ ਜਸਵੰਤ ਸਿੰਘ ਗਿੱਲ ਜਿੰਨ੍ਹਾਂ ਨੇ 65 ਜਾਨਾਂ ਬਚਾਈਆਂ ਸਨ, ਹੁਣ ਉਨ੍ਹਾਂ ’ਤੇ ਫਿਲਮ ਬਣ ਰਹੀ ਹੈ।ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਇੱਕ ਜਸਵੰਤ ਸਿੰਘ ਗਿੱਲ ਉਰਫ਼ ਕੈਪਸੂਲ ਗਿੱਲ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। 

22 ਨਵੰਬਰ 1939 ਨੂੰ ਜੰਮੇ ਜਸਵੰਤ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਅੰਮ੍ਰਿਤਸਰ ਦੇ ਹੀ ਖਾਲਸਾ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।ਇੱਕ ਸਾਧਾਰਨ ਪਰਿਵਾਰ ਨਾਲ ਸਬੰਧਿਤ ਜਸਵੰਤ ਸਿੰਘ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸਨ।ਜਸਵੰਤ ਸਿੰਘ ਗਿੱਲ ਇੱਕ ਮਾਈਨਿੰਗ ਇੰਜੀਨੀਅਰ ਸਨ। ਉਨ੍ਹਾਂ ਨੂੰ ਕੋਲਾ ਖਾਨ ਵਿੱਚ ਵਾਪਰੇ ਇੱਕ ਵੱਡੇ ਹਾਦਸੇ ਦੌਰਾਨ ਕੀਤੇ ਕਾਮਯਾਬ ਬਚਾਅ ਕਾਰਜਾਂ ਲਈ ਜਾਣਿਆ ਜਾਂਦਾ ਹੈ।12-13 ਨੰਵਬਰ, 1989 ਦੀ ਰਾਤ ਬੰਗਾਲ ਵਿੱਚ ਇੱਕ ਕੋਲੇ ਦੀ ਖਾਨ (ਮਹਾਂਵੀਰ ਕੋਲਰੀ) ਵਿੱਚ ਵੱਡਾ ਹਾਦਸਾ ਵਾਪਰਿਆ। ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਖਾਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਉਸ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ।

ਜਿਸ ਵੇਲੇ ਹਾਦਸਾ ਵਾਪਰਿਆ, ਉਸ ਸਮੇਂ ਖਾਨ ਦੇ ਅੰਦਰ 230 ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਖਾਨ ਦੀਆਂ ਦੋ ਲਿਫਟਾਂ ਰਾਹੀਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ।ਪਾਣੀ ਤੇਜ਼ੀ ਨਾਲ ਭਰਦਾ ਗਿਆ ਅਤੇ ਲਿਫਟਾਂ ਵੀ ਬੰਦ ਹੋ ਗਈਆਂ, ਜਿਸ ਕਾਰਨ 71 ਮਜ਼ਦੂਰ ਅੰਦਰ ਹੀ ਫਸੇ ਰਹਿ ਗਏ।ਠੀਕ ਉਸੇ ਸਮੇਂ, ਜਸਵੰਤ ਸਿੰਘ ਗਿੱਲ ਉਥੋਂ ਦੀ ਲੰਘ ਰਹੇ ਸਨ। ਉਸ ਸਮੇਂ ਜਸਵੰਤ ਸਿੰਘ ਦੀ ਪੋਸਟਿੰਗ ਉੱਥੋਂ ਕੁਝ ਕਿਲੋਮੀਟਰ ਦੂਰ ਇੱਕ ਕੋਲਾ ਖਾਨ 'ਤੇ ਸੀ।

ਹਾਦਸੇ ਵਾਲੀ ਥਾਂ 'ਤੇ ਜਾਮ ਲੱਗ ਗਿਆ ਅਤੇ ਉਨ੍ਹਾਂ ਨੇ ਮਾਈਨਿੰਗ ਰੈਸਕਿਊ ਵੈਨ ਦੇ ਸਾਇਰਨ ਦੀ ਆਵਾਜ਼ ਸੁਣੀ।ਜਿਵੇਂ ਹੀ ਉਨ੍ਹਾਂ ਨੂੰ ਇਸ ਭਿਆਨਕ ਹਾਦਸੇ ਦੀ ਜਾਣਕਾਰੀ ਲੱਗੀ, ਉਨ੍ਹਾਂ ਨੇ ਆਪਣੇ ਦਫ਼ਤਰ ਨਾ ਜਾ ਕੇ ਹਾਦਸੇ ਵਾਲੀ ਥਾਂ 'ਤੇ ਜਾਣਾ ਦਾ ਫੈਸਲਾ ਕੀਤਾ।ਉਨ੍ਹਾਂ ਨੂੰ ਉੱਥੋਂ ਦੇ ਅਫਸਰ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਇਸ ਤਰ੍ਹਾਂ ਅੰਦਰ 71 ਬੰਦੇ ਫਸ ਗਏ ਹਨ, ਮਰ ਗਏ ਕਿ ਜਿਉਂਦੇ ਹਨ, ਕੁੱਝ ਨਹੀਂ ਪਤਾ।''

ਰੈਸਕਿਊ ਟਰੇਂਡ ਜਸਵੰਤ ਸਿੰਘ ਦੇ ਬੇਟੇ ਡਾਕਟਰ ਸਰਪ੍ਰੀਤ ਸਿੰਘ ਦੱਸਦੇ ਹਨ ਕਿ ਉਸੇ ਵੇਲੇ ਖਾਨ 'ਵਿਚ ਲੱਗੇ ਸੈਂਟਰਲ ਡਿਸਪੈਚ ਸਿਸਟਮ (ਇੱਕ ਤਰ੍ਹਾਂ ਦਾ ਸੂਚਨਾ ਪਹੁੰਚਾਉਣ ਵਾਲਾ ਸਿਸਟਮ) ਤੋਂ ਆਵਾਜ਼ ਆਈ ''ਹਮ ਹੈਂ''।ਜਸਵੰਤ ਸਿੰਘ ਗਿੱਲ ਰੈਸਕਿਊ ਟਰੇਂਡ ਸਨ।ਫਿਰ ਵੱਖ-ਵੱਖ ਟੀਮਾਂ ਬਣਾ ਕੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ।ਇੱਕ ਟੀਮ ਨੇ ਖਾਨ 'ਵਿਚ ਭਰ ਰਹੇ ਪਾਣੀ ਨੂੰ ਮੋਟਰਾਂ ਦੀ ਮਦਦ ਨਾਲ ਕੱਢਣਾ ਸ਼ੁਰੂ ਕੀਤਾ ਪਰ ਉਹ ਜਿੰਨਾਂ ਪਾਣੀ ਕੱਢਦੇ, ਓਨਾ ਜ਼ਿਆਦਾ ਪਾਣੀ ਖਾਨ 'ਵਿਚ ਭਰਦਾ ਜਾਂਦਾ।ਹਿਸਾਬ ਲਗਾਉਣ 'ਤੇ ਪਤਾ ਲੱਗਾ ਕਿ ਇਸ ਪਾਣੀ ਨੂੰ ਕੱਢਣ 'ਚ ਤਾਂ ਡੇਢ ਤੋਂ ਦੋ ਮਹੀਨੇ ਲੱਗਣ ਵਾਲੇ ਸਨ।

ਜਸਵੰਤ ਸਿੰਘ ਗਿੱਲ ਨੇ  ਦੱਸਿਆ ਸੀ, ''ਮੇਰੇ ਦਿਮਾਗ 'ਚ ਆਇਆ ਕਿ ਇੰਝ ਕਿਉਂ ਨਾ ਕੀਤਾ ਜਾਵੇ ਕਿ ਇੱਕ ਨਾ ਛੋਟਾ ਜਿਹਾ ਸ਼ਾਫ਼ਟ (ਬੋਰ) ਬਣਾਉਂਦੇ ਹਾਂ। ਜਿਸ 'ਵਿਚ ਇੱਕ ਬੰਦਾ ਅੰਦਰ ਜਾ ਸਕੇ।ਮਜ਼ਦੂਰਾਂ ਦਾ ਪਤਾ ਲਗਾਉਣ ਤੋਂ ਬਾਅਦ, ਤੈਅ ਹੋਇਆ ਕਿ ਉਨ੍ਹਾਂ ਨੂੰ ਇੱਕ ਕੈਪਸੂਲ ਦੀ ਮਦਦ ਨਾਲ ਬਾਹਰ ਕੱਢਿਆ ਜਾਵੇਗਾ।ਜਸਵੰਤ ਸਿੰਘ ਨੇ ਸਾਰੀਆਂ ਹਿਦਾਇਤਾਂ ਦਿੰਦੇ ਹੋਏ, ਨੇੜੇ ਦੀ ਹੀ ਇੱਕ ਫੈਕਟਰੀ ਵਿੱਚ ਤੁਰੰਤ ਸਟੀਲ ਦਾ ਇੱਕ ਕੈਪਸੂਲ ਤਿਆਰ ਕਰਵਾਇਆ ਗਿਆ।ਉਸ ਤੋਂ ਬਾਅਦ ਜ਼ਮੀਨ 'ਚ ਇੱਕ ਬੋਰ ਕੀਤਾ ਗਿਆ।ਉਨ੍ਹਾਂ ਦੱਸਿਆ ਸੀ ਕਿ ਕੈਪਸੂਲ ਦੀ ਮਦਦ ਰਾਹੀਂ ਖਾਨ 'ਚ ਅੰਦਰ ਜਾਣ ਲਈ ਕੋਲ ਇੰਡੀਆ ਵੱਲੋਂ ਦੋ ਮੈਂਬਰ ਤਿਆਰ ਕੀਤੇ ਗਏ ਸਨ, ਪਰ ਐਨ ਮੌਕੇ 'ਤੇ ਆ ਕੇ ਉਨ੍ਹਾਂ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ।ਉਸ ਵੇਲੇ ਜਸਵੰਤ ਸਿੰਘ ਗਿੱਲ ਨੇ ਫੈਸਲਾ ਕੀਤਾ ਕਿ ਉਹ ਆਪ ਅੰਦਰ ਜਾ ਕੇ ਲੋਕਾਂ ਦੀ ਜਾਨ ਬਚਾਉਣਗੇ।ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਗਿਲ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਜਸਵੰਤ ਸਿੰਘ ਅੜੇ ਰਹੇ।ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਆਪਣੇ ਅਧਿਕਾਰੀ ਨੂੰ ਕਿਹਾ, ''65 ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਤੁਸੀਂ ਪਸੰਦ ਕਰੋ ਜਾਂ ਨਾ, ਮੈਂ ਅੰਦਰ ਜਾਵਾਂਗਾ।ਤੁਹਾਡੀ ਤੱਸਲੀ ਲਈ, ਮੈਂ ਤੁਸੀਂ ਯਕੀਨ ਦਿਵਾਉਂਦਾ ਹਨ ਕਿ ਮੈਂ ਸਵੇਰੇ ਆਵਾਂਗਾ ਅਤੇ ਤੁਹਾਡੇ ਨਾਲ ਚਾਹ ਪੀਵਾਂਗਾ।''

15 ਨਵੰਬਰ ਦੀ ਅੱਧੀ ਰਾਤ, ਜਸਵੰਤ ਸਿੰਘ ਗਿੱਲ ਆਪ ਕੈਪਸੂਲ 'ਵਿਚ ਵੜ ਕੇ ਖਾਨ 'ਵਿਚ ਦਾਖ਼ਲ ਹੋਏ ਅਤੇ ਪਹਿਲੇ ਬੰਦੇ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋਏ।ਉਨ੍ਹਾਂ ਨੂੰ ਪਤਾ ਲੱਗਾ ਕਿ 6 ਮਜ਼ਦੂਰਾਂ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋ ਚੁੱਕੀ ਸੀ ਅਤੇ ਹੁਣ 65 ਮਜ਼ਦੂਰ ਜ਼ਿੰਦਾ ਸਨ।ਉਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਖਮੀਆਂ ਅਤੇ ਬਿਮਾਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਅਤੇ ਸਭ ਨੂੰ ਇਹ ਭਰੋਸਾ ਦਿੱਤਾ ਕਿ ਉਹ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਆਪ ਅਖੀਰ ਵਿੱਚ ਬਾਹਰ ਨਿਕਲਣਗੇ।

ਸ਼ੁਰੂ ਵਿੱਚ ਕੈਪਸੂਲ ਨੂੰ ਮਾਨਵੀ ਮਦਦ ਨਾਲ ਆਪਰੇਟ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇੱਕ ਵਿਅਕਤੀ ਨੂੰ ਕੱਢਣ ਵਿੱਚ 22 ਮਿੰਟ ਦਾ ਸਮਾਂ ਲੱਗ ਰਿਹਾ ਸੀ।ਬਾਅਦ ਵਿੱਚ ਉਸ ਨੂੰ ਬਿਜਲੀ ਦੀ ਮਦਦ ਨਾਲ ਆਪਰੇਟ ਕੀਤਾ ਜਾਣ ਲੱਗਾ ਅਤੇ ਇੱਕ ਵਿਅਕਤੀ ਨੂੰ ਕੱਢਣ ਦਾ ਸਮਾਂ 22 ਮਿੰਟ ਤੋਂ ਘਟ ਕੇ ਮਹਿਜ਼ 4 ਮਿੰਟ ਰਹਿ ਗਿਆ।ਅਗਲੇ ਦਿਨ ਸਵੇਰੇ ਸਾਢੇ ਅੱਠ ਵਜੇ, ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਗਿੱਲ ਆਪ ਖਾਨ ਵਿਚੋਂ ਬਾਹਰ ਆਏ।

ਉਨ੍ਹਾਂ ਦੇ ਪੁੱਤਰ ਮੁਤਾਬਕ, ਉਦੋਂ ਤੋਂ ਹੀ ਜਸਵੰਤ ਸਿੰਘ ਦਾ ਨਾਂ 'ਹੀਰੋ ਆਫ਼ ਰਾਨੀਗੰਜ ਅਤੇ 'ਕੈਪਸੂਲ ਗਿੱਲ' ਪੈ ਗਿਆ।ਉਨ੍ਹਾਂ ਦੀ ਇਸ ਬਹਾਦਰੀ ਲਈ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਸਰਵੋਤਮ ਜੀਵਨ ਰੱਖਿਆ ਐਵਾਰਡ' ਸਨਮਾਨ ਨਾਲ ਨਵਾਜ਼ਿਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ।ਡਾਕਟਰ ਸਰਪ੍ਰੀਤ ਸਿੰਘ ਗਿੱਲ ਦੱਸਦੇ ਹਨ ਕਿ ਜਿਸ ਵੇਲੇ ਇਹ ਸਭ ਚੱਲ ਰਿਹਾ ਸੀ ਉਨ੍ਹਾਂ ਦੇ ਪਰਿਵਾਰ ਨੂੰ ਚਾਰ ਦਿਨਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।ਉਨ੍ਹਾਂ ਨੂੰ ਚਾਰ ਦਿਨ ਬਾਅਦ, ਦਿੱਲੀ ਤੋਂ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਅੱਜ ਦੂਰਦਰਸ਼ਨ ਟੀਵੀ 'ਤੇ ਜਸਵੰਤ ਸਿੰਘ ਨੂੰ ਦਿਖਾਉਣਗੇ।

ਸਰਪ੍ਰੀਤ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਟੀਵੀ 'ਤੇ ਜਸਵੰਤ ਸਿੰਘ ਨੂੰ ਇੱਕ ਕੈਪਸੂਲ ਵਿੱਚ ਜਾਂਦੇ ਦੇਖਿਆ ਤਾਂ ਉਨ੍ਹਾਂ ਦੇ ਦਾਦੀ ਜੀ ਨੇ ਘਬਰਾ ਕਿ ਕਿਹਾ ਕਿ ''ਓਏ...ਇਹ ਜਸਵੰਤ ਕਿੱਥੇ ਜਾ ਰਿਹਾ ਹੈ, ਇਸ ਨੂੰ ਰੋਕੋ।''ਇਸ ਆਪ੍ਰੇਸ਼ਨ ਤੋਂ ਕੁਝ ਮਹੀਨੇ ਬਾਅਦ ਜਦੋਂ ਜਸਵੰਤ ਆਪਣੇ ਸ਼ਹਿਰ ਅੰਮ੍ਰਿਤਸਰ ਪਰਤੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸਟੇਸ਼ਨ ਤੋਂ ਢੋਲੀਆਂ ਨਾਲ ਉਨ੍ਹਾਂ ਨੂੰ ਘਰ ਤੱਕ ਲਿਆਂਦਾ ਗਿਆ।ਬੰਗਾਲ ਦੇ ਲੋਕਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਗਿਆ।ਪਰਿਵਾਰ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਕੋਲ ਇੰਡੀਆ ਵੱਲੋਂ ਇੱਕ ਲੱਖ ਰੁਪਏ ਦਾ ਕੈਸ਼ ਇਨਾਮ ਦਿੱਤਾ ਜਾਵੇਗਾ।ਹਾਲਾਂਕਿ, ਪਰਿਵਾਰ ਦਾ ਦਾਅਵਾ ਹੈ ਕਿ ਉਹ ਰਾਸ਼ੀ ਅੱਜ ਤੱਕ ਨਹੀਂ ਮਿਲੀ।

ਡਾਕਟਰ ਸਰਪ੍ਰੀਤ ਗਿੱਲ ਮੁਤਾਬਕ, ਥਾਈਲੈਂਡ ਵਿੱਚ ਵੀ ਇੱਕ ਅਜਿਹੇ ਹਾਦਸੇ ਦੌਰਾਨ ਵੀ ਉਨ੍ਹਾਂ ਨੇ ਇੱਕ ਤਕਨੀਕ ਦੱਸੀ ਸੀ।ਇਸੇ ਤਰ੍ਹਾਂ ਮੇਘਾਲਿਆ ਵਿੱਚ ਵਿੱਚ ਵੀ ਅਜਿਹੇ ਹਾਦਸੇ ਦੌਰਾਨ ਉਨ੍ਹਾਂ ਤੋਂ ਮਦਦ ਮੰਗੀ ਗਈ ਸੀ।26 ਨਵੰਬਰ 2019 ਨੂੰ ਜਸਵੰਤ ਸਿੰਘ ਦਾ ਦੇਹਾਂਤ ਹੋ ਗਿਆ।