ਜੱਗੀ ਜੋਹਲ ਸਮੇਤ ਬਾਕੀਆਂ ਨੂੰ ਦਿੱਲੀ ਤਬਦੀਲ ਕਰਨ ਦੀ ਤਿਆਰੀ, ਵਕੀਲ ਨੇ ਦੱਸਿਆ ਨੌਜਵਾਨਾਂ ਦੀ ਜਾਨ ਨੂੰ ਹੈ ਖਤਰਾ

ਜੱਗੀ ਜੋਹਲ ਸਮੇਤ ਬਾਕੀਆਂ ਨੂੰ ਦਿੱਲੀ ਤਬਦੀਲ ਕਰਨ ਦੀ ਤਿਆਰੀ, ਵਕੀਲ ਨੇ ਦੱਸਿਆ ਨੌਜਵਾਨਾਂ ਦੀ ਜਾਨ ਨੂੰ ਹੈ ਖਤਰਾ

ਚੰਡੀਗੜ੍ਹ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਭਾਰਤ ਦੀ ਕੌਮੀ ਜਾਂਚ ਅਜੈਂਸੀ ਦੀ ਅਪੀਲ 'ਤੇ ਫੈਂਸਲਾ ਕਰਦਿਆਂ ਪੰਜਾਬ ਦੇ ਮਾਮਲਿਆਂ ਨੂੰ ਦਿੱਲੀ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਜਾਂਚ ਅਜੈਂਸੀ ਵੱਲੋਂ 2016 ਅਤੇ 2017 ਵਿੱਚ ਪੰਜਾਬ ਅੰਦਰ ਹੋਏ ਕੁਝ ਕਤਲ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਬਰਤਾਨੀਆ ਦੇ ਜੰਮਪਲ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ ਅਤੇ ਹਰੀਦਪ ਸਿੰਘ ਸ਼ੇਰਾ ਸਮੇਤ ਕੁਝ ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 

ਭਾਰਤ ਦੀ ਜਾਂਚ ਅਜੈਂਸੀ ਵੱਲੋਂ ਪਾਈ ਇਸ ਅਪੀਲ 'ਤੇ ਮਹਿਜ਼ 3 ਮਿੰਟ ਸੁਣਵਾਈ ਹੋਈ ਤੇ ਇਸ ਥੋੜੇ ਜਿਹੇ ਸਮੇਂ ਵਿਚ ਹੀ ਅਦਾਲਤ ਨੇ ਮਾਮਲਿਆ ਦੀ ਪੰਜਾਬ ਤੋਂ ਦਿੱਲੀ ਤਬਦੀਲੀ ਦੇ ਹੁਕਮ ਸੁਣਾ ਦਿੱਤੇ। ਇਸ ਅਪੀਲ 'ਤੇ ਇਹ ਫੈਂਸਲਾ ਜੱਜ ਜੇ. ਅਰੁਨ ਮਿਸ਼ਰਾ ਅਤੇ ਜੇ. ਨਵੀਨ ਸਿਨਹਾ ਦੇ ਮੇਜ ਨੇ ਦਿੱਤਾ। 

ਪੰਜਾਬ ਵਿੱਚ ਇਹਨਾਂ ਮਾਮਲਿਆਂ 'ਚ ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਪਰੋਕਤ ਦੋਵਾਂ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਉੱਘੇ ਵਕੀਲ ਕੋਲਿਨ ਗੋਂਸਾਲਵਿਸ ਨੂੰ ਜੱਜਾਂ ਨੇ ਮਹਿਜ਼ 30 ਸਕਿੰਟ ਆਪਣੀ ਗੱਲ ਰੱਖਣ ਦਾ ਸਮਾਂ ਦਿੱਤਾ। ਇਸ ਦੌਰਾਨ ਉਹਨਾਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਮਾਮਲਿਆਂ ਨੂੰ ਦਿੱਲੀ ਤਬਦੀਲ ਕਰਨ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। 

ਪਰ ਅਦਾਲਤ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦਿਆਂ ਮਹਿਜ਼ 3 ਮਿੰਟ ਦੀ ਜ਼ਰੂਰੀ ਅਦਾਲਤੀ ਕਾਰਵਾਈ ਦੇ ਵਕਫੇ ਵਿਚ ਹੀ ਜਾਂਚ ਅਜੈਂਸੀ ਦੇ ਪੱਖ ਵਿੱਚ ਫੈਂਸਲਾ ਸੁਣਾ ਦਿੱਤਾ। 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫਤਾਰ ਉਪਰੋਕਤ ਨੌਜਵਾਨਾਂ ਨੂੰ ਜੇ ਤਿਹਾੜ ਜੇਲ੍ਹ ਤਬਦੀਲ ਕੀਤਾ ਜਾਂਦਾ ਹੈ ਤਾਂ ਉੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਹਾਲੀ ਦੀ ਐਨਆਈਏ ਅਦਾਲਤ ਨੇ ਜਾਂਚ ਅਜੈਂਸੀ ਦੀ ਇਸ ਜੇਲ੍ਹ ਤਬਦੀਲੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ