ਜਗਦੀਪ ਸਿੰਘ ਬਛੇਰ ਕੈਨੇਡਾ ਦੀ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ

ਜਗਦੀਪ ਸਿੰਘ ਬਛੇਰ ਕੈਨੇਡਾ ਦੀ  ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਓਨਟਾਰੀਓ- ਭਾਰਤੀ ਮੂਲ ਦੇ ਜਗਦੀਪ ਸਿੰਘ ਬਛੇਰ ਕੈਨੇਡਾ ਦੀ ਇਕ ਨਾਮੀਂ ਸੰਸਥਾ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ ਕੀਤੇ ਗਏ ਹਨ। ਯੂਨੀਵਰਸਿਟੀ ਆਫ ਵਾਟਰਲੂ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇਕ ਹੈ, ਜਿੱਥੇ ਹਰ ਸਾਲ ਤਕਰੀਬਨ 42,000 ਦੇ ਕਰੀਬ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਵਾਟਰਲੂ ਯੂਨੀਵਰਸਿਟੀ ਐਕਸਪੈਰੀਮੈਂਟਲ ਲਰਨਿੰਗ ਲਈ ਕੈਨੇਡਾ 'ਚ ਪਹਿਲੇ ਨੰਬਰ ਦੀ ਯੂਨੀਵਰਸਿਟੀ ਮੰਨੀ ਜਾਂਦੀ ਹੈ।

ਜਗਦੀਪ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਵਾਟਰਲੂ ਯੂਨੀਵਰਸਿਟੀ ਤੋਂ ਹੀ ਬੈਚਲਰ ਆਫ ਐਪਲਾਈਡ ਸਾਇੰਸ, ਮੈਨੇਜਮੈਂਟ ਸਾਇੰਸ, ਪੀ.ਐੱਚ.ਡੀ. ਮੈਨੇਜਮੈਂਟ ਸਾਇੰਸ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਗਦੀਪ ਸਿੰਘ ਬਛੇਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੁੱਖ ਨਿਵੇਸ਼ ਅਧਿਕਾਰੀ ਅਤੇ ਉਪ ਪ੍ਰਧਾਨ ਵੀ ਹਨ, ਜਿੱਥੇ ਉਹ 164 ਬਿਲੀਅਨ ਡਾਲਰ ਦੇ ਨਿਵੇਸ਼ ਪੋਰਟਫੋਲੀਓ ਦੀ ਨਿਗਰਾਨੀ ਕਰਦੇ ਹਨ। ਚਾਂਸਲਰ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ, ਉਹ ਯੂਨੀਵਰਸਿਟੀ ਦੇ ਮੁਖੀ ਵਜੋਂ ਸੰਸਥਾ ਲਈ ਇੱਕ ਮੁੱਖ ਅੰਬੈਸਡਰ ਹੋਣਗੇ। ਵਾਟਰਲੂ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਟਰਲੂ ਯੂਨੀਵਰਸਿਟੀ ਦੇ ਮਿਸ਼ਨ ਨੂੰ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਾਉਣਗੇ। ਉਹ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹਾਂ ਦੀ ਪ੍ਰਧਾਨਗੀ, ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਦੇ ਨਜ਼ਰ ਆਉਣਗੇ ਅਤੇ ਭਾਈਚਾਰੇ ਲਈ ਉਹ ਇੱਕ ਪ੍ਰੇਰਨਾ ਸਰੋਤ ਵਜੋਂ ਕੰਮ ਕਰਨਗੇ।